ਨੌਜਵਾਨ ਦੀ ਮੌਤ ਮਗਰੋਂ ਪੀੜਤ ਪਰਿਵਾਰ ਵੱਲੋਂ ਧਰਨਾ
ਹਤਿੰਦਰ ਮਹਿਤਾ
ਜਲੰਧਰ, 6 ਅਪਰੈਲ
ਇਥੇ ਨੌਜਵਾਨ ਦੀ ਮੌਤ ਮਾਮਲੇ ’ਚ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਦੁਖੀ ਪਰਿਵਾਰਕ ਮੈਂਬਰਾਂ ਨੇ ਢਿੱਲਵਾਂ ਚੌਕ ’ਚ ਪ੍ਰਦਰਸ਼ਨ ਕਰਦੇ ਹੋਏ ਰਾਮਾ ਮੰਡੀ-ਹੁਸ਼ਿਆਰਪੁਰ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਕਰਨ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਹਰੀਪੁਰ ਥਾਣਾ ਆਦਮਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰਕਰਨ ਬੀਤੀ 17 ਮਾਰਚ ਨੂੰ ਆਪਣੇ ਕੁਝ ਦੋਸਤਾਂ ਨਾਲ ਚੌਕੀ ਪਰਾਗਪੁਰ ਅਧੀਨ ਆਉਂਦੇ ਇਕ ਅਹਾਤੇ ’ਤੇ ਖਾਣਾ ਖਾ ਰਿਹਾ ਸੀ ਕਿ ਕਰੂਜ਼ ਕਾਰ ਨੰਬਰੀ ਪੀਬੀ-06-ਵੀ-7171 ਵਿੱਚ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਹਰਕਰਨ ਦੇ ਸਿਰ ’ਚ ਗੰਭੀਰ ਸੱਟਾਂ ਲੱਗ ਗਈਆਂ ਸਨ, ਜਿਸ ਨੂੰ ਨਜ਼ਦੀਕੀ ਜੌਹਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਸ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਪੁੱਤਰ ਦੀ ਮੌਤ ਮਗਰੋਂ ਪਰਾਗਪੁਰ ਚੌਕੀ ਪੁਲੀਸ ’ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਉਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਚੌਕੀ ਇੰਚਾਰਜ ਐੱਸਆਈ ਮਦਨ ਸਿੰਘ ਖ਼ਿਲਾਫ਼ ਢਿੱਲਵਾਂ ਚੌਕ ’ਚ ਪ੍ਰਦਰਸ਼ਨ ਕਰਦੇ ਹੋਏ ਹਾਈਵੇਅ ’ਤੇ ਆਵਾਜਾਈ ਠੱਪ ਕਰ ਦਿੱਤੀ। ਐੱਸਆਈ ਮਦਨ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਦੀ ਗੱਲ ਚਲ ਰਹੀ ਸੀ, ਜਿਸ ਕਾਰਨ ਕਾਰਵਾਈ ਨਹੀਂ ਕੀਤੀ ਜਾ ਸਕੀ ਪਰ ਹੁਣ ਛੇਤੀ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ। ਹਾਈਵੇਅ ਜਾਮ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਏਡੀਸੀਪੀ ਜਲੰਧਰ ਸਿਟੀ ਸੁਖਵਿੰਦਰ ਸਿੰਘ, ਏਸੀਪੀ ਜਲੰਧਰ ਕੈਂਟ ਬਬਨਦੀਪ ਸਿੰਘ ਲੁਬਾਣਾ, ਐੱਸਐੱਚਓ ਜਲੰਧਰ ਕੈਂਟ ਰਵਿੰਦਰ ਕੁਮਾਰ ਪੁਲੀਸ ਟੀਮਾਂ ਨਾਲ ਮੌਕੇ ’ਤੇ ਪਹੁੰਚੇ। ਏਡੀਸੀਪੀ ਸੁਖਵਿੰਦਰ ਸਿੰਘ ਨੇ ਮੁਲਜ਼ਮਾਂ ਨੂੰ ਬੁੱਧਵਾਰ ਤੱਕ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ। ਏਡੀਸੀਪੀ ਦੇ ਭਰੋਸੇ ਮਗਰੋਂ ਪਰਿਵਾਰ ਨੇ ਧਰਨਾ ਪ੍ਰਦਰਸ਼ਨ ਖਤਮ ਕੀਤਾ ਗਿਆ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਤਦ ਤੱਕ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਜੇ ਪੁਲੀਸ ਨੇ ਦਿੱਤੇ ਗਏ ਸਮੇਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜਲੰਧਰ ਸ਼ਹਿਰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ।