ਈਦ-ਉਲ-ਫਿਤਰ ਦੀ ਖੁਸ਼ੀ ਵਿੱਚ ਈਦ ਮਿਲਣ ਪਾਰਟੀ
ਸੁੱਚਾ ਸਿੰਘ ਪਸਨਾਵਾਲ
ਕਾਦੀਆਂ, 6 ਅਪਰੈਲ
ਅਹਿਮਦੀਆ ਮੁਸਲਿਮ ਜਮਾਤ ਦੇ ਮੁੱਖ ਕੇਂਦਰ ਕਾਦੀਆਂ ਵਿੱਚ ਈਦ ਉਲ ਫਿਤਰ ਦੀ ਖੁਸ਼ੀ ਵਿੱਚ ਈਦ ਮਿਲਣ ਪਾਰਟੀ ਸਮਾਗਮ ‘ਸਰਾਏ ਤਾਹਿਰ’ ਹਾਲ ਵਿੱਚ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਸਕੱਤਰ ਮੌਲਾਨਾ ਮੁਹੰਮਦ ਇਨਾਮ ਗੌਰੀ ਨੇ ਕੀਤੀ। ਉਨ੍ਹਾਂ ਨਾਲ ਜਨਰਲ ਅਫੇਅਰ ਡਾਇਰੈਕਟਰ ਅਬਦੁਲ ਮੋਮਿਨ , ਜਮਾਤ ਅਹਿਮਦੀਆ ਦੇ ਬੁਲਾਰੇ ਮੌਲਾਨਾ ਕੇ ਤਾਰਿਕ ਅਹਿਮਦ, ਮੌਲਾਨਾ ਹਮੀਦ ਕੌਸਰ, ਡਿਪਟੀ ਸਕੱਤਰ ਜੁਬੈਰ ਅਹਿਮਦ ਡਿਪਟੀ ਸਕੱਤਰ ਨਸਰਮ ਮਿਨਲਾਹ, ਚੌਧਰੀ ਅਬਦੁਲ ਵਾਸੇ ਵੀ ਮੌਜੂਦ ਸਨ। ਪਵਿੱਤਰ ਕੁਰਾਨ ਦੀ ਤਿਲਾਵਤ ਦੇ ਨਾਲ ਪ੍ਰੋਗਰਾਮ ਦਾ ਆਰੰਭ ਹੋਇਆ। ਇਸ ਮੌਕੇ ਮੁਸਲਿਮ ਜਮਾਤ ਅਹਿਮਦੀਆ ਵੱਲੋਂ ਦੁਨੀਆ ਭਰ ਵਿੱਚ ਕੀਤੇ ਜਾ ਰਹੇ ਅਮਨ ਸ਼ਾਂਤੀ ਦੇ ਕਾਰਜਾਂ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਬੁਲਾਰਿਆਂ ਨੇ ਕਿਹਾ ਜਮਾਤ ਅਹਿਮਦੀਆ ਇਕ ਅਮਨ ