ਅਨੁਪਮ ਖੇਰ ਨੇ ਦਿਖਾਈ ਬ੍ਰਿਗੇਡੀਅਰ ਜੋਸ਼ੀ ਦੀ ਝਲਕ
ਮੁੰਬਈ: ਨਿਰਦੇਸ਼ਕ, ਅਦਾਕਾਰ ਅਨੁਪਮ ਖ਼ੇਰ ਦੀ ਫ਼ਿਲਮ ‘ਤਨਵੀ ਦਿ ਗ੍ਰੇਟ’ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੌਰਾਨ ਖੇਰ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਅਦਾਕਾਰ ਜੈਕੀ ਸ਼ਰਾਫ਼ ਵੀ ਇਸ ਫ਼ਿਲਮ ਦਾ ਹਿੱਸਾ ਹੈ। ਇੰਸਟਾਗ੍ਰਾਮ ’ਤੇ ਜੈਕੀ ਸ਼ਰਾਫ਼ ਦੇ ਪੋਸਟਰ ਨਾਲ ਅਨੁਪਮ ਖੇਰ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ‘ਤਨਵੀ ਦਿ ਗ੍ਰੇਟ’ ਦਾ ਅਦਾਕਾਰ ਜੈਕੀ ਸਰਾਫ਼ ਉਸ ਦੇ ਦੋਸਤ ਅਤੇ ਭਰਾ ਵਰਗਾ ਹੈ। ਉਨ੍ਹਾਂ ਨੇ ਇਕੱਠਿਆਂ ਕਈ ਫ਼ਿਲਮਾਂ ਵਿੱਚ ਕੰਮ ਹੀ ਨਹੀਂ ਕੀਤਾ ਸਗੋਂ ਉਹ ਰਿਸ਼ਤੇਦਾਰ ਵੀ ਹਨ। ਖੇਰ ਨੇ ਦੱਸਿਆ ਕਿ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਸ ਦੀ ਪਤਨੀ ਆਇਸ਼ਾ ਸ਼ਰਾਫ਼ ਮੈਨੂੰ ਤੀਹ ਸਾਲ ਤੋਂ ਜ਼ਿਆਦਾ ਸਮੇਂ ਤੋਂ ਰੱਖੜੀ ਬੰਨ੍ਹਦੀ ਆ ਰਹੀ ਹੈ। ਜੈਕੀ ਕੋਲ ਗੋਲਡਨ ਹਾਰਟ ਹੈ। ਉਸ ਦਾ ਦੂਜਾ ਨਾਮ ‘ਪਿਆਰ’ ਕਹਿ ਸਕਦੇ ਹਾਂ। ਫ਼ਿਲਮ ਵਿੱਚ ਜੈਕੀ ਸ਼ਰਾਫ਼ ਦੇ ਕਿਰਦਾਰ ਦਾ ਜ਼ਿਕਰ ਕਰਦਿਆਂ ਖੇਰ ਨੇ ਦੱਸਿਆ ਕਿ ਬ੍ਰਿਗੇਡੀਅਰ ਜੋਸ਼ੀ ਦਾ ਕਿਰਦਾਰ ਭਾਰਤੀ ਫੌਜ ਅਧਿਕਾਰੀ ਵਾਂਗ ਹੈ। ਉਸ ਦੇ ਕਿਰਦਾਰ ਨੂੰ ਕਈ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਨਿਰਸਵਾਰਥ ਦੋਸਤੀ ਅਤੇ ਸ਼ਾਨਦਾਰ ਅਦਾਕਾਰੀ ਲਈ ਜੈਕੀ ਸ਼ਰਾਫ ਦਾ ਧੰਨਵਾਦ। ਇਸ ਤੋਂ ਪਹਿਲਾਂ ਖੇਰ ਨੇ ਦੱਸਿਆ ਸੀ ਕਿ ‘ਤਨਵੀ ਦਿ ਗ੍ਰੇਟ’ ਵਿੱਚ ਬੋਮਨ ਇਰਾਨੀ ‘ਰਾਜਾ ਸਾਹਿਬ’ ਦਾ ਕਿਰਦਾਰ ਨਿਭਾਉਂਦਾ ਹੈ। ਇਸ ਫ਼ਿਲਮ ਵਿੱਚ ਆਸਕਰ ਜੇਤੂ ਐੱਮਐੱਮ ਕੀਰਾਬਾਨੀ ਨੇ ਸੰਗੀਤ ਦਿੱਤਾ ਹੈ। ਨਿਰਮਾਤਾਵਾਂ ਨੇ ਤਨਵੀ ਦਿ ਗ੍ਰੇਟ’ ਦੀ ਰਿਲੀਜ਼ ਹੋਣ ਦੀ ਮਿਤੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। -ਏਐੱਨਆਈ