ਅਕਾਲੀ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਸਾਬੀ ਵਲੋਂ ਸ਼ਕਤੀ ਪ੍ਰਦਰਸ਼ਨ
ਜਗਜੀਤ ਸਿੰਘ
ਮੁਕੇਰੀਆਂ, 3 ਅਪਰੈਲ
ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਗਲਤ ਤਰੀਕੇ ਨਾਲ ਹਟਾਉਣ ਦੇ ਰੋਸ ਵਜੋਂ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਹਲਕੇ ਦੇ ਆਗੂ ਸਰਬਜੋਤ ਸਿੰਘ ਸਾਬੀ ਵੱਲੋਂ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕੀਤਾ ਗਿਆ। ਇਕੱਠ ਦੌਰਾਨ ਸਰਬਜੋਤ ਸਾਬੀ ਨੇ ਭਖਦੀਆਂ ਮੰਗਾਂ ਲਈ 11 ਅਪਰੈਲ ਨੂੰ ਐੱਸਡੀਐੱਮ ਦਫ਼ਤਰ ਅੱਗੇ ਧਰਨੇ ਦਾ ਐਲਾਨ ਕੀਤਾ ਹੈ।
ਇਸ ਮੌਕੇ ਸਰਬਜੋਤ ਸਾਬੀ ਨੇ ਕਿਹਾ ਕਿ ਮੁਕੇਰੀਆਂ ਹਲਕਾ ਉਨ੍ਹਾਂ ਦਾ ਘਰ ਹੈ ਤੇ ਆਪਣੇ ਪਰਿਵਾਰ ਦੇ ਹੱਕਾਂ-ਹਿੱਤਾਂ ਲਈ ਲੜਨਾ-ਖੜ੍ਹਨਾ ਉਨ੍ਹਾਂ ਦਾ ਧਰਮ ਹੈ। ਹਲਕੇ ਵਿੱਚ ਸੜਕਾਂ ਦਿਖਾਈ ਨਹੀਂ ਦੇ ਰਹੀਆਂ ਤੇ ਪਿਛਲੇ 3 ਸਾਲ ਵਿੱਚ ਵਿਕਾਸ ਦੀ ਇੱਕ ਇੱਟ ਹਲਕੇ ਵਿੱਚ ਨਹੀਂ ਲੱਗੀ। ਹਲਕੇ ਦਾ ਭਾਜਪਾ ਵਿਧਾਇਕ ਗਾਇਬ ਨਜ਼ਰ ਆ ਰਿਹਾ ਹੈ ਤੇ ਵੋਟਰ ਨਿਰਾਸ਼ ਬੈਠੇ ਹਨ। ਹਲਕੇ ਦੇ ਕੁਦਰਤੀ ਸਾਧਨਾਂ ਦੀ ਮਾਈਨਿੰਗ ਮਾਫੀਆ ਲੁੱਟ ਕਰਕੇ ਭਾਰੀ ਵਾਹਨ ਪਿੰਡਾਂ ਦੀਆਂ ਸੜਕਾਂ ਨੂੰ ਤੋੜ ਰਹੇ ਹਨ। ਸਰਬਜੋਤ ਸਾਬੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੋਕਣ ਦੇ ਦਾਅਵੇ ਕਰਨ ਵਾਲੀ ਸਰਕਾਰ ਹਲਕੇ ਅੰਦਰ ਸਰਕਾਰੀ ਦਫਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾ ਸਕੀ। ਸਰਕਾਰੀ ਦਫ਼ਤਰਾਂ ਅੰਦਰ ਪੈਸੇ ਦਿੱਤੇ ਬਿਨਾਂ ਲੋਕਾਂ ਦੇ ਕੰਮ ਨਹੀਂ ਹੋ ਰਹੇ।
ਸਰਬਜੋਤ ਸਾਬੀ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਅਵੇ ਕਰ ਰਹੇ ਹਨ ਕਿ ਉਹ ਵਿਕਾਸ ਦੇ ਮਾਮਲੇ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕਰਨਗੇ ਲੇਕਿਨ ਦੂਜੇ ਪਾਸੇ ਮੁਕੇਰੀਆਂ ਹਲਕੇ ਵਿੱਚ ਪਾਰਟੀ ਨੂੰ ਜਿੱਤ ਨਾ ਮਿਲਣ ਕਰਕੇ ਵਿਕਾਸ ਰੋਕ ਕੇ ਲੋਕਾਂ ਨੂੰ ਸਜ਼ਾ ਦੇ ਰਹੇ ਹਨ। ਇਸ ਮੌਕੇ ਹਰਭਜਨ ਸਿੰਘ ਮੇਹੰਦੀਪੁਰ,ਹਰਭਜਨ ਸਿੰਘ ਤੱਗੜ ਕਲਾਂ, ਲਖਵੀਰ ਸਿੰਘ ਰੰਧਾਵਾ, ਕੁਲਵੀਰ ਸਿੰਘ ਬੱਬਾ ਤੇ ਗੁਰਦੀਪ ਸਿੰਘ ਗੇਰਾ ਆਦਿ ਵੀ ਹਾਜ਼ਰ ਸਨ।