ਫਿਲਮੀ ਕਲਾਕਾਰਾਂ ਵੱਲੋਂ ਭਾਰਤੀ ਫ਼ੌਜ ਦੀ ਸ਼ਲਾਘਾ
ਨਵੀਂ ਦਿੱਲੀ:
ਅਦਾਕਾਰ ਰਜਨੀਕਾਂਤ, ਅਕਸ਼ੈ ਕੁਮਾਰ, ਅਜੈ ਦੇਵਗਨ, ਅਲੂ ਅਰਜੁਨ ਤੇ ਕੰਗਨਾ ਰਣੌਤ ਸਣੇ ਕਈ ਹੋਰ ਕਲਾਕਾਰਾਂ ਨੇ ਪਹਿਲਗਾਮ ਹਵਾਈ ਹਮਲੇ ਦੇ ਜਵਾਬ ਵਿੱਚ ਮੰਗਲਵਾਰ ਦੇਰ ਰਾਤ ਨੂੰ ਭਾਰਤੀ ਫ਼ੌਜ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ’ਚ 26 ਜਣਿਆਂ ਦੀ ਮੌਤ ਹੋ ਗਈ ਸੀ। ਭਾਰਤੀ ਫ਼ੌਜ ਨੇ ਕਿਹਾ ਹੈ ਕਿ ‘ਅਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਨੇ ‘ਅਪਰੇਸ਼ਨ ਸਿੰਦੂਰ’ ਦੀ ਕਾਮਯਾਬੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਸ ਨੇ ਇਸ ਸਬੰਧੀ ਸੋਸ਼ਲ ਮੀਡੀਆ ਦੇ ‘ਐਕਸ’ ਖਾਤੇ ’ਤੇ ਪੋਸਟ ਪਾਈ ਹੈ। ਅਦਾਕਾਰ ਅਕਸ਼ੈ ਕੁਮਾਰ ਨੇ ਐਕਸ ’ਤੇ ‘ਅਪਰੇਸ਼ਨ ਸਿੰਦੂਰ’ ਲਿਖੀ ਹੋਈ ਇੱਕ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਕੈਪਸ਼ਨ ਵਿੱਚ ‘ਜੈ ਹਿੰਦ ਜੈ ਮਹਾਕਾਲ’ ਲਿਖਿਆ ਹੈ। ਇਸੇ ਤਰ੍ਹਾਂ ਅਜੈ ਦੇਵਗਨ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਫ਼ੌਜ ਨੂੰ ਸਲਾਮ ਕਰਦਾ ਹੈ। ਇਸ ਤਰ੍ਹਾਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੀ ਫ਼ੌਜ ਦੀ ਸ਼ਲਾਘਾ ਕੀਤੀ ਹੈ। ਅਦਾਕਾਰ ਅਲੂ ਅਰਜੁਨ ਨੇ ਕਿਹਾ ਕਿ ਇਨਸਾਫ਼ ਮਿਲਣਾ ਚਾਹੀਦਾ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਦਾਕਾਰ ਪਵਨ ਕਲਿਆਣ, ਰਵੀਨਾ ਟੰਡਨ, ਕਾਜੋਲ, ਸੁਨੀਲ ਸ਼ੈੱਟੀ, ਸਿਧਾਰਥ ਮਲਹੋਤਰਾ, ਵਿੱਕੀ ਕੌਸ਼ਲ, ਰਿਤੇਸ਼ ਦੇਸ਼ਮੁਖ, ਨਿਮਰਤ ਕੌਰ, ਅਨੁਪਮ ਖੇਰ, ਫਿਲਮਕਾਰ ਸ਼ੇਖਰ ਕਪੂਰ, ਮਧੁਰ ਭੰਡਾਰਕਰ ਸਣੇ ਪਾਕਿਸਤਾਨੀ ਨਾਗਰਿਕਤਾ ਛੱਡ ਕੇ ਭਾਰਤੀ ਨਾਗਰਿਕਤਾ ਲੈਣ ਵਾਲੇ ਅਦਨਾਨ ਸਾਮੀ ਨੇ ਵੀ ਭਾਰਤੀ ਫ਼ੌਜ ਦੀ ਸ਼ਲਾਘਾ ਕੀਤੀ ਹੈ। -ਪੀਟੀਆਈ