ਪੈਂਟਾਗਨ ਲੀਕਸ ਬਾਬਤ ਕੁਝ ਗੱਲਾਂ
ਨਵਜੋਤ ਨਵੀ
ਪੂਰੀ ਦੁਨੀਆ ਵਿਚ ‘ਪੈਂਟਾਗਨ ਲੀਕਸ’ ਭਖਵੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੈਂਟਾਗਨ ਅਮਰੀਕਾ ਦੇ ਰੱਖਿਆ ਵਿਭਾਗ ਦੇ ਸਦਰ ਮੁਕਾਮ ਦਾ ਨਾਮ ਹੈ; ਆਮ ਕਰ ਕੇ ਇਸ ਦੇ ਰੱਖਿਆ ਵਿਭਾਗ ਨੂੰ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ। ਹਾਲ ਹੀ ਵਿਚ ਅਮਰੀਕਾ ਦੇ ਰੱਖਿਆ ਵਿਭਾਗ ਦੀਆਂ ਜਾਸੂਸੀ ਕਾਰਵਾਈਆਂ ਸਬੰਧੀ ਕਰੀਬ 100 ਪੰਨਿਆਂ ਦੇ ਦਸਤਾਵੇਜ਼ ਇੰਟਰਨੈੱਟ ਉੱਤੇ ਨਸ਼ਰ ਹੋਏ ਹਨ ਜਿਸ ਨੇ ਅਮਰੀਕੀ ਹਾਕਮਾਂ ਲਈ ਕਾਫੀ ਦਿੱਕਤ ਪੈਦਾ ਕਰ ਦਿੱਤੀ ਹੈ। ਇਸੇ ਘਟਨਾ ਨੂੰ ‘ਪੈਂਟਾਗਨ ਲੀਕਸ’ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਲੀਕ ਪਿੱਛੇ 21 ਸਾਲਾ ਜੈਕ ਟੈਕਸੀਰਾ ਜੋ ਮੈਸੇਚਿਊਸੈਟਸ ਹਵਾਈ ਕੌਮੀ ਰੱਖਿਆ (ਐੱਮਏਐੱਨਜੀ) ਦਾ ਮੈਂਬਰ ਹੈ, ਨੂੰ ਦੋਸ਼ੀ ਦੱਸ ਰਹੀ ਹੈ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਨ੍ਹਾਂ ਦਸਤਾਵੇਜ਼ਾਂ ਰਾਹੀਂ ਅਮਰੀਕਾ ਦੇ ਗੁਪਤ ਅਤੇ ਜਸੂਸੀ ਤੰਤਰ ਬਾਰੇ ਅਜਿਹੀ ਕਾਫੀ ਜਾਣਕਾਰੀ ਸਾਹਮਣੇ ਆਉਂਦੀ ਹੈ ਜੋ ਅਮਰੀਕੀ ਹਾਕਮਾਂ ਲਈ ਸਮੱਸਿਆਵਾਂ ਪੈਦਾ ਕਰ ਰਹੀ ਹੈ। ਅਮਰੀਕੀ ਹਾਕਮਾਂ ਵੱਲੋਂ ਵੱਖੋ-ਵੱਖ ਸਮੇਂ ਉੱਤੇ ਕੀਤੇ ਦਾਅਵੇ, ਖਾਸਕਰ ਯੂਕਰੇਨ ਜੰਗ, ਹੋਰਾਂ ਦੇਸ਼ਾਂ ਨਾਲ਼ ਦੁਵੱਲੇ ਰਿਸ਼ਤੇ ਸਬੰਧੀ ਆਦਿ ਇਹਨਾਂ ਦਸਤਾਵੇਜ਼ਾਂ ਵਿਚ ਕੋਰਾ ਝੂਠ ਸਾਬਤ ਹੋ ਰਹੇ ਹਨ। ਇੱਥੇ ਅਸੀਂ ‘ਪੈਂਟਾਗਨ ਲੀਕਸ’ ਸਬੰਧੀ ਕੁਝ ਨੁਕਤਿਆਂ ’ਤੇ ਗੱਲ ਕਰਾਂਗੇ।
