ਮਜ਼ਦੂਰ ਯੂਨੀਅਨ ਵੱਲੋਂ ਬਿਜਲੀ ਕੁਨੈਕਸ਼ਨ ਕੱਟਣ ਦਾ ਵਿਰੋਧ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 25 ਮਾਰਚ
ਪੇਂਡੂ ਮਜ਼ਦੂਰ ਯੂਨੀਅਨ ਨੇ ਕਰਤਾਰਪੁਰ ਹਲਕੇ ਦੇ ਬੇਜ਼ਮੀਨੇ ਮਜ਼ਦੂਰਾਂ ਦੇ ਜਬਰੀ ਬਿੱਲ ਵਸੂਲੀ ਲਈ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦਾ ਵਿਰੋਧ ਕਰਦਿਆਂ ਪਾਵਰਕੌਮ ਦੇ ਡਿਵੀਜ਼ਨ ਕਰਤਾਰਪੁਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਯੂਨੀਅਨ ਪਾਵਰਕਾਮ ਅਧਿਕਾਰੀ ਵਿਨੇ ਸ਼ਰਮਾ ਤੇ ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਕਰਤਾਰਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਬੇਜ਼ਮੀਨੇ ਮਜ਼ਦੂਰਾਂ ਦੇ ਬਕਾਏ ਘਰੇਲੂ ਬਿਜਲੀ ਬਿੱਲ ਮੁਆਫ਼ ਕੀਤੇ ਜਾਣ ਅਤੇ ਕੱਟੇ ਬਿਜਲੀ ਕੁਨੈਕਸ਼ਨ ਤੁਰੰਤ ਚਾਲੂ ਕੀਤੇ ਜਾਣ। ਬਿੱਲ ਵਸੂਲੀ ਲਈ ਕੁਨੈਕਸ਼ਨ ਕੱਟਣ ਉੱਪਰ ਤੁਰੰਤ ਰੋਕ ਲਗਾ ਕੇ ਜ਼ੁਰਮਾਨਿਆਂ ਉੱਪਰ ਲਕੀਰ ਮਾਰੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਯੂਥ ਵਿੰਗ ਗੁਰਪ੍ਰੀਤ ਸਿੰਘ ਚੀਦਾ, ਯੂਨੀਅਨ ਦੇ ਤਹਿਸੀਲ ਸਕੱਤਰ ਕੇ ਐੱਸ ਅਟਵਾਲ, ਬਲਵਿੰਦਰ ਕੌਰ ਦਿਆਲਪੁਰ, ਸੁਖਜਿੰਦਰ ਪੁਆਰ ਤੇ ਸਰਬਜੀਤ ਕੌਰ ਆਦਿ ਕਈ ਲੋਕ ਮੌਜੂਦ ਸਨ।
ਇਸ ਸਬੰਧੀ ਪਾਵਰਕੌਮ ਕਰਤਾਰਪੁਰ ਦੇ ਵਧੀਕ ਨਿਗਰਾਨ ਇੰਜਨੀਅਰ ਵਿਨੇ ਸ਼ਰਮਾ ਨੇ ਕਿਹਾ ਕਿ ਖਪਤਕਾਰ ਸਮੇਂ ਸਿਰ ਬਿਜਲੀ ਦਾ ਬਿੱਲ ਅਦਾ ਕਰਨ ਤਾ ਕਿ ਖੱਜਲ ਖੁਆਰੀ ਤੋ ਬਚਿਆ ਜਾ ਸਕੇ। ਉਹ ਨਾਜਾਇਜ਼ ਢੰਗ ਨਾਲ ਕਿਸੇ ਦਾ ਕੁਨੈਕਸ਼ਨ ਨਹੀਂ ਕੱਟਦੇ। ਲੋਕ ਨੇਮਾਂ ਦਾ ਪਾਲਣ ਕਰਦਿਆਂ ਸਮੇਂ ਸਿਰ ਬਿਜਲੀ ਦਾ ਬਿੱਲ ਭਰਨ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ।