ਰਿਸ਼ਵਤ ਮੰਗਣ ਦੇ ਦੋਸ਼ ਹੇਠ ਐੱਸਐੱਚਓ ਤੇ ਏਐੱਸਆਈ ਗ੍ਰਿਫ਼ਤਾਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 31 ਮਾਰਚ
ਵਿਜੀਲੈਂਸ ਬਿਊਰੋ ਨੇ ਥਾਣਾ ਬੁੱਲ੍ਹੋਵਾਲ ਵਿੱਚ ਤਾਇਨਾਤ ਐੱਸਐੱਚਓ ਸਬ ਇੰਸਪੈਕਟਰ ਰਮਨ ਕੁਮਾਰ ਅਤੇ ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਨੂੰ 1.50 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪਿੰਡ ਅਸਲਪੁਰ ਵਾਸੀ ਇਕ ਵਿਅਕਤੀ ਨੇ ਆਨਲਾਈਨ ਦਰਜ ਕਰਵਾਈ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਥਾਣਾ ਬੁੱਲ੍ਹੋਵਾਲ ’ਚ ਉਸ ਦੇ ਭਤੀਜੇ ਵਿਰੁੱਧ ਐੱਨਡੀਪੀਐੱਸ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਕਤ ਪੁਲੀਸ ਮੁਲਾਜ਼ਮ ਉਸ ਦੇ ਪੁੱਤਰ ਨੂੰ ਐੱਨਡੀਪੀਐੱਸ ਕਾਨੂੰਨ ਦੀ ਧਾਰਾ 29 ਤਹਿਤ ਇਸ ਮੁਕੱਦਮੇ ਵਿੱਚ ਫ਼ਸਾਉਣ ਦੀ ਧਮਕੀ ਦੇ ਰਹੇ ਸਨ। ਉਕਤ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਕੇਸ ਤੋਂ ਬਾਹਰ ਰੱਖਣ ਲਈ 1.50 ਲੱਖ ਰੁਪਏ ਦੀ ਰਿਸ਼ਵਤ ਮੰਗੀ ਪਰ ਫ਼ਿਰ ਇਕ ਲੱਖ ਰੁਪਏ ਲੈਣਾ ਮੰਨ ਗਏ।
ਸ਼ਿਕਾਇਤਕਰਤਾ ਨੇ ਦੋਵਾਂ ਪੁਲੀਸ ਮੁਲਾਜ਼ਮਾਂ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਆਡੀਓ ਸਬੂਤ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੇ। ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ, ਬੀਐਨਐਸ ਦੀ ਧਾਰਾ 61(2) ਅਤੇ ਐਨਡੀਪੀਐਸ ਕਾਨੂੰਨ ਦੀ ਧਾਰਾ 59 ਤਹਿਤ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਉਕਤ ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।