ਯੂਕਰੇਨ ਜੰਗ ਬਾਰੇ
ਇਹਨਾਂ ਪੈਂਟਾਗਨ ਲੀਕਸ ਨਾਲ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਕਿ ਯੂਕਰੇਨ-ਰੂਸ ਜੰਗ ਤੱਤ ਵਿਚ ਅਮਰੀਕਾ (ਨਾਟੋ)-ਰੂਸ ਦੀ ਅੰਤਰ ਸਾਮਰਾਜੀ ਜੰਗ ਹੀ ਹੈ; ਭਾਵ, ਜੋ ਲੋਕ ਸਚਾਈ ਤੋਂ ਅੱਖਾਂ ਫੇਰੀ ਬੈਠੇ ਸਨ ਜਾਂ ਜਾਣ ਬੁੱਝ ਕੇ ਝੂਠ ਪ੍ਰਚਾਰ ਰਹੇ ਸਨ, ਉਹਨਾਂ ਦੇ ਵੱਡੇ ਹਿੱਸੇ ਨੂੰ ਇਹ ਤੱਥ ਕਬੂਲਣ ਲਈ ਮਜਬੂਰ ਹੋਣਾ ਪਿਆ ਹੈ। ਇਹ ਦਸਤਾਵੇਜ਼ ਅਮਰੀਕਾ ਦੇ ਅਜਿਹੇ ਦਾਅਵਿਆਂ ਨੂੰ ਝੁਠਲਾਉਂਦੇ ਹਨ ਕਿ ਸ਼ੁਰੂ ਵਿਚ ਜਾਂ ਹੁਣ ਵੀ ਅਮਰੀਕਾ ਨੇ ਇਸ ਜੰਗ ਤੋਂ ਇੱਕ ਖਾਸ ਹੱਦ ਦੀ ਦੂਰੀ ਬਣਾਈ ਰੱਖੀ। ਨਾ ਸਿਰਫ ਅਮਰੀਕਾ (ਤੇ ਨਾਟੋ) ਵੱਲੋਂ ਦਿੱਤੇ ਹਥਿਆਰ ਹੀ ਯੂਕਰੇਨ ਦੇ ਫੌਜੀਆਂ ਦੇ ਹੱਥ ਹਨ ਸਗੋਂ ਯੂਕਰੇਨ ਦੇ ਫੌਜੀ ਅਫਸਰਾਂ ਨੂੰ ਸ਼ੁਰੂ ਤੋਂ ਹੀ ਅਮਰੀਕੀ ਅਫਸਰ ਯੁੱਧਨੀਤੀ ਸਬੰਧੀ ਯੋਜਨਾ ਬਣਾ ਕੇ ਦਿੰਦੇ ਰਹੇ ਹਨ। ਪੈਂਟਾਗਨ ਲੀਕਸ ਦਾ ਵਿਸ਼ਲੇਸ਼ਣ ਕਰਨ ਤੋਂ ਮਗਰੋਂ ਕਈ ਮੁੱਖਧਾਰਾ ਮੀਡੀਆ ਤੇ ਚਿੰਤਕਾਂ ਨੇ ਵੀ ਆਪਣਾ ਰੁਖ਼ ਬਦਲਿਆ ਹੈ ਤੇ ਇਹ ਕਹਿਣ ਲਈ ਮਜਬੂਰ ਹੋਏ ਹਨ ਕਿ ਅਸਲ ਵਿਚ ਇਹ ਨਾਟੋ-ਰੂਸ ਜੰਗ ਹੀ ਹੈ ਜੋ ਨਾਟੋ ਯੂਕਰੇਨ ਦੀ ਧਰਤੀ ਉੱਤੇ ਆਪਣੇ ਸਾਜ਼ੋ-ਸਮਾਨ, ਆਪਣੀ ਯੁੱਧਨੀਤੀ ਰਾਹੀਂ ਆਪਣੇ ਹਿੱਤਾਂ ਲਈ ਲੜ ਰਿਹਾ ਹੈ। ਅਮਰੀਕਾ ਅਤੇ ਨਾਟੋ ਦੀ ਮਦਦ ਸਦਕਾ ਹੀ ਯੂਕਰੇਨ ਇੰਨਾ ਸਮਾਂ ਟਿੱਕ ਸਕਿਆ ਹੈ।
ਇਸ ਤੋਂ ਵੀ ਜ਼ਰੂਰੀ ਗੱਲ ਲੀਕ ਹੋਏ ਇਹਨਾਂ ਦਸਤਾਵੇਜਾਂ ਰਾਹੀਂ ਇਹ ਸਾਹਮਣੇ ਆਈ ਹੈ ਕਿ ਅਸਲ ਵਿਚ ਅਮਰੀਕੀ ਹਾਕਮਾਂ ਖਾਸਕਰ ਫੌਜੀ ਅਫਸਰਾਂ ਦਾ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਯੂਕਰੇਨ ਦੀ ਹਾਲਤ ਜੰਗ ਵਿਚ ਕਾਫੀ ਕਮਜ਼ੋਰ ਹੈ। ਬਾਇਡਨ ਤੇ ਅਮਰੀਕੀ ਹਾਕਮਾਂ ਵੱਲੋਂ ਇੱਕ ਪਾਸੇ ਜਨਤਕ ਤੌਰ ਉੱਤੇ ਇਹ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਯੂਕਰੇਨ ਇਸ ਜੰਗ ਵਿਚ ਅੱਗੇ ਵਧ ਰਿਹਾ ਹੈ, ਰੂਸੀ ਫੌਜਾਂ ਕਾਫੀ ਭੈੜੀ ਹਾਲਤ ਵਿਚ ਹਨ, ਜਲਦ ਹੀ ਯੂਕਰੇਨ ਵਿਰੋਧੀ ਹਮਲੇ ਲਈ ਤਿਆਰ ਹੋਵੇਗਾ; ਅਸਲ ਹਾਲਤ ਇਹ ਸੀ ਕਿ ਅਮਰੀਕਾ ਦੇ ਫੌਜੀ ਅਫਸਰ ਆਪਣੀਆਂ ਗੁਪਤ ਰਿਪੋਰਟਾਂ ਵਿਚ ਲਿਖ ਰਹੇ ਸਨ ਕਿ ਜੰਗ ਵਿਚ ਨਾਟੋ ਧੜੇ ਦੀ ਹਾਲਤ ਕਾਫੀ ਪਤਲੀ ਹੈ!
ਯੂਕਰੇਨ ਜੰਗ ਵਿਚ ਪਤਲੀ ਹਾਲਤ ਦੇ ਨਾਲ ਨਾਲ ਇਹਨਾਂ ਦਸਤਾਵੇਜ਼ਾਂ ਰਾਹੀਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਪ੍ਰਭਾਵ ਵਾਲੇ ਕੁਝ ਦੇਸ਼ਾਂ ਵਿਚ ਚੀਨ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਹੋ ਰਿਹਾ ਹੈ ਤੇ ਨਾਲ ਇਹਨਾਂ ਵਿਚੋਂ ਕੁਝ ਦੇਸ਼ਾਂ ਦੇ ਹਾਕਮ ਅਮਰੀਕਾ ਦੇ ਹਾਕਮਾਂ ਦੇ ਹਿੱਤਾਂ ਤੋਂ ਬਾਹਰੀ ਹੋ ਕੇ ਕੌਮਾਂਤਰੀ ਨੀਤੀਆਂ ਬਣਾ ਰਹੇ ਹਨ। ਅਮਰੀਕੀ ਸਾਮਰਾਜ ਦੀ ਕੁਝ ਖੇਤਰਾਂ ਵਿਚ ਘਟ ਰਹੇ ਪ੍ਰਭਾਵ ਉੱਤੇ ਵੀ ਇਹ ਦਸਤਾਵੇਜ਼ ਮੋਹਰ ਲਾਉਂਦੇ ਹਨ।
ਅਮਰੀਕਾ ਦਾ ਵਿਸ਼ਾਲ ਜਸੂਸੀ ਤੰਤਰ
ਪੈਂਟਾਗਨ ਲੀਕਸ ਰਾਹੀਂ ਇੱਕ ਹੋਰ ਗੱਲ ਵਧੇਰੇ ਨੰਗੇ ਚਿੱਟੇ ਰੂਪ ਵਿਚ ਸਾਹਮਣੇ ਆਈ ਹੈ ਜੋ ਅਮਰੀਕਾ ਦਾ ਵਿਸ਼ਾਲ ਜਸੂਸੀ ਤੰਤਰ ਹੈ। ਇਹ ਕੋਈ ਬਿਲਕੁਲ ਨਵਾਂ ਤੱਥ ਨਹੀਂ ਕਿਉਂਕਿ ਪਹਿਲਾਂ ਨਸ਼ਰ ਹੋਏ ਅਜਿਹੇ ਦਸਤਾਵੇਜ਼ਾਂ ਆਦਿ ਦੇ ਆਧਾਰ ਉੱਤੇ ਵੀ ਕਈ ਵਿਚਾਰਵਾਨਾਂ, ਲੇਖਕਾਂ ਨੇ ਇਸ ਬਾਰੇ ਕਾਫੀ ਸਮੱਗਰੀ ਮੁਹੱਈਆ ਕਰਾਈ ਸੀ ਪਰ ਪੈਂਟਾਗਨ ਲੀਕਸ ਨੇ ਲਾਜ਼ਮੀ ਹੀ ਪਹਿਲਾਂ ਹਾਸਲ ਜਾਣਕਾਰੀ ਹੋਰ ਪੁਖਤਾ ਕੀਤੀ ਹੈ। ਇਸ ਰਾਹੀਂ ਇਹ ਸਾਫ ਹੋ ਚੁੱਕਿਆ ਹੈ ਕਿ ਪੂਰੀ ਦੁਨੀਆ ਵਿਚ ਹੀ ਅਮਰੀਕਾ ਦਾ ਜਸੂਸੀ ਤੰਤਰ ਕਿੰਝ ਡੂੰਘੀ ਤਰ੍ਹਾਂ ਧੱਸਿਆ ਹੋਇਆ ਹੈ। ਪੈਂਟਾਗਨ ਕੋਲ ਨਾ ਸਿਰਫ ਵਿਰੋਧੀ ਧੜੇ ਦੇ ਦੇਸ਼ਾਂ ਸਗੋਂ ਇਸ ਦੇ ਖੇਮੇ ਦੇ ਦੇਸ਼ਾਂ ਦੇ ਅੰਦਰੂਨੀ ਹਾਲਾਤ, ਸਿਆਸਤਦਾਨਾਂ, ਮੰਤਰੀ ਮੰਡਲਾਂ, ਫੌਜ, ਜਸੂਸੀ ਤੰਤਰ ਆਦਿ ਬਾਰੇ ਕਾਫੀ ਵਿਆਪਕ ਜਾਣਕਾਰੀ ਰਹਿੰਦੀ ਹੈ ਤੇ ਅਜਿਹੀਆਂ ਹਾਲਾਤ ਨੂੰ ਸਮੇਂ ਸਮੇਂ ਉੱਤੇ ਅਮਰੀਕਾ ਆਪਣੇ ਹਿੱਤਾਂ ਦੀ ਰਾਖੀ ਲਈ ਵਰਤਦਾ ਵੀ ਰਹਿੰਦਾ ਹੈ। ਦੱਖਣੀ ਕੋਰੀਆ ਜਿਹੇ ਕੁਝ ਦੇਸ਼ ਜੋ ਅਮਰੀਕਾ ਦੇ ਖੇਮੇ ਵਿਚ ਹਨ, ਇਸ ਗੱਲ ਬਾਰੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕਰ ਰਹੇ ਹਨ ਕਿ ਅਮਰੀਕਾ ਦੇ ਜਸੂਸੀ ਤੰਤਰ ਕੋਲ ਉਹਨਾਂ ਦੇ ਦੇਸ਼ ਸਬੰਧੀ ਕਾਫੀ ਅੰਦਰਲੀ ਜਾਣਕਾਰੀ ਮੌਜੂਦ ਹੈ।
ਪੈਂਟਾਗਨ ਲੀਕਸ ਅਤੇ ਜਸੂਸੀ ਤੰਤਰ
ਪਿਛਲੇ ਦਹਾਕੇ ਅੰਦਰ ਕਈ ਮੁੱਖਧਾਰਾ ਵਿਚਾਰਵਾਨਾਂ ਨੇ ਅਜਿਹੇ ਵਿਚਾਰ ਪੇਸ਼ ਕੀਤੇ ਕਿ ਆਧੁਨਿਕ ਜਸੂਸੀ ਤੰਤਰ ਕਰ ਕੇ ਹੁਣ ਲੋਕ ਲਹਿਰਾਂ ਦਾ ਜ਼ਮਾਨਾ ਗੁਜ਼ਰ ਚੁੱਕਾ ਹੈ; ਕਿ ਤਾਕਤਵਰ ਜਸੂਸੀ ਤੰਤਰ ਕਰ ਕੇ ਕਿਸੇ ਵੀ ਲੋਕ ਲਹਿਰ ਦਾ ਸਫਲ ਹੋਣਾ ਸੰਭਵ ਨਹੀਂ ਹੈ ਕਿਉਂ ਜੋ ਇਸ ਤੰਤਰ ਰਾਹੀਂ ਪਹਿਲਾਂ ਹੀ ਸਾਰੀ ਜਾਣਕਾਰੀ ਹਾਕਮਾਂ ਨੂੰ ਹਾਸਲ ਹੁੰਦੀ ਹੈ ਪਰ ਇਸ ਦੇ ਬਾਵਜੂਦ ਪਿਛਲੇ ਦਹਾਕੇ ਵਿਚ ਕਈ ਲੋਕ ਲਹਿਰਾਂ ਉੱਠੀਆਂ ਜਿਹਨਾਂ ਵਿਚੋਂ ਕਈ ਸਾਮਰਾਜੀ ਦੇਸ਼ਾਂ ਵਿਚ ਵੀ ਸਨ ਤੇ ਆਪਣੇ ਵਿਕਸਤ ਜਸੂਸੀ ਤੰਤਰ ਦੇ ਬਾਵਜੂਦ ਉੱਥੋਂ ਦੇ ਹਾਕਮ ਇਹਨਾਂ ਲਹਿਰਾਂ ਦਾ ਕੁਝ ਵੀ ਵਿਗਾੜਨ ਵਿਚ ਅਸਮਰੱਥ ਰਹੇ। ਇਹ ਇਹਨਾਂ ਜਸੂਸੀ ਤੰਤਰ ਦੇ ‘ਸਰਵ ਸ਼ਕਤੀਮਾਨ’ ਹੋਣ ਉੱਤੇ ਵੱਡਾ ਸਵਾਲੀਆ ਨਿਸ਼ਾਨ ਸੀ। ਹੁਣ ਪੈਂਟਾਗਨ ਲੀਕਸ ਅਤੇ ਸਮੇਂ ਸਮੇਂ ਉੱਤੇ ਨਸ਼ਰ ਹੁੰਦੇ ਅਜਿਹੇ ਹੋਰ ਦਸਤਾਵੇਜ਼ ਸਾਫ ਦਰਸਾਉਂਦੇ ਹਨ ਕਿ ਇਹ ਜਸੂਸੀ ਤੰਤਰ ਕੋਈ ਅਭੇਤ, ਅਜਿੱਤ ਤਾਕਤ ਨਹੀਂ ਸਗੋਂ ਮਨੁੱਖੀ ਦਖਲਅੰਦਾਜ਼ੀ ਰਾਹੀਂ ਦੁਨੀਆ ਦੇ ਵਿਕਸਿਤ ਤੋਂ ਵਿਕਸਿਤ ਜਸੂਸੀ ਤੰਤਰ ਦੇ ਜ਼ਰੂਰੀ ਦਸਤਾਵੇਜ਼ ਵੀ ਨਸ਼ਰ ਕੀਤੇ ਗਏ ਹਨ। ਅਜਿਹੇ ਮੌਕਿਆਂ ਉੱਤੇ ਇਹਨਾਂ ਦਸਤਾਵੇਜ਼ਾਂ ਵਿਚਲੀ ਸਮੱਗਰੀ ਖੁਦ ਹਾਕਮਾਂ ਦੇ ਹੀ ਗਲ ਦੀ ਹੱਡੀ ਬਣ ਜਾਂਦੀ ਹੈ ਜਿਵੇਂ ਪੈਂਟਾਗਨ ਲੀਕਸ ਵਿਚਲੇ ਦਸਤਾਵੇਜ਼ ਅਮਰੀਕੀ ਹਾਕਮ ਜਮਾਤ ਲਈ ਬਣੇ ਹੋਏ ਹਨ ਕਿਉਂ ਜੋ ਇਸ ਵਿਚ ਰਾਜ ਸੱਤਾ ਦੇ ਕੰਮ ਢੰਗ ਦੀ ਅਹਿਮ ਜਾਣਕਾਰੀ ਵੀ ਸਾਹਮਣੇ ਆ ਜਾਂਦੀ ਹੈ। ਪੈਂਟਾਗਨ ਲੀਕਸ ਸਿਰਫ ਆਧੁਨਿਕ ਸਰਮਾਏਦਾਰਾ ਸਮਾਜ ਦੇ ਜਸੂਸੀ ਤੰਤਰ, ਰਾਜ ਤੰਤਰ ਦੀ ਤਾਕਤ, ਵਿਆਪਕ ਜਾਲ ਨੂੰ ਹੀ ਨਹੀਂ ਪ੍ਰਗਟਾਉਂਦੇ ਸਗੋਂ ਇਹ ਇਸ ਦੇ ਜਸੂਸੀ ਤੰਤਰ ਦੀ ਕਮਜ਼ੋਰੀ ਤੇ ਖੁਦ ਇਸ ਪੂਰੇ ਢਾਂਚੇ ਦੀ ਜਰਜਰ ਹਾਲਤ, ਇਸ ਦੇ ਵੇਲਾ ਵਿਹਾ ਚੁੱਕੇ ਹੋਏ ਦਾ ਵੀ ਸਬੂਤ ਹਨ।
ਸੰਪਰਕ: 85578-12341