ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਵਿਤਾਵਾਂ

04:03 AM May 08, 2025 IST
featuredImage featuredImage

ਅੱਜ ਦਾ ਮਾਹੌਲ

ਹਰਪ੍ਰੀਤ ਪੱਤੋ
ਸਾਰੀ ਦੁਨੀਆ ਵਿੱਚ ਹਲਚਲ ਮੱਚੀ,
ਕਿੱਥੋਂ ਮਿਲਣਾ ਸ਼ਾਂਤ ਮਾਹੌਲ ਬਾਬਾ।
ਕਿਧਰੇ ਲੜਾਈਆਂ ਤੇ ਲੱਗਣ ਧਰਨੇ,
ਕਿਵੇਂ ਹੋਣਾ ਇਨ੍ਹਾਂ ’ਤੇ ਕੰਟਰੋਲ ਬਾਬਾ।

Advertisement

ਆਪੋ ਧਾਪ ਜਨਤਾ ਹੈ ਹੋਈ ਫਿਰਦੀ,
ਪੈਣ ਸੋਚ ਕਲੇਜੇ ਹੌਲ ਬਾਬਾ।
ਇਹੀ ਹਾਲ ਘਰਾਂ ਵਿੱਚ ਹੋਇਆ,
ਕੀਤੇ ਪੁਰਾਣੇ ਘਰੀਂ ਜੋ ਕੌਲ ਬਾਬਾ।

ਨੂੰਹ ਸੱਸ ਆਪਸ ’ਚ ਖਹੀ ਜਾਵਣ,
ਗੱਲ ਰਹੀਆਂ ਨਾ ਕਿਸੇ ਦੀ ਗੌਲ ਬਾਬਾ।
ਜੋ ਘਰ ਅੰਦਰ ਹੈ ਸਮਾਜ ਅੰਦਰ,
ਜਾਂਦੇ ਖ਼ੂਨ ਲੋਕਾਂ ਦੇ ਖੌਲ ਬਾਬਾ।

Advertisement

ਆਮ ਖ਼ਾਸ ਅੰਦਰੀਂ ਸਾਰੇ ਰੋਈ ਜਾਂਦੇ,
ਘਰੋਂ ਨਿਕਲ ਕਰਨ ਮਖੌਲ ਬਾਬਾ।
ਜੀਹਨੂੰ ਨਾ ਵੇਖ, ਪੱਤੋ, ਉਹੀ ਸੁਖੀ ਲੱਗੇ,
ਚੋਰੀ ਪਾਉਂਦੇ ਭੌਣਾਂ ’ਤੇ ਚੌਲ ਬਾਬਾ।
ਸੰਪਰਕ: 94658-21417
* * *

ਮਾਨਵਤਾ ਦਾ ਘਾਣ

ਰਾਜਬੀਰ ਮੱਤਾ
ਮਾਨਵਤਾ ਦਾ ਘਾਣ ਹੋ ਰਿਹਾ
ਹਰ ਥਾਂ ਹੀ ਸ਼ਮਸ਼ਾਨ ਹੋ ਰਿਹਾ।

ਲੋਕ ਲੋਕਾਈ ਸਮਝ ਨਾ ਆਵੇ
ਹਰ ਬੰਦਾ ਬੇਈਮਾਨ ਹੋ ਰਿਹਾ।

ਟੁੱਟਦੇ ਘਰ, ਤਿੜਕਦੇ ਸੁਪਨੇ
ਕਿਰਤੀ ਹੁਣ ਪ੍ਰੇਸ਼ਾਨ ਹੋ ਰਿਹਾ।

ਇਹ ਆਉਂਦੇ-ਜਾਂਦੇ ਰਾਹੀਂ ਪੁੱਛਣ
ਕਿਉਂ ਰਸਤਾ ਬੇਜਾਨ ਹੋ ਰਿਹਾ।

ਪੰਛੀਆਂ ਤਾਈਂ ਰੁੱਖ ਨਾ ਲੱਭਣ
ਕੁਦਰਤ ਦਾ ਅਪਮਾਨ ਹੋ ਰਿਹਾ।

ਰਿਸ਼ਤਿਆਂ ਦੀ ਥਾਂ ਸਿੱਕੇ ਪੂਜੇ
ਬੰਦਾ ਸਵਾਰਥਵਾਨ ਹੋ ਰਿਹਾ।

ਆਉਂਦਾ ਜਾਂਦਾ ਸਾਹ ਵੀ ਘੁੱਟੇ
ਵਾਤਾਵਰਨ ਕਹਿਰਵਾਨ ਹੋ ਰਿਹਾ।

ਕਦੇ ਘਾੜਤ ਕਦੇ ਬੰਦਾ ਤੱਕੇ
ਰੱਬ ਖ਼ੁਦ ’ਤੇ ਹੈਰਾਨ ਹੋ ਰਿਹਾ।
ਸੰਪਰਕ: 84376-01702
* * *

ਗ਼ਜ਼ਲ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਕਿਸ ਦੀ ਹਰ ਇੱਕ ਹਸਰਤ ਪੂਰੀ ਹੋਈ ਏ?
ਕਿਹੜੇ ਕਿਰਤੀ ਪੱਲੇ ਚੂਰੀ ਹੋਈ ਏ?

ਜੇ ਤੂੰ ਗ਼ਲਤ ਨੂੰ ਗ਼ਲਤ ਵੀ ਕਹਿਣਾ ਚਾਹੇ ਨਾ
ਇਹ ਤਾਂ ਪੂਰੀ ਜੀ ਹਜ਼ੂਰੀ ਹੋਈ ਏ।

ਇਹ ਹੁਸਨ ਵਾਲਿਆਂ ਗੱਲ ਅਸਾਡੀ ਗੌਲੀ ਨਾ
ਕੀ ਆਖਾਂ ਫਿਰ ਇਹ ਮਗ਼ਰੂਰੀ ਹੋਈ ਏ।

ਇੱਕੋ ਘਰ ਵਿੱਚ ਰਹਿ ਕੇ ਦਿਲ ਨਾ ਮਿਲ ਸਕੇ
ਐਨੀ ਵੇਖੋ ਦਿਲ ਵਿੱਚ ਦੂਰੀ ਹੋਈ ਏ।

ਜਿਹੜੀ ਅੱਖ ਨੂੰ ਰਹਿੰਦੀ ਸੀ ਨਿੱਤ ਤਾਂਘ ਮੇਰੀ
ਓਸੇ ਅੱਖ ਵਿੱਚ ਅੱਜ ਕਿਉਂ ਘੂਰੀ ਹੋਈ ਏ?

ਤੂੰ ਵੀ ‘ਦਿਲਬਰ’ ਅੱਧਵਾਟੇ ਹੀ ਮੁੜ ਗਿਆ ਏਂ
ਦੱਸ ਖਾਂ ਤੇਰੀ ਕੀ ਮਜਬੂਰੀ ਹੋਈ ਏ?
ਸੰਪਰਕ: 97816-46008
* * *

ਜੋੜੀ

ਸੋਹਣ ਸਿੰਘ ਬਰਨਾਲਾ
ਇੱਕ ਜੋੜੀ ਮੈਂ ਐਸੀ ਦੇਖੀ, ਇੱਕ ਦੂਜੇ ਲਈ ਹਾਰੇ
ਸੁਫ਼ਨੇ ਵੀ ਉਹ ਜੀਅ ਲੈਂਦੇ ਨੇ, ਤੁਰ ਕੇ ਨਹਿਰ ਕਿਨਾਰੇ।

ਇੱਕ ਜੋੜੀ ਮੈਂ ਐਸੀ ਦੇਖੀ, ਹਰ ਥਾਈਂ ਲੜਦੇ ਰਹਿੰਦੇ
ਸਮਝ ਕਿਸੇ ਨੂੰ ਆਵੇ ਨਾ, ਉਹ ਕਿਉਂ ਦੂਜੇ ਨਾਲ ਖਹਿੰਦੇ।

ਇੱਕ ਜੋੜੀ ਮੈਂ ਐਸੀ ਦੇਖੀ, ਹਰ ਥਾਂ ਹੀ ਰੱਖਣ ਉਲ੍ਹਾਮੇ
ਹਰ ਥਾਂ ਮੱਤਾਂ ਦਿੰਦੇ ਜਾਵਣ, ਆਪਣੀ ਮੱਤ ਨਾ ਸਾਂਭੇ।

ਇੱਕ ਜੋੜੀ ਮੈਂ ਐਸੀ ਦੇਖੀ, ਇੱਕ ਆਵੇ ਇੱਕ ਜਾਵੇ
ਐਸੇ ਦੇਸ਼ ਵਿੱਚ ਵਸਦੇ ਨੇ, ਮਨ ਨੂੰ ਨਾ ਜੋ ਭਾਵੇ।

ਇੱਕ ਜੋੜੀ ਮੈਂ ਐਸੀ ਦੇਖੀ, ਇੱਕ ਪੜ੍ਹਿਆ ਇੱਕ ਅਨਪੜ੍ਹ
ਮੋਹ ਦੇ ਨਾਲ ਹੀ ਲਾ ਲੈਂਦੇ ਜੋ ਪਰਿਵਾਰ ਆਪਣੇ ਦੀ ਜੜ੍ਹ।

ਇੱਕ ਜੋੜੀ ਮੈਂ ਐਸੀ ਦੇਖੀ, ਹਰ ਥਾਂ ਲਾਲ ਹੀ ਰਹਿੰਦੀ
ਬਿਨਾਂ ਗੱਲ ਤੋਂ ਭੜਕ ਉੱਠੇ, ਤੇ ਬਿਨਾਂ ਗੱਲ ਕੁਝ ਕਹਿੰਦੀ।

ਇੱਕ ਜੋੜੀ ਮੈਂ ਐਸੀ ਦੇਖੀ, ਹਰ ਥਾਈਂ ਮੂੰਹ ਜੋ ਮਾਰੇ
ਆਪਣਾ ਸਭ ਕੁਝ ਲੁਕੋਕੇ ਰੱਖਦੀ, ਖਾ ਦੂਜੇ ਦਾ ਸਾਰੇ।

ਇੱਕ ਜੋੜੀ ਮੈਂ ਐਸੀ ਦੇਖੀ, ਚੁੱਪ ਚੁੱਪ ਦਿਨ ਲੰਘਦੇ
ਕੋਈ ਬੁਲਾਵੇ ਬੋਲ ਪੈਂਦੇ, ਨਹੀਂ ਐਵੇਂ ਰਹਿੰਦੇ ਸੰਗਦੇ।

ਇੱਕ ਜੋੜੀ ਮੈਂ ਐਸੀ ਦੇਖੀ, ਸ਼ਬਦ ਗੁਰੂ ਵਿੱਚ ਵੱਸਦੀ
ਚੰਗੇ ਮਾੜੇ ਹਾਲਾਤ ਨੇ ਜੋ ਵੀ, ਉਹ ਹੱਸਦੀ ਦੀ ਹੱਸਦੀ।

ਤੁਸੀਂ ਸੋਚੋ, ਤੁਸੀਂ ਕਿਹੜੀ ਜੋੜੀ, ਕੀ ਤੁਸੀਂ ਹੋ ਕਰਦੇ?
ਇਸ ਸਮਾਜ ਦੀ ਚਹਿਲ ਪਹਿਲ ਵਿੱਚ, ਕਿੱਥੇ ਕੁ ਹੋ ਖੜ੍ਹਦੇ।
ਸੰਪਰਕ: 98554-50557
* * *

ਧੀਆਂ ਦਾ ਗੀਤ

ਰਣਜੀਤ ਆਜ਼ਾਦ ਕਾਂਝਲਾ
ਧੀ ਮਾਪਿਆਂ ਦੀ ਹੁੰਦੀ ਜਿੰਦ ਜਾਨ ਵੇ!
ਇਹ ਸਭ ਜਾਣਦਾ ਹੈ ਕੁੱਲ ਜਹਾਨ ਵੇ!

ਧੀਆਂ ਨੂੰ ਕਦੇ ਵੀ ਦੁਰਕਾਰੋ ਨਾ!
ਧੀਆਂ ਹੁੰਦੀਆਂ ਨੇ ਘਰਾਂ ਦੀਆਂ ਰੌਣਕਾਂ,
ਕੁੱਖਾਂ ’ਚ ਏਦਾਂ ਮਾਰੋ ਨਾ! ... !!

ਧੀ ਮਾਪਿਆਂ ਦਾ ਦੁੱਖ ਵੰਡਾਉਂਦੀ ਹੈ।
ਕੰਡਾ ਚੁਭੇ ਤੇ ਝੱਟ ਭੱਜੀ ਆਉਂਦੀ ਹੈ।
ਕਿਸੇ ਗੱਲੋਂ ਨਾ ਏਹ ਘੱਟ ਹੁੰਦੀਆਂ,
ਜ਼ਿੰਦਗੀ ’ਚ ਕਦੇ ਵੀ ਹਾਰੋ ਨਾ! ... !!!

ਪੜ੍ਹ ਲਿਖ ਕੇ ਅਫ਼ਸਰ ਨੇ ਬਣ ਜਾਂਦੀਆਂ।
ਨਾਂਅ ਮਾਪਿਆਂ ਦਾ ਰੌਸ਼ਨ ਕਰ ਜਾਂਦੀਆਂ।
ਕਿੱਦਾਂ ਸੋਚਦੇ ਹੋ ਕਤਲ ਕਰਨ ਲਈ?
ਭੈੜੇ ਏਹ ਮਨ ਨੂੰ ਜ਼ਰਾ ਲਲਕਾਰੋ ਤਾਂ! ... !!

ਪੁਰਾਣੇ ਰੀਤੀ-ਰਿਵਾਜ ਸਭ ਛੱਡ ’ਦੋ!
ਅਰਲਾਕੋਟ ਵਾਂਗੂੰ ਧਰਤੀ ’ਚ ਗੱਡ ’ਦੋ!
ਧੀ ਜੰਮਣ ’ਤੇ ਰਾਹ ’ਚ ਜੋ ਬਣਦੇ ਨੇ ਰੋੜੇ
ਲੈਣ-ਦੇਣ ਵਾਲੀ ਰੀਤ ਮਨਾਂ ’ਚ ਉਤਾਰੋ ਨਾ! ... !!

ਮਾਤਾ ਖੀਵੀ, ਸੁਲੱਖਣੀ, ਗੁਜਰੀ,
ਮਾਤਾ ਸਾਹਿਬ ਦੇਵਾਂ, ਬੀਬੀ ਭਾਨੀ ਜੀ!
ਕਲਪਨਾ ਚਾਵਲਾ, ਸਰੋਜਨੀ ਨਾਇਡੂ
ਸਦਾ ਗਈ ਹੈ ਜੋ ਸਨਮਾਨੀ ਜੀ।
ਇਹ ਵੀ ਧੀਆਂ ਹਨ (ਸਨ) ਕਿਸੇ ਦੀਆਂ ਮਿੱਤਰੋ।
ਇਨ੍ਹਾਂ ਦੀ ਘਾਲਣਾ ਨੂੰ ਕਦੇ ਵੀ ਵਿਸਾਰੋ ਨਾ! ... !!

‘ਆਜ਼ਾਦ’ ਕਾਂਝਲੇ ਦਾ ਕਰਦਾ ਦੁਆਵਾਂ ਜੀ।
ਸਦਾ ਠੰਢੀਆਂ ਹੀ ਵਗਣ ਹਵਾਵਾਂ ਜੀ।
ਵਸਦੀਆਂ, ਹੱਸਦੀਆਂ ਰਹਿਣ ਸਦਾ
ਕਦੇ ਵੀ ਇਨ੍ਹਾਂ ਨੂੰ ਦੁਰਕਾਰੋ ਨਾ! ... !!
ਸੰਪਰਕ: 95019-77814
* * *

ਗ਼ਜ਼ਲ

ਗੁਰਿੰਦਰ ‘ਪ੍ਰੀਤ’ ਧਾਰੋਵਾਲੀਆ
ਤੇਰੀ ਮਿਹਰ ਦਾ ਫਲ ਮਿਲਿਆ ਏ।
ਜ਼ਿੰਦਗੀ ਜੀਣ ਦਾ ਵੱਲ ਮਿਲਿਆ ਏ।

ਜਦ ਦਾ ਮੈਨੂੰ ਉਹ ਮਿਲਿਆ ਏ
ਹਰ ਮਸਲੇ ਦਾ ਹੱਲ ਮਿਲਿਆ ਏ।

ਉਸਦਾ ਮਿਲਣਾ ਇੰਝ ਮਿਲਿਆ ਕਿ
ਪਿਆਸੇ ਨੂੰ ਜਿਉਂ ਜਲ ਮਿਲਿਆ ਏ।

ਕੀ ਦੱਸਾਂ ਕਿੰਝ ਮਿਲਦਾ ਏ ਉਹ
ਜਦ ਵੀ ਮਿਲਿਆ ਗਲ ਮਿਲਿਆ ਏ।

ਇੱਕ ਕਦਮ ਜੁ ਉਸ ਵੱਲ ਪੁੱਟਿਆ
ਅੱਗੋਂ ਦੀ ਉਹ ਚੱਲ ਮਿਲਿਆ ਏ।

ਇੱਕ ਵਾਰੀ ਮੈਂ ਮਿਲਿਆ ਉਸਨੂੰ
ਫਿਰ ਮੈਨੂੰ ਹਰ ਪਲ ਮਿਲਿਆ ਏ।

ਹੀਰੇ ਮੋਤੀ ਮਿਲੇ ਅਸੰਖਾਂ
ਸਾਗਰ ਦਾ ਵੀ ਤਲ ਮਿਲਿਆ ਏ।

ਏਥੋਂ ਮੈਨੂੰ ਕੁਝ ਨਾ ਮਿਲਿਆ
ਜੇ ਮਿਲਿਆ ਵਲ ਛਲ ਮਿਲਿਆ ਏ।

ਉਸਦਾ ਮਿਲਣਾ ਬੜੀ ਗ਼ਨੀਮਤ
ਅੱਜ ਮਿਲਿਆ ਕਿ ਕੱਲ੍ਹ ਮਿਲਿਆ ਏ।

ਇੰਝ ਗੁਰਿੰਦਰ ਕਿੰਝ ਹੋਇਆ ਕਿ
ਅੰਬਰ ਨੂੰ ਕਿੰਝ ਥਲ ਮਿਲਿਆ ਏ।
ਸੰਪਰਕ: 98142-72293

Advertisement