ਸੋਨੂ ਨਿਗਮ ਨੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ
ਨਵੀਂ ਦਿੱਲੀ:
ਗਾਇਕ ਸੋਨੂ ਨਿਗਮ ਨੇ ਬੰਗਲੂਰੂ ਵਿੱਚ ਹੋਏ ਆਪਣੇ ਕੰਨਸਰਟ ਦੌਰਾਨ ਦਿੱਤੇ ਬਿਆਨ ਲਈ ਮੁਆਫ਼ੀ ਮੰਗੀ ਹੈ। ਗਾਇਕ ਨੇ ਇਸ ਸਬੰਧੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪੋਸਟ ਪਾਈ ਹੈ। ਇਸ ਵਿੱਚ ਉਸ ਨੇ ਕਿਹਾ, ‘‘ਸੌਰੀ ਕਰਨਾਟਕ, ਮੇਰਾ ਪਿਆਰ, ਮੇਰੇ ਹੰਕਾਰ ਨਾਲੋਂ ਵੱਡਾ ਹੈ। ਮੈਂ ਹਮੇਸ਼ਾਂ ਤੁਹਾਡੇ ਨਾਲ ਪਿਆਰ ਕਰਦਾ ਰਹਾਂਗਾ।’’ ਇਹ ਮੁੱਦਾ ਉਦੋਂ ਸ਼ੁਰੂ ਹੋਇਆ ਜਦੋਂ ਗਾਇਕ 25 ਅਪਰੈਲ ਨੂੰ ਬੰਗਲੂਰੂ ਦੇ ਕਾਲਜ ਵਿੱਚ ਆਪਣਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ। ਗਾਇਕ ਵੱਲੋਂ ਪੋਸਟ ਕੀਤੇ ਵੀਡੀਓ ਵਿੱਚ ਉਸ ਨੇ ਕਿਹਾ ਕਿ ਕੁਝ ਮੁੰਡਿਆਂ ਦੇ ਗਰੁੱਪ ਨੇ ਉਸ ਨੂੰ ਕੰਨੜ ਭਾਸ਼ਾ ਵਿੱਚ ਗਾਉਣ ਲਈ ਧਮਕਾਇਆ ਸੀ। ਇਸ ਦੇ ਜਵਾਬ ਵਿੱਚ ਉਸ ਨੇ ਕਿਹਾ ਸੀ, ‘‘ਕੰਨੜ, ਕੰਨੜ, ਇਹ ਹੀ ਵਜ੍ਹਾ ਸੀ ਪਹਿਲਗਾਮ ਵਾਲੀ ਘਟਨਾ ਪਿੱਛੇ।’’ ਉਸ ਨੇ ਕਿਹਾ ਕਿ ਉਸ ਦੇ ਇਸ ਬਿਆਨ ’ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ ਸੀ। ਇਸ ਸਬੰਧੀ ਬੰਗਲੂਰੂ ਦੇ ਅਵਲਾਹਲੀ ਥਾਣੇ ’ਚ ਸੋਨੂ ਨਿਗਮ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਦਿ ਕਰਨਾਟਕ ਫਿਲਮ ਚੈਂਬਰ ਆਫ ਕਾਮਰਸ (ਕੇਐੱਫਸੀਸੀ) ਨੇ ਐਲਾਨ ਕੀਤਾ ਸੀ ਕਿ ਗਾਇਕ ਸੋਨੂ ਦੇ ਕਥਿਤ ਇਤਰਾਜ਼ਯੋਗ ਬਿਆਨ ਕਰ ਕੇ ਉਸ ਖ਼ਿਲਾਫ਼ ‘ਅਸਹਿਯੋਗ’ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਕੇਐੱਫਸੀਸੀ ਵੱਲੋਂ ਕਿਹਾ ਗਿਆ ਸੀ ਕਿ ਗਾਇਕ ਨੇ ਕੰਨੜ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। -ਪੀਟੀਆਈ