ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

04:05 AM May 08, 2025 IST
featuredImage featuredImage

ਡੋਰ ਬੈੱਲ

ਬਿੰਦਰ ਸਿੰਘ ਖੁੱਡੀ ਕਲਾਂ

Advertisement

ਛੋਟੇ ਹੁੰਦਿਆਂ ਅੱਡੀਆਂ ਚੁੱਕ ਚੁੱਕ ਕੇ ਗੁਆਂਢੀਆਂ ਦੀ ਡੋਰ ਬੈੱਲ ਵਜਾ ਕੇ ਭੱਜ ਜਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਸੀ। ਕੌਣ ਆਇਆ ਹੋਵੇਗਾ ਵੇਖਣ ਲਈ ਆਂਟੀ ਨੇ ਭੱਜ ਕੇ ਬਾਹਰ ਨਿਕਲਣਾ। ਮੈਂ ਕਈ ਵਾਰ ਤਾਂ ਭੱਜ ਕੇ ਆਪਣੇ ਘਰ ਵੜ ਜਾਣਾ ਤੇ ਕਈ ਵਾਰ ਫੜਿਆ ਵੀ ਜਾਣਾ। ਆਂਟੀ ਨੇ ਘੂਰਨਾ ਹੁਣ ਵਜਾਈਂ ਬੈੱਲ ਲਾਊਂ ਤੇਰੇ ਕੰਨਾਂ ’ਤੇ।
ਆਂਟੀ ਦੀ ਝਿੜਕ ਤੋਂ ਪੂਰੀ ਤਰ੍ਹਾਂ ਬੇਫ਼ਿਕਰੀ ਦੇ ਆਲਮ ’ਚ ਮੈਨੂੰ ਡੋਰ ਬੈੱਲ ’ਤੇ ਹੱਥ ਨਾ ਜਾਣ ਦਾ ਅਫ਼ਸੋਸ ਬਣਿਆ ਰਹਿੰਦਾ। ਮਨ ਹੀ ਮਨ ਸੋਚਣਾ ਕਿ ਜਦੋਂ ਡੋਰ ਬੈੱਲ ’ਤੇ ਹੱਥ ਜਾਣ ਲੱਗ ਗਿਆ ਫੇਰ ਇਸ ਨੂੰ ਚੰਗੀ ਤਰ੍ਹਾਂ ਵਜਾਇਆ ਕਰਾਂਗਾ।
ਹੁਣ ਮੇਰਾ ਹੱਥ ਆਂਟੀ ਹੋਰਾਂ ਦੇ ਘਰ ਦੀ ਡੋਰ ਬੈੱਲ ’ਤੇ ਪੂਰੀ ਤਰ੍ਹਾਂ ਜਾਣ ਲੱਗਿਆ ਸੀ। ਮੈਂ ਬਿਨਾਂ ਅੱਡੀਆਂ ਚੁੱਕੇ ਡੋਰ ਬੈੱਲ ਵਜਾ ਸਕਦਾ ਸੀ। ਪਰ ਵਜਾਉਂਦਾ ਨਹੀਂ,ਕਿਉਂਕਿ ਹੁਣ ਮੈਨੂੰ ਸਮਝ ਲੱਗ ਗਈ ਸੀ ਕਿ ਆਂਟੀ ਹੋਰੀਂ ਸਾਡੇ ਗੁਆਂਢੀ ਹਨ ਅਤੇ ਗੁਆਂਢੀਆਂ ਦੀ ਡੋਰ ਬੈੱਲ ਵਜਾ ਕੇ ਭੱਜਣਾ ਚੰਗੀ ਆਦਤ ਨਹੀਂ। ਮੇਰੇ ਵੱਲੋਂ ਡੋਰ ਬੈੱਲ ਵਜਾਉਣ ਦੀ ਉਡੀਕ ਕਰਦੀ ਆਂਟੀ ਵੀ ਕਦੇ ਕਦੇ ਲਾਡ ਨਾਲ ਗੱਲ੍ਹ ’ਤੇ ਮਾਰ ਕੇ ਕਹਿੰਦੀ ਹੈ, ‘‘ਹੁਣ ਤੂੰ ਸਾਡੀ ਡੋਰ ਬੈੱਲ ਵਜਾਉਂਦਾ ਈ ਨੀ? ਹੁਣ ਤਾਂ ਤੇਰਾ ਹੱਥ ਵੀ ਜਾਣ ਲੱਗ ਗਿਆ ਹੈ ਡੋਰ ਬੈੱਲ ’ਤੇ।’’
ਸੰਪਰਕ: 98786-05965
* * *

ਵਿਹੜੇ ਦੀ ਰੌਣਕ

ਗੁਰਮੀਤ ਸਿੰਘ
“ਕਿਵੇਂ ਜਾ ਕੇ ਜੱਫਾ ਪਾ ਲਿਆ ਜਿਵੇਂ ਮੈਂ ਹੁਣੇ ਪੁੱਟ ਕੇ ਸੁੱਟ ਦਿਆਂਗੀ। ਜਨਾਬ ਦਰੱਖਤ ਆ ਕੋਈ ਮੂਲੀ ਨਹੀਂ।” ਪਤਨੀ ਅਚਾਨਕ ਮੇਰੇ ਉੱਠ ਕੇ ਧਰੇਕ ਨੂੰ ਜੱਫਾ ਪਾ ਲੈਣ ’ਤੇ ਹੈਰਾਨ ਹੋ ਗਈ ਸੀ। ਮੈਂ ਉਸ ਨੂੰ ਕਿਵੇਂ ਦੱਸਾਂ ਕਿ ਮੇਰੇ ਮਨ ਵਿੱਚ ਕੀ ਹੈ। ਮੈਂ ਤਾਂ ਪਹਿਲਾਂ ਹੀ ਮਨ ’ਤੇ ਬੋਝ ਲਈ ਫਿਰਦਾ ਹਾਂ, ਹੁਣ ਇਸ ਧਰੇਕ ਪੁਟਵਾਉਣ ਨੂੰ ਕਿਵੇਂ ਬਰਦਾਸ਼ਤ ਕਰਾਂਗਾ।
ਵਿਹੜੇ ਵਿਚਲੀ ਧਰੇਕ ਜਦੋਂ ਫੁੱਲਾਂ ਨਾਲ ਭਰ ਜਾਂਦੀ ਹੈ ਤਾਂ ਮੈਂ ਅਕਸਰ ਹੀ ਸਾਹਮਣੇ ਬੈਠ ਨਿਹਾਰਦਾ ਰਹਿੰਦਾ ਹਾਂ। ਇਸ ਨਾਲ ਮੇਰੇ ਮਨ ਨੂੰ ਸਕੂਨ ਮਿਲਦਾ ਹੈ। ਅੱਜ ਵੀ ਮੈਂ ਫੁੱਲਾਂ ਨੂੰ ਵੇਖਦਾ ਹੋਇਆ ਆਪਣੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ। ਮੇਰੀ ਪਤਨੀ ਨੇ ਆਉਂਦਿਆਂ ਹੀ ਧਰੇਕ ਥੱਲੇ ਖਿਲਰੇ ਫੁੱਲ-ਪੱਤਿਆਂ ਨੂੰ ਵੇਖ ਕੇ ਕਿਹਾ ਕਿ ਵਿਹੜੇ ਵਿੱਚ ਬਹੁਤ ਗੰਦ ਪੈਂਦਾ ਹੈ, ਜੀਅ ਕਰਦਾ ਇਸ ਨੂੰ ਕਟਵਾ ਦਿਆਂ। ਉਸ ਦੇ ਬੋਲਾਂ ਨੇ ਜਿਵੇਂ ਮੈਨੂੰ ਡਰਾ ਦਿੱਤਾ ਹੋਵੇ ਤੇ ਮੈਂ ਆਪਣੇ ਆਪ ’ਤੇ ਕਾਬੂ ਨਾ ਰੱਖ ਸਕਿਆ।ਦੂਸਰੇ ਨੂੰ ਦਿਲ ਦੀ ਪੀੜ ਥੋੜ੍ਹਾ ਦਿਸਦੀ ਹੈ।
ਗੱਲ ਉਦੋਂ ਦੀ ਹੈ ਜਦੋਂ ਮੇਰੀ ਧੀ ਅਜੇ ਨੌਂ ਦਸ ਸਾਲ ਦੀ ਅਤੇ ਇਹ ਧਰੇਕ ਵੀ ਛੋਟੀ ਜਿਹੀ ਸੀ। ਉਸ ਸਮੇਂ ਵੀ ਇਸ ਨੂੰ ਫੁੱਲ ਪਏ ਹੋਏ ਸਨ। ਧੀ ਨੂੰ ਜਮਾਤ ਵਿੱਚ ਗੁਲਦਸਤਾ ਬਣਾਉਣਾ ਤੇ ਸਜਾਉਣਾ ਸਿਖਾਇਆ ਗਿਆ।ਉਹ ਕਾਗਜ਼ ਦੀ ਕੁੱਪੀ ਜਿਹੀ ਬਣਾ ਵਿੱਚ ਧਰੇਕ ਦੇ ਫੁੱਲ ਭਰ ਲੈਂਦੀ ਅਤੇ ਜਦੋਂ ਮੈਂ ਸ਼ਾਮ ਨੂੰ ਘਰ ਆਉਂਦਾ ਤਾਂ ‘ਵੈਲਕਮ ਪਾਪਾ’ ਕਹਿ ਮੈਨੂੰ ਭੇਟ ਕਰਦੀ। ਕਦੇ ਕਦੇ ਕਾਗਜ਼ ਉੱਪਰ ਰੰਗਾਂ ਨਾਲ ਕੁਝ ਲਿਖਿਆ ਵੀ ਹੁੰਦਾ। ਉਸ ਦੀ ਕੋਸ਼ਿਸ਼ ਹੁੰਦੀ ਕਿ ਹਰ ਦਿਨ ਨਵਾਂ ਕਰਾਂ। ਮੈਂ ਵੀ ਉਚੇਚਾ ਚੌਕਲੇਟ ਜਾਂ ਕੁਝ ਹੋਰ ਲੈ ਕੇ ਆਉਂਦਾ। ਉਸ ਦੀ ਮਾਂ ਗੁੱਸੇ ਹੁੰਦੀ ਕਿ ਪੜ੍ਹਾਈ ਦਾ ਸਮਾਂ ਖਰਾਬ ਕਰਦੀ ਹੈ ਪਰ ਮੈਂ ਉਸ ਨੂੰ ਚੁੱਪ ਕਰਾ ਦਿੰਦਾ।
ਆਖ਼ਰ ਫੁੱਲਾਂ ਦਾ ਸਮਾਂ ਲੰਘ ਗਿਆ। ਧੀ ਨੇ ਮੇਰਾ ਲਿਆਂਦਾ ਬੂਟਾ, ਜੋ ਕਿ ਕਾਫ਼ੀ ਮਹਿੰਗਾ ਸੀ ਅਤੇ ਉਸ ਨੂੰ ਫੁੱਲ ਵੀ ਕਾਫ਼ੀ ਵੱਡੇ ਲੱਗਦੇ ਸਨ, ਦਾ ਫੁੱਲ ਤੋੜ ਕੇ ਮੇਰੇ ਲਈ ਗੁਲਦਸਤਾ ਬਣਾ ਲਿਆ। ਮੈਂ ਘਰ ਆਇਆ ਤਾਂ ਹੱਸਦਿਆਂ ਹੋਇਆਂ ਮੈਨੂੰ ਭੇਟ ਕੀਤਾ। ਮੈਨੂੰ ਤਾਂ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ। ਗੁੱਸੇ ਵਿੱਚ ਅਵਾ ਤਵਾ ਬੋਲਦਿਆਂ ਉਸ ਦੇ ਥੱਪੜ ਮਾਰਿਆ ਤੇ ਗੁਲਦਸਤਾ ਚਲਾ ਕੇ ਪਰ੍ਹਾਂ ਸੁੱਟ ਦਿੱਤਾ। ਅੱਖਾਂ ਵਿੱਚ ਹੰਝੂ ਲਈ ਉਹ ਅੰਦਰ ਚਲੀ ਗਈ। ਮਾਂ ਦੇ ਘਰੇ ਨਾ ਹੋਣ ਕਰਕੇ ਉਸ ਨੂੰ ਰੋਣ ਲਈ ਬੁੱਕਲ ਵੀ ਨਾ ਮਿਲੀ। ਖ਼ੈਰ, ਉਸ ਨੇ ਸਬਰ ਕਰ ਲਿਆ। ਉਸ ਦਿਨ ਤੋਂ ਗੁਲਦਸਤਾ ਬਣਾਉਣਾ ਤਾਂ ਦੂਰ, ਉਹ ਮੇਰੇ ਮੱਥੇ ਲੱਗਣ ਤੋਂ ਵੀ ਝਿਜਕਣ ਲੱਗੀ। ਸਮਾਂ ਪਾ ਸਭ ਕੁਝ ਆਮ ਵਾਂਗ ਹੋ ਗਿਆ ਦਿਸਦਾ ਪਰ ਸਭ ਕੁਝ ਆਮ ਵਾਂਗ ਨਹੀਂ ਸੀ।
ਤਿੰਨ ਸਾਲ ਪਹਿਲਾਂ ਉਹ ਵਿਆਹ ਉਪਰੰਤ ਆਪਣੇ ਘਰ ਚਲੀ ਗਈ।ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀ ਵਾਰ ਮੈਨੂੰ ਗੁਲਦਸਤੇ ਮਿਲੇ ਹੋਣਗੇ ਪਰ ਉਹ ਪਿਆਰ ਤੇ ਚਾਅ ਕਦੇ ਨਸੀਬ ਨਹੀਂ ਹੋਇਆ। ਹੁਣ ਜਦੋਂ ਧਰੇਕ ਨੂੰ ਫੁੱਲ ਪੈਂਦੇ ਹਨ ਤਾਂ ਕਿੰਨਾ ਕਿੰਨਾ ਚਿਰ ਉਨ੍ਹਾਂ ਨੂੰ ਵੇਖਦਾ ਰਹਿੰਦਾ ਹਾਂ। ਮੇਰਾ ਮਨ ਮੈਨੂੰ ਵਾਪਸ ਉਨ੍ਹਾਂ ਦਿਨਾਂ ਵਿੱਚ ਲੈ ਜਾਂਦਾ ਹੈ। ਅੱਜ ਪਤਨੀ ਨੇ ਧਰੇਕ ਨੂੰ ਪੁੱਟਣ ਦੀ ਗੱਲ ਕੀਤੀ ਤਾਂ ਮੇਰਾ ਆਪਣੇ ਆਪ ’ਤੇ ਕਾਬੂ ਨਾ ਰਿਹਾ। ਪਤਾ ਹੀ ਨਾ ਲੱਗਿਆ ਮੈਂ ਕਦੋਂ ਜਾ ਕੇ ਧਰੇਕ ਨੂੰ ਜੱਫ਼ੀ ਪਾ ਲਈ ਤੇ ਮੇਰੇ ਮੂੰਹੋਂ ਨਿਕਲਿਆ, ‘‘ਮੇਰੇ ਜਿਉਂਦੇ ਜੀਅ ਇਸ ਨੂੰ ਕੋਈ ਨਹੀਂ ਪੁੱਟ ਸਕਦਾ। ਧੀ ਤਾਂ ਪਰਾਈ ਹੋ ਗਈ, ਹੁਣ ਧਰੇਕ ਤਾਂ ਰਹਿਣ ਦਿਓ। ਧੀਆਂ ਅਤੇ ਧਰੇਕਾਂ ਤਾਂ ਘਰ ਦੀ ਰੌਣਕ ਹੁੰਦੀਆਂ ਨੇ।” ਅੱਖਾਂ ਵਿਚਲੇ ਹੰਝੂ ਮੇਰੇ ਚਿਹਰੇ ਨੂੰ ਭਿਉਂ ਰਹੇ ਸਨ।
ਈ-ਮੇਲ: gurmeetmararh4442@gmail.com
* * *

Advertisement

ਆਰਾਮ

ਪੰਕਜ ਸ਼ਰਮਾ
‘‘ਹੈਲੋ, ਟਰੇਨ ਆ ਗਈ ਤੇ ਤੁਸੀਂ ਦੋਵੇਂ ਆਰਾਮ ਨਾਲ ਬੈਠੀਆਂ ਹੋ, ਘਰ ਨਹੀਂ ਜਾਣਾ?’’
“ਚਲੀਆਂ ਜਾਵਾਂਗੀਆਂ, ਕਾਹਲੀ ਕਾਹਦੀ ਹੈ? ... ਤੇ ਜਲਦੀ ਜਾ ਕੇ ਕਰਨਾ ਵੀ ਕੀ ਹੈ?’’
‘‘ਕਮਾਲ ਐ, ਅੱਜ ਟਰੇਨ ਜਲਦੀ ਮਿਲ ਰਹੀ ਹੈ ਤਾਂ ਤੁਸੀਂ ਜਾ ਨਹੀਂ ਰਹੀਆਂ। ਦੈਨਿਕ ਟਰੇਨ ਤਾਂ ਦੇਰ ਨਾਲ ਆਉਣੀ ਹੈ?’’
‘‘ਅਸੀਂ ਉਦੋਂ ਰਵਾਨਾ ਹੋਵਾਂਗੀਆਂ ਜਦੋਂ ਦੈਨਿਕ ਟਰੇਨ ਆਏਗੀ।’’
‘‘ਐਸਾ ਕਿਉਂ?’’
“ਹੁਣ ਤੁਸੀਂ ਤਾਂ ਛੋਟੇ ਪਰਿਵਾਰ ਵਿੱਚ ਰਹਿੰਦੇ ਹੋ। ਪਤੀ ਅਤੇ ਬੱਚੇ ਵੀ ਸਮਝਦਾਰ ਹਨ, ਤੁਹਾਡੇ ਕੰਮ ਵਿੱਚ ਹੱਥ ਵੀ ਵਟਾ ਦਿੰਦੇ ਹਨ। ਪਰ ਸਾਨੂੰ ਤਾਂ ਚਾਹ ਵੀ ਆਪ ਬਣਾ ਕੇ ਪੀਣੀ ਪੈਂਦੀ ਹੈ। ਜੇ ਅੱਜ ਅਸੀਂ ਗ਼ਲਤੀ ਨਾਲ ਵੀ ਜਲਦੀ ਘਰ ਪਹੁੰਚ ਗਈਆਂ ਤਾਂ ਕਿਹੜਾ ਸਾਨੂੰ ਆਰਾਮ ਮਿਲ ਜਾਣਾ ਹੈ? ਕੋਈ ਨਾ ਕੋਈ ਨਵਾਂ ਕੰਮ ਹੋਰ ਕਰਨ ਨੂੰ ਦੇ ਦੇਣਗੇ। ਇਸ ਤੋਂ ਚੰਗਾ ਹੈ ਕਿ ਇੱਥੇ ਹੀ ਆਰਾਮ ਕਰ ਲਈਏ। ਤੁਸੀਂ ਜਾਓ।’’
ਸੰਪਰਕ: 94168-60445
* * *

ਭਾਪਾ! ਮੈਂ ਮੁੜ ਆਇਆ

ਲਾਭ ਸਿੰਘ ਸ਼ੇਰਗਿੱਲ
ਕੱਚੀ ਪਹੀ ਤੋਂ ਧੂੜ ਉਨ੍ਹਾਂ ਦਾ ਪਿੱਛਾ ਕਰਦੀ ਸਿੱਧਾ ਦੀਪੇ ਦੀ ਮੋਟਰ ’ਤੇ ਪਹੁੰਚ ਗਈ। ਮੋਟਰਸਾਈਕਲ ਨੂੰ ਇੱਕ ਪਾਸੇ ਓਟ ’ਚ ਲਾ ਕੇ ਛਿੰਦੇ ਨੇ ਮੋਟਰ ਵਾਲੀ ਕੋਠੜੀ ਦਾ ਕੁੰਡਾ ਖੋਲ੍ਹਿਆ।
‘‘ਦੀਪੇ ਯਾਰ ਛੇਤੀ ਮੰਗਵਾ, ਮੇਰੀ ਤਾਂ ਜਾਨ ਨਿਕਲਦੀ ਜਾਂਦੀ ਐ,’’ ਛਿੰਦੇ ਨੇ ਇੱਕ ਪਾਸੇ ਖੂੰਜੇ ’ਚ ਫਰੋਲ਼ਾ ਫਰਾਲ਼ੀ ਕਰਦਿਆਂ ਕਿਹਾ।
ਦੀਪੇ ਨੇ ਆਪਣੀ ਪੈਂਟ ਦੀ ਜੇਬ ’ਚੋਂ ਮੋਬਾਈਲ ਫੋਨ ਕੱਢ ਕੇ ਨੰਬਰ ਡਾਇਲ ਕੀਤਾ।‌
‘‘ਬਾਈ, ਦੋ ਪੈਕਟ ਚਾਹੀਦੇ ਨੇ। ਦੇ ਦੇਂਗਾ ਯਾਰ...?’’ ਦੀਪੇ ਨੇ ਤਰਲਾ ਕਰਦਿਆਂ ਕਿਹਾ।
‘‘ਨਹੀਂ, ਇਉਂ ਆਈ ਵਾਰ ਉਧਾਰ ਨ੍ਹੀਂ। ਪਹਿਲਾਂ ਪਿਛਲਾ ਹਿਸਾਬ ਪੂਰਾ ਕਰੋ ਫਿਰ ਮਿਲੂ,’’ ਅੱਗੋਂ ਆਵਾਜ਼ ਆਈ।
‘‘ਕੋਈ ਨ੍ਹੀਂ ਬਾਈ, ਸਾਰਾ ’ਕੱਠਾ ਈ ਕਰ ਦਿਆਂਗੇ। ਬਸ ਅੱਜ ਦੇ ਦੇ,’’ ਦੀਪੇ ਨੇ ਫਿਰ ਤਰਲਾ ਮਾਰਿਆ।
ਅੱਗੋਂ ਜਵਾਬ ਮਿਲਿਆ, ‘‘ਨਹੀਂ, ਸਾਨੂੰ ਵੀ ਅੱਗੇ ਸਾਰੇ ਨਗਦ ਈ ਦੇਣੇ ਪੈਂਦੇ ਨੇ ਫਿਰ ਮਿਲਦੈ।’’
ਫਿਰ ਫੋਨ ਕਟ ਗਿਆ।
ਇੰਨੇ ਨੂੰ ਤੀਜਾ ਵੀ ਰੋਜ਼ ਦੀ ਤਰ੍ਹਾਂ ਟਿਕਾਣੇ ’ਤੇ ਪਹੁੰਚ ਗਿਆ।‌ ਅੰਦਰ ਵੜਦਿਆਂ ਖੂੰਜੇ ਲੱਗੇ ਛਿੰਦੇ ਕੋਲ ਜਾ ਬੋਲਿਆ, ‘‘ਦੇਈਂ ਯਾਰ, ਫਟਾਫਟ ਟੰਗਾਂ ਟੁੱਟ ਰਹੀਆਂ ਨੇ।’’ ਉਸ ਦੇ ਹੱਥ ਟਟੋਲਦਿਆਂ ਸ਼ਰਨ ਨੇ ਕਿਹਾ।
‘‘ਅੱਜ ਕੁਝ ਨ੍ਹੀਂ ਮਿਲਣਾ। ਉਹ ਪਹਿਲਾਂ ਪਿਛਲਾ ਹਿਸਾਬ ਸਾਫ਼ ਕਰਨ ਨੂੰ ਕਹਿ ਰਿਹੈ, ਕਹਿੰਦਾ ਫਿਰ ਮਿਲੂ, ਨਹੀਂ ਮਰੋ ਐਵੇਂ ਈ।’’
‘‘ਇਹ ਤਾਂ ਯਾਰ ਬੜਾ ਪੰਗਾ ਪਿਆ। ਤੂੰ ਨ੍ਹੀਂ ਲਿਆਇਆ ਨਾਲੇ ਕਹਿੰਦਾ ਤੀ, ਕੱਲ੍ਹ ਨੂੰ ਰੂੜੀ ਵਾਲੀ ਥਾਂ ਦੇ ਪੈਸੇ ਆਉਣਗੇ।’’
‘‘ਉਹ ਤਾਂ ਜਿਨ੍ਹਾਂ ਦਾ ਉਧਾਰ ਦੇਣਾ ਤੀ, ਆ ਗਏ ਡਾਕੂਆਂ ਆਂਗੂ ਲੈ ਗਏ ਸਾਰੇ, ਕੁਝ ਨ੍ਹੀਂ ਬਚਿਆ।’’
ਦੀਪੇ ਨੇ ਸ਼ਰਨ ਵੱਲ ਦੇਖਿਆ ਜਿਵੇਂ ਉਸ ਨੂੰ ਕੁਝ ਯਾਦ ਆਇਆ ਹੋਵੇ। ਉਹ ਇਕਦਮ ਬੋਲਿਆ, ‘‘ਕੱਲ੍ਹ ਥੋਡਾ ਠੇਕੇਦਾਰ ਤੇਰੇ ਭਾਪੇ ਕੋਲ ਥੋਡੇ ਘਰ ਦੇ ਬਾਹਰ ਖੜ੍ਹਿਆ ਤੀ, ਮੈਨੂੰ ਲੰਘਦੇ ਨੂੰ ਦੇਖ ਕੇ ਉਹ ਗੱਲ ਕਰਦੇ ਚੁੱਪ ਹੋ ਗਏ। ਮੈਨੂੰ ਲਗਦੈ ਉਹ ਜ਼ਮੀਨ ਦਾ ਠੇਕਾ ਦੇਣ ਆਇਆ ਹੋਊ। ਤੂੰ ਲਿਆ ਜਾ ਕੇ ਆਪਣੇ ਘਰੋਂ।’’
‘‘ਮੈਂ ਪਰਸੋਂ ਵੀ ਲਿਆਇਆ ਤੀ। ਹੁਣ ਅੱਜ ਫੇਰ ਮੈਂ ਕਿੱਥੋਂ ਲਿਆਊਂ?’’ ਮੱਥੇ ਤੋਂ ਪਸੀਨਾ ਪੂੰਝਦੇ ਹੋਏ ਸ਼ਰਨ ਨੇ ਕਿਹਾ।
ਕੋਲੋਂ ਛਿੰਦੇ ਨੇ ਵੀ ਜ਼ੋਰ ਪਾਉਂਦਿਆਂ ਕਿਹਾ, ‘‘ਹੋਰ ਕੋਈ ਹੀਲਾ ਨਹੀਂ, ਤੈਨੂੰ ਈ ਕਰਨਾ ਪਊ ਕੋਈ ਜਗਾੜ।’’
ਨਸ਼ੇ ਦੀ ਤੋੜ ਤੋਂ ਬੇਹਾਲ ਤਿੰਨੇ ਹੱਡਾਰੋੜੀ ਦੇ ਕੁੱਤੇ ਵਾਂਗ ਇੱਧਰ ਉੱਧਰ ਹੇਲ਼ੀਆਂ ਦਿੰਦੇ ਫਿਰ ਰਹੇ ਸਨ। ਦੋਵਾਂ ਦੀਪੇ ਤੇ ਛਿੰਦੇ ਨੇ ਸ਼ਰਨ ਨੂੰ ਬਸ ਅੱਜ ਦਾ ਜੁਗਾੜ ਕਰਨ ਲਈ ਕਿਹਾ। ਉਸ ਨੇ ਮੋਟਰਸਾਈਕਲ ਚੁੱਕਿਆ ਤੇ ਪਿੰਡ ਆਪਣੇ ਘਰ ਵੱਲ ਚੱਲ ਪਿਆ। ਜਦੋਂ ਪਿੰਡ ਦੇ ਵੱਡੇ ਦਰਵਾਜ਼ੇ ਕੋਲ ਦੀ ਉਹ ਛੂੰ ਕਰਕੇ ਲੰਘਿਆ ਤਾਂ ਉੱਥੇ ਬੈਠੇ ਨਿਹਾਲੇ ਨੇ ਕਰਨੈਲ ਦਾ ਮੋਢਾ ਫੜ ਕੇ ਦੂਜੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ, ‘‘ਆਹ ਦੇਖ ਕੈਲਿਆ, ਕਿੰਨਾ ਹੋਣਹਾਰ ਤੀ ਇਹ। ਕਹਿੰਦੇ ਪੜ੍ਹਨ ’ਚ ਵੀ ਬਹੁਤ ਹੁਸ਼ਿਆਰ ਤੀ, ਮੈਂ ਤਾਂ ਇਹ ਵੀ ਸੁਣਿਆ ਬਈ ਪੜ੍ਹਾਈ ’ਚ ਪਹਿਲੇ ਲੰਬਰ ’ਤੇ ਆਉਣ ਲਈ ’ਨਾਮ ਵੀ ਮਿਲਿਆ ਤੀ ਇਹਨੂੰ। ਹੁਣ ਦੇਖ ਕਿਸਮਤ ਨੇ ਕੀ ਪੁੱਠਾ ਗੇੜ ਫੇਰਿਐ, ਹੁਣ ਤਾਂ ਪੜ੍ਹਨੋਂ ਵੀ ਹਟ ਗਿਆ।’’
ਕੈਲੇ ਨੇ ਥੜ੍ਹੇ ਤੋਂ ਲਮਕਦੇ ਆਪਣੇ ਪੈਰਾਂ ਨੂੰ ਉੱਪਰ ਕਰਕੇ, ਆਪਣੇ ਚਾਦਰੇ ਨੂੰ ਠੀਕ ਕਰਦਿਆਂ ਕਿਹਾ, ‘‘ਨਿਹਾਲਿਆ, ਹਵਾ ਈ ਪੁੱਠੀ ਵਗ ਪਈ ਐ। ਕੋਈ ਵੀ ਜੁਆਕ ਕਹਿਣੇ ’ਚ ਨਹੀਂ ਰਿਹਾ। ਜੇ ਇਹ ਭੈੜ ਤੋਂ ਰੋਕਦੇ ਆਂ ਤਾਂ ਅੱਗੋਂ ਪੁੱਠਾ ਈ ਬੋਲਦੇ ਨੇ। ਪਤਾ ਨੀਂ ਕਦੋਂ ਇਹ ਨੇਰ੍ਹੀ ਰੁਕੂਗੀ।’’
ਉੱਧਰ ਸ਼ਰਨ ਨੇ ਘਰ ਜਾ ਕੇ ਪੈਸੇ ਲੈਣ ਲਈ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਪਿਓ ਦੇ ਰੋਕਦਿਆਂ ਧੱਕੇ ਨਾਲ ਅਲਮਾਰੀ ’ਚੋਂ ਨੋਟਾਂ ਦੀ ਵੱਡੀ ਗੁੱਟੀ ਲੈ, ਮੋਟਰਸਾਈਕਲ ਨੂੰ ਕਿੱਕ ਮਾਰ ਕੇ ਸਿੱਧਾ ਚਿੱਟਾ ਸਪਲਾਈ ਕਰਨ ਵਾਲੇ ਬੰਦੇ ਕੋਲ ਪਹੁੰਚ ਗਿਆ। ਉਸ ਦਾ ਪਿਛਲਾ ਰਹਿੰਦਾ ਸਾਰਾ ਹਿਸਾਬ ਕਰਕੇ, ਇਕੱਠੇ ਕਈ ਪੈਕਟ ਲੈ ਕੇ ਛਿੰਦੇ ਦੀ ਮੋਟਰ ਵੱਲ ਮੋਟਰਸਾਈਕਲ ਕਰ ਲਿਆ।
ਇੱਕ ਪਾਸੇ ਮੋਟਰਸਾਈਕਲ ਖੜ੍ਹਾ ਕੇ ਉਹ ਉਸ ਕੋਠੜੀ ਵੱਲ ਵਧਿਆ। ਜਿਉਂ ਹੀ ਉਸ ਨੇ ਅੰਦਰ ਦੇਖਿਆ ਤਾਂ ਦੀਪਾ ਤੇ ਛਿੰਦਾ ਜ਼ਮੀਨ ’ਤੇ ਵਿਛੇ ਪਏ ਸੀ ਤੇ ਦੋਵਾਂ ਦੀਆਂ ਬਾਹਾਂ ਵਿੱਚ ਸੂਈ ਸਮੇਤ ਸਰਿੰਜਾਂ ਲੱਗੀਆਂ ਪਈਆਂ ਸਨ। ਇਹ ਸਭ ਦੇਖ ਕੇ ਉਹ ਸਹਿਮ ਗਿਆ ਤੇ ਡਰਦਾ ਮਾਰਾ ਕੰਬਣ ਲੱਗ ਪਿਆ। ਉਸ ਦੇ ਪਿੰਡ ਜਾਣ ਅਤੇ ਛੇਤੀ ਨਾ ਮੁੜਨ ਨੂੰ ਦੇਖਿਆਂ ਛਿੰਦੇ ਨੇ ਨਵਾਂ ਤਿਕੜਮ ਲੜਾ ਕੇ ਅੱਜ ਦਾ ਜੁਗਾੜ ਕਰ ਲਿਆ ਤੇ ਟੀਕਾ ਲਾਉਂਦਿਆਂ ਓਵਰਡੋਜ਼ ਲੈਣ ਨਾਲ ਇਹ ਸਾਰਾ ਕੁਝ ਵਾਪਰ ਗਿਆ।
ਲਿਆਂਦਾ ਸਾਰਾ ਕੁਝ ਉੱਥੇ ਹੀ ਸੁੱਟ ਕੇ ਪਾਗਲਾਂ ਵਾਂਗ ਨੰਗੇ ਪੈਰੀਂ ਘਰ ਨੂੰ ਦੌੜ ਪਿਆ। ਹਫ਼ਦਾ ਹੋਇਆ ਜਦੋਂ ਘਰੇ ਪਹੁੰਚਿਆ ਤਾਂ ਅੱਗੇ ਘਰ ਵਿੱਚ ਲੋਕਾਂ ਦਾ ਇਕੱਠ ਹੋਇਆ ਪਿਆ ਸੀ। ਉਹ ਲੋਕਾਂ ਨੂੰ ਪਰ੍ਹੇ ਕਰਦਿਆਂ ਜਿਉਂ ਹੀ ਅੱਗੇ ਵਧਿਆ ਤਾਂ ਉਸ ਦਾ ਭਾਪਾ ਗਾਡਰ ਨਾਲ ਲਟਕ ਰਿਹਾ ਸੀ। ਦੇਖ ਕੇ ਉਸ ਦਾ ਤਰਾਹ ਨਿਕਲ ਗਿਆ ਤੇ ਉਹ ਆਪਣੇ ਭਾਪੇ ਦੇ ਪੈਰ ਫੜ ਕੇ, ਉੱਚੀ-ਉੱਚੀ ਧਾਹਾਂ ਮਾਰਦਾ ਕਹਿ ਰਿਹਾ ਸੀ, ‘‘ਭਾਪਾ, ਮੈਨੂੰ ਮਾਫ਼ ਕਰ ਦੇ। ਮੈਂ ਅੱਗੇ ਤੋਂ ਕੋਈ ਨਸ਼ਾ ਨਹੀਂ ਕਰੂੰਗਾ ਪਰ ਤੂੰ ਇਸ ਤਰ੍ਹਾਂ ਨਾ ਜਾ। ਭਾਪਾ ਮੈਨੂੰ ਮਾਫ਼ ਕਰਦੇ... ਮੈਨੂੰ ਮਾਫ਼ ਕਰਦੇ... ਮੈਨੂੰ ਮਾਫ਼ ਕਰਦੇ...।’’
ਕੋਲ ਪਈ ਉਸ ਦੀ ਮਾਂ ਨੇ ਉਸ ਨੂੰ ਹੱਥ ਲਾ ਕੇ ਹਿਲਾਉਂਦਿਆਂ ਕਿਹਾ, ‘‘ਪੁੱਤ ਸ਼ਰਨੀ, ਕੀ ਹੋਇਆ? ਲੱਗਦੈ ਕੋਈ ਭੈੜਾ ਸੁਪਨਾ ਦੇਖ ਲਿਆ।’’
ਮਾਂ ਦੇ ਹਿਲਾਉਣ ’ਤੇ ਅੱਖ ਖੁੱਲ੍ਹ ਗਈ। ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਸੁਪਨੇ ਨੇ ਉਸ ਦਾ ਤ੍ਰਾਹ ਕੱਢ ਦਿੱਤਾ। ਉਹ ਸਰਦੀ ਦੇ ਮੌਸਮ ਵਿੱਚ ਵੀ ਪਸੀਨੋ-ਪਸੀਨੀ ਹੋਇਆ ਪਿਆ ਸੀ। ਅੱਖਾਂ ਭਿੱਜੀਆਂ ਪਈਆਂ ਸਨ।
‘‘ਲੈ ਮੇਰਾ ਪੁੱਤ ਪਾਣੀ ਪੀ ਲੈ।’’ ਉਸ ਦੀ ਮਾਂ ਨੇ ਗਲਾਸ ਫੜਾਉਂਦਿਆਂ ਕਿਹਾ।
ਦੋ ਘੁੱਟਾਂ ਪੀ ਕੇ ਉਸ ਨੇ ਗਲਾਸ ਥੱਲੇ ਰੱਖ ਦਿੱਤਾ।
ਉਸ ਨੂੰ ਹੁਣ ਨੀਂਦ ਨਹੀਂ ਆ ਰਹੀ ਸੀ। ਮਾਂ ਨੂੰ ਸੁੱਤਿਆਂ ਦੇਖ ਉਹ ਹੌਲ਼ੀ ਜਿਹੇ ਉੱਠ ਕੇ ਨਾਲ ਵਾਲੀ ਬੈਠਕ ਵਿੱਚ ਗਿਆ, ਜਿੱਥੇ ਉਸ ਦਾ ਭਾਪਾ ਦਿਨ ਦਾ ਥੱਕਿਆ ਹਾਰਿਆ ਗੂੜ੍ਹੀ ਨੀਂਦੇ ਪਿਆ ਸੀ। ਉਹ ਇੱਕ ਟੱਕ ਕੁਝ ਦੇਰ ਉਸ ਨੂੰ ਦੇਖਦਾ ਰਿਹਾ ਤੇ ਫਿਰ ਆ ਕੇ ਆਪਣੇ ਮੰਜੇ ’ਤੇ ਪੈ ਗਿਆ।
ਬਾਕੀ ਰਹਿੰਦੀ ਰਾਤ ਉਸ ਦੀ ਜਾਗਦੇ ਦੀ ਲੰਘ ਗਈ। ਹੁਣ ਦਿਨ ਚੜ੍ਹ ਚੁੱਕਾ ਸੀ।
ਮਹਿੰਦਰ ਦੀ ਪਰਨਾ ਬੰਨ੍ਹਦੇ ਦੀ ਨਿਗਾਹ ਪਸ਼ੂਆਂ ਵਾਲੇ ਵਰਾਂਡੇ ’ਤੇ ਪਈ। ਗੋਹਾ ਪਿੱਛੇ ਹਟਾਇਆ ਪਿਆ ਸੀ ਤੇ ਹਰੇ ਚਾਰੇ ਦਾ ਟੋਕਰਾ ਚੁੱਕੀ ਸ਼ਰਨ ਖੁਰਲੀ ਵੱਲ ਜਾ ਰਿਹਾ ਸੀ। ਟੋਕਰਾ ਖ਼ਾਲੀ ਕਰਕੇ ਜਿਉਂ ਹੀ ਉਹ ਮੁੜਿਆ ਤਾਂ ਸਾਹਮਣੇ ਉਸ ਦਾ ਭਾਪਾ ਖੜ੍ਹਾ ਸੀ। ਇਹ ਦੇਖ ਕੇ ਮਹਿੰਦਰ ਦਾ ਅੰਦਰਲਾ ਦਰਿਆ ਛਲਕ ਕੇ ਕਿਨਾਰਿਆਂ‌ ਤੱਕ ਪਹੁੰਚ ਗਿਆ। ਸ਼ਰਨ ਨੇ ਟੋਕਰਾ ਰੱਖ ਕੇ ਆਪਣੇ ਭਾਪੇ ਨੂੰ ਜੱਫ਼ੀ ਪਾ ਲਈ। ਦੋਵਾਂ ਪਾਸਿਆਂ ਤੋਂ ਦਰਿਆਵਾਂ ਦੇ ਕਿਨਾਰੇ ਟੁੱਟ ਗਏ ਅਤੇ ਸੈਲਾਬ ਆ ਗਿਆ। ਹੁਣ ਤੱਕ ਜੋ ਬਬਿਖਰਿਆ ਪਿਆ ਸੀ ਸਭ ਰੋੜ੍ਹ ਕੇ ਲੈ ਗਿਆ। ਕਿੰਨਾ ਚਿਰ ਦੋਵਾਂ ਨੇ ਇੱਕ ਦੂਜੇ ਨੂੰ ਘੁੱਟ ਕੇ ਗਲਵੱਕੜੀ ਪਾਈ ਰੱਖੀ ਜਿਵੇਂ ਚਿਰਾਂ ਦੇ ਵਿਛੜੇ ਅੱਜ ਮਿਲੇ ਹੋਣ।
‘‘ਭਾਪਾ, ਮੈਨੂੰ ਮਾਫ਼ ਕਰ ਦੇ। ਮੈਂ ਅੱਗੇ ਤੋਂ ਕੋਈ ਨਸ਼ਾ ਨ੍ਹੀਂ ਕਰੂੰਗਾ। ਮੈਂ ਮੁੜ ਆਇਆ ਭਾਪਾ... ਹਾਂ ਭਾਪਾ ਮੈਂ ਮੁੜ ਆਇਆ।’’
ਮਹਿੰਦਰ ਨੇ ਸ਼ਰਨ ਦੀਆਂ ਅੱਖਾਂ ਪੂੰਝਦਿਆਂ ਕਿਹਾ, ‘‘ਰੱਬ ਦਾ ਸ਼ੁਕਰ ਐ ਸਮਾਂ ਰਹਿੰਦੇ ਮੁੜ ਪਿਆ ਪੁੱਤ।’’
‘‘ਭਾਪਾ, ਮੈਂ ਦੁਬਾਰਾ ਪੜ੍ਹਾਈ ਸ਼ੁਰੂ ਕਰੂੰਗਾ ਤੇ ਤੇਰਾ ਲਾਇਕ ਪੁੱਤਰ ਬਣ ਕੇ ਦਿਖਾਊਂਗਾ।’’ ਸ਼ਰਨ ਨੇ ਹਾਉਕਾ ਲੈਂਦਿਆਂ ਕਿਹਾ।
‘‘ਹਾਂ ਹਾਂ ਪੁੱਤ, ਕਿਉਂ ਨਹੀਂ, ਜਿੰਨੀ ਮਰਜ਼ੀ ਪੜ੍ਹਾਈ ਕਰ। ਮੈਂ ਤੈਨੂੰ ਜਿੰਨਾ ਕਹੇਂਗਾ ਓਨਾ ਪੜ੍ਹਾਊਂ। ਬਸ ਤੂੰ ਪੜ੍ਹਨ ਵਾਲਾ ਬਣ।’’
ਉਸ ਨੇ ਕਾਲਜ ਵਿੱਚ ਦਾਖਲਾ ਲੈ ਲਿਆ। ਪੜ੍ਹਨ ਵਿੱਚ ਤਾਂ ਉਹ ਹੁਸ਼ਿਆਰ ਸੀ ਹੀ, ਨਾਲ ਨਾਲ ਨੌਕਰੀ ਲਈ ਟੈਸਟ ਵੀ ਦਿੰਦਾ ਰਿਹਾ।
... ... ...
ਬਾਹਰਲੇ ਦਰਵਾਜ਼ੇ ਦਾ ਕੁੰਡਾ ਖੜਕਿਆ। ਮਹਿੰਦਰ ਨੇ ਮੰਜੇ ਤੋਂ ਉੱਠ ਕੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਮੋਢੇ ’ਤੇ ਸਟਾਰ ਲੱਗੀ ਪੁਲੀਸ ਵਰਦੀ ਵਾਲੇ ਨੂੰ ਦੇਖ ਕੇ ਉਹ ਇਕਦਮ ਡਰ ਗਿਆ।
ਆਪਣੇ ਪਿਓ ਦੇ ਪੈਰਾਂ ’ਤੇ ਝੁਕਦੇ ਹੋਏ ਉਸ ਨੇ ਕਿਹਾ, ‘‘ਪਛਾਣਿਆ ਨ੍ਹੀਂ ਭਾਪਾ? ਮੈਂ ਸ਼ਰਨ।’’
ਸ਼ਰਨ ਨੂੰ ਵਰਦੀ ’ਚ ਦੇਖ ਕੇ ਮਹਿੰਦਰ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਸ ਨੇ ਸ਼ਰਨ ਦੀ ਮਾਂ ਨੂੰ ਆਵਾਜ਼ ਮਾਰੀ।
‘‘ਏਧਰ ਆ ਦੇਖ ਕੌਣ ਆਇਐ, ਓ ਮੈਂ ਕਿਹਾ
ਛੇਤੀ ਆ।’’
ਸ਼ਰਨ ਦੀ ਮਾਂ ਇਕੱਠੀ ਕੀਤੀ ਚੁੰਨੀ ਸਿਰ ’ਤੇ ਰੱਖ ਕੇ ਨੰਗੇ ਪੈਰੀਂ ਹੀ ਕਾਹਲ਼ੀ ਨਾਲ ਆਈ।
‘‘ਆਹ ਦੇਖ ਆਪਣਾ ਸ਼ਰਨੀ ਅਫ਼ਸਰ ਬਣ ਗਿਆ।’’ ਉਹ ਪਾਈ ਵਰਦੀ ਨੂੰ ਵਾਰ-ਵਾਰ ਹੱਥ ਲਾਉਂਦਿਆਂ ਬੋਲੀ ਜਾ ਰਿਹਾ ਸੀ।
ਸ਼ਰਨ ਨੂੰ ਦੋਵਾਂ ਨੇ ਆਪਣੇ ਨਾਲ ਲਾ ਕੇ ਘੁੱਟ ਲਿਆ ਜਿਵੇਂ ਪੂਰਾ ਜਹਾਨ ਕਲਾਵੇ ’ਚ ਲੈ ਲਿਆ ਹੋਵੇ।
‘‘ਆ ਪੁੱਤ ਥੱਕਿਆ ਹੋਵੇਂਗਾ, ਤੂੰ ਅੰਦਰ ਆਰਾਮ ਕਰ। ਮੈਂ ਤੇਰੇ ਲਈ ਹੁਣੇ ਖੀਰ ਤੇ ਪ੍ਰਸ਼ਾਦ ਬਣਾਉਂਦੀ ਆਂ।’’
‘‘ਨਾ ਮਾਂ, ਆਰਾਮ ਪਹਿਲਾਂ ਬਥੇਰਾ ਕਰ ਲਿਆ। ਬਸ ਹੁਣ ਤਾਂ ਜਿਹੜੀ ਇਹ ਉਲਟ ਹਵਾ ਵਗ ਰਹੀ ਐ‌ ਇਸ ’ਤੇ ਕਾਬੂ ਪਾ ਕੇ ਹੀ ਆਰਾਮ ਕਰਾਂਗੇ।’’ ਸ਼ਰਨ ਨੇ ਵਿਸ਼ਵਾਸ ਤੇ ਜੋਸ਼ ਭਰੇ ਲਹਿਜੇ ਵਿੱਚ ਕਿਹਾ।
‘‘ਹਾਂ ਪੁੱਤਰਾ, ਇਸ ਨੂੰ ਠੱਲ੍ਹ ਪਾਉਣ ਲਈ ਤੇਰੇ ਵਰਗੇ ਹੌਸਲੇ ਵਾਲੇ ਅਫ਼ਸਰਾਂ ਦੀ ਲੋੜ ਐ।’’ ਸ਼ਰਨ ਦੇ ਹੌਸਲੇ ਨੂੰ ਵਧਾਉਂਦਿਆਂ ਮਹਿੰਦਰ ਨੇ ਕਿਹਾ।
ਉਸ ਦੀ ਡਿਊਟੀ ਨਾਲ ਵਾਲੇ ਕਸਬੇ ਵਿੱਚ ਥਾਣਾ ਇੰਚਾਰਜ ਵਜੋਂ ਲੱਗੀ ਸੀ।
‘‘ਬਸ ਹੁਣ ਮੇਰਾ ਇੱਕ ਹੀ ਮਕਸਦ ਐ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ, ਨਸ਼ਾ ਸਪਲਾਈ ਦੀ ਚੇਨ ਨੂੰ ਤੋੜਨਾ ਤੇ ਨਸ਼ਾ ਸੌਦਾਗਰਾਂ ’ਤੇ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਣਾ।’’ ਸ਼ਰਨ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
ਮਾਂ ਦਾ ਪਿਆਰ ਨਾਲ ਬਣਾਇਆ ਰੋਟੀ-ਪਾਣੀ ਛਕ ਕੇ ਉਹ ਪਿੰਡ ਦੇ ਦਰਵਾਜ਼ੇ ਵੱਲ ਗੇੜਾ ਮਾਰਨ ਚਲਾ ਗਿਆ।‌
‘‘ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।’’
‘‘ਸਾਸਰੀ ਕਾਲ ਭਾਈ, ਕੌਣ ਐ ਸਿਆਣਿਆ ਨ੍ਹੀਂ?’’ ਨਿਹਾਲੇ ਨੇ ਅੱਖਾਂ ਨੂੰ ਹੱਥ ਨਾਲ ਓਟ ਕਰਦਿਆਂ ਆਖਿਆ।
‘‘ਤਾਇਆ, ਮੈਂ ਮਹਿੰਦਰ ਦਾ ਸ਼ਰਨੀ,’’ ਉਸ ਨੇ ਅਦਬ ਨਾਲ ਕਿਹਾ।
ਨਿਹਾਲੇ ਨੇ ਮੋਢੇ ’ਤੇ ਹੱਥ ਰੱਖਦਿਆਂ ਉਸ ਨੂੰ ਆਖਿਆ, ‘‘ਮੈਂ ਸੁਣਿਐ ਤੂੰ ਪੁਲੀਸ ਅਫ਼ਸਰ ਬਣ ਗਿਆ।’’
‘‘ਹਾਂ ਤਾਇਆ, ਸਭ ਤੁਹਾਡੇ ਵੱਡਿਆਂ ਦੇ ਆਸ਼ੀਰਵਾਦ ਦਾ ਸਦਕਾ।’’ ਉਹ ਬੜੀ ਹਲੀਮੀ ਨਾਲ ਬੋਲਿਆ।
‘‘ਚੰਗਾ ਤਾਇਆ ਚਲਦਾਂ, ਡਿਊਟੀ ’ਤੇ ਜਾਣੈ, ਸਤਿ ਸ੍ਰੀ ਆਕਾਲ।’’
‘‘ਕਰਨੈਲ ਸਿਆਂ ਲੱਗਦਾ ਨੀਂ ਤੀ ਕਿ ਇਹ ਨਸ਼ਾ ਛੱਡ ਜੂ ਪਰ ਕਰੜਾ ਨਿਕਲਿਆ।’’ ਨਿਹਾਲਾ ਆਪਣੀ ਪੱਗ ਦਾ ਲੜ ਠੀਕ ਕਰਦਿਆਂ ਬੋਲਿਆ।
‘‘ਬਸ ਇਹ ਹੀ ਐ ਨਿਹਾਲਿਆ ਜਿਹਦੀ ਕਿਸਮਤ ਚੰਗੀ ਹੁੰਦੀ ਐ, ਨਹੀਂ ਐਂ ਈ ਪਤਾ ਲੱਗਦੈ ਕਿ ਟੀਕਾ ਬਾਂਹ ’ਚ ਈ ਰਹਿ ਗਿਆ।’’ ਕਰਨੈਲ ਨੇ ਅੱਜ ਦਾ ਕੌੜਾ ਸੱਚ ਆਖਿਆ।
ਇੰਸਪੈਕਟਰ ਸ਼ਰਨਜੀਤ ਆਪਣੇ ਥਾਣੇ ਵਿੱਚ ਸਟਾਫ ਮੀਟਿੰਗ ਵਿੱਚ ਬੋਲ ਰਿਹਾ ਸੀ, ‘‘ਇੱਕ ਵੱਡੇ ਕੰਮ ਦਾ ਜ਼ਿੰਮਾ ਹੋਰ ਚੁੱਕਣਾ ਪੈਣੈ ਸਾਥੀਉ। ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਅਦਾਰਿਆਂ, ਵੱਡੇ-ਵੱਡੇ ਸ਼ੋਅਰੂਮਾਂ ਤੇ ਕੰਮਕਾਜ ਵਾਲੀਆਂ ਹੋਰ ਥਾਵਾਂ ’ਤੇ ਰੁਜ਼ਗਾਰ ਦਿਵਾਉਣਾ, ਇਸ ਲਈ ਵੀ ਸਾਨੂੰ ਤਰੱਦਦ ਕਰਨਾ ਪੈਣਾ ਹੈ।’’ ਮੀਟਿੰਗ ਵਿੱਚ ਹਾਜ਼ਰ ਸਾਰੇ ਮੁਲਾਜ਼ਮਾਂ ਨੇ ਤਾੜੀਆਂ ਮਾਰ ਕੇ ਇਸ ਗੱਲ ਦੀ ਪ੍ਰੋੜਤਾ ਕੀਤੀ।
ਆਪਣੀ ਗੱਲ ਜਾਰੀ ਰੱਖਦਿਆਂ ਉਸ ਨੇ ਅੱਗੇ ਕਿਹਾ, ‘‘ਕੁਰਾਹੇ ਪਈ ਨੌਜਵਾਨੀ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਈਮਾਨਦਾਰੀ ਨਾਲ ਕੰਮ ਕਰੀਏ ਤਾਂ ਕਿ ਦੇਸ਼ ਦੇ ਬੇਸ਼ਕੀਮਤੀ ਸਰਮਾਏ ਨੂੰ ਬਚਾਇਆ ਜਾ ਸਕੇ।’’
ਸੰਪਰਕ: 86995-35708

Advertisement