ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਹੋਕਾ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 23 ਮਾਰਚ
ਇੱਥੇ ਲੋਕ ਇਨਕਲਾਬ ਮੰਚ ਪੰਜਾਬ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ, ਰਾਜਿੰਦਰ ਮਾਰਸ਼ਲ, ਰਮੇਸ਼ ਹੁਸ਼ਿਆਰਪੁਰੀ ਅਤੇ ਗੁਰਪਾਲ ਸਿੰਘ ਜੌੜਾ ਡੀਪੀਆਈ ( ਸੇਵਾਮੁਕਤ) ਦੀ ਅਗਵਾਈ ਹੇਠ ਸ਼ਹੀਦੀ ਦਿਹਾੜਾ ਮਨਾਉਣ ਲਈ ਸਥਾਨਕ ਸ਼ਿਮਲਾ ਪਹਾੜੀ ਪਾਰਕ ਵਿੱਚ ਲੋਕਾਂ ਦਾ ਵੱਡਾ ਇਕੱਠ ਹੋਇਆ।
ਇਸ ਮੌਕੇ ਸਰ ਮਾਰਸ਼ਲ, ਮਾਤਾ ਸਾਹਿਬ ਕੌਰ, ਲਿਟਲ ਕਿੰਗਡਮ, ਅਰਥ ਕੈਂਬਰਿਜ ਅਤੇ ਸਰਕਾਰੀ ਸਕੂਲ ਉਹੜਪੁਰ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ ਅਤੇ ਇਨਕਲਾਬੀ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ਼ ਕਰ ਕੇ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਹੋਕਾ ਦਿੱਤਾ। ਬਾਅਦ ਵਿੱਚ ਇੱਥੋਂ ਇਨਕਲਾਬੀ ਮੈਰਾਥਨ ਸ਼ੁਰੂ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਮਕਸਦ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ ਉਹ ਅਜੇ ਤਕ ਪੂਰਾ ਨਹੀਂ ਹੋ ਸਕਿਆ। ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਭਟਕ ਰਹੇ ਹਨ।
ਇਸ ਮੌਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਹਰਜੀਤ ਸਿੰਘ ਜੌੜਾ, ਜਥੇਦਾਰ ਦਵਿੰਦਰ ਸਿੰਘ ਮੂਨਕ, ਡਾ. ਲਵਪ੍ਰੀਤ ਸਿੰਘ ਪਾਬਲਾ, ਡਾ. ਸ਼ਿਵਰਾਜ ਰੇਖੀ, ਡਾ. ਅਮੋਲਕ ਸਿੰਘ, ਡਾ. ਕੇਵਲ ਸਿੰਘ, ਸੁਖਵਿੰਦਰ ਸਿੰਘ ਅਰੋੜਾ, ਕਾਮਰੇਡ ਸੁਖਦੇਵ ਜਾਜਾ, ਕਾਮਰੇਡ ਸੁਖਦੇਵ ਰਾਜ, ਇੰਜੀ: ਰਮਨ ਕੁਮਾਰ, ਗਗਨ ਵੈਦ, ਸਾਹਿਬ ਸਿੰਘ, ਵਰਿੰਦਰ ਨਿਮਾਣਾ, ਕਾਮਰੇਡ ਰਜਿੰਦਰ ਸਿੰਘ, ਪ੍ਰੋਫੈਸਰ ਕੇਵਲ ਕਲੋਟੀ, ਬੌਬੀ ਮਾਲਵਾ, ਲੋਕੇਸ਼ ਵਸਿਸ਼ਟ, ਬਲਜੀਤ ਸੈਣੀ ਤੇ ਮੀਨਾ ਦਿਵੇਦੀ ਵੀ ਮੌਜੂਦ ਸਨ।
ਇਸ ਮੌਕੇ ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ।