ਜਲੰਧਰ-ਪਠਾਨਕੋਟ ਰੋਡ ’ਤੇ ਹਾਦਸੇ ’ਚ ਜੋੜੇ ਦੀ ਮੌਤ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 28 ਮਾਰਚ
ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਡਾ ਖੁੱਡਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਵਿਅਕਤੀ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਵਜੋਂ ਹੋਈ ਹੈ। ਰਾਜਵਿੰਦਰ ਅਤੇ ਸੁਰਜੀਤ ਆਪਣੇ ਧੀ-ਜਵਾਈ ਨੂੰ ਮਿਲ ਕੇ ਪਿੰਡ ਮੁਰਾਦਪੁਰ ਨਰਿਆਲ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰ ਉਸ ਵੇਲੇ ਵਾਪਰਿਆ ਜਦੋਂ ਸਕੂਟਰੀ ਸਵਾਰ ਪਤੀ-ਪਤਨੀ ਇਕ ਫਾਰਚੂਨਰ ਗੱਡੀ ਦੀ ਲਪੇਟ ਵਿਚ ਆ ਗਏ। ਇਸ ਮਗਰੋਂ ਸੁਰਜੀਤ ਸਿੰਘ ਤੇ ਰਾਜਵਿੰਦਰ ਕੌਰ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਥਾਣੇਦਾਰ ਜਸਵਿੰਦਰ ਸਿੰਘ, ਦਲਜੀਤ ਸਿੰਘ ਅਤੇ ਰੁਚਿਕਾ ਡਡਵਾਲ ਨੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਦੋਵਾਂ ਦੀ ਮੌਤ ਹੋ ਗਈ। ਇਹ ਘਟਨਾ ਕੌਮੀ ਮਾਰਗ ’ਤੇ ਸੜਕ ਕਿਨਾਰੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਟਾਂਡਾ ਪੁਲੀਸ ਦੇ ਥਾਣੇਦਾਰ ਜਗਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਗਵਾੜਾ ਸ਼ੂਗਰ ਮਿੱਲ ਚੌਕ ਵਿੱਚ ਸੜਕ ਹਾਦਸਾ, ਇੱਕ ਹਲਾਕ
ਫਗਵਾੜਾ (ਪੱਤਰ ਪ੍ਰੇਰਕ): ਫਗਵਾੜਾ ਦੇ ਸ਼ੂਗਰ ਮਿੱਲ ਪੁਲ ਉੱਪਰ ਕਾਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਓਂਕਾਰ ਸਿੰਘ ਬਾਜਵਾ ਵਾਸੀ ਰਾਵਲਪਿੰਡੀ ਵਜੋਂ ਹੋਈ ਹੈ। ਓਂਕਾਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਿਸੇ ਕੰਮ ਲਈ ਬਾਜ਼ਾਰ ਗਿਆ ਸੀ। ਉਨ੍ਹਾਂ ਨੂੰ 9 ਵਜੇ ਦੇ ਕਰੀਬ ਪਤਾ ਲੱਗਾ ਕਿ ਉਸ ਦੇ ਪਤੀ ਦਾ ਸ਼ੂਗਰ ਮਿੱਲ ਪੁਲ ’ਤੇ ਐਕਸੀਡੈਂਟ ਹੋ ਗਿਆ ਹੈ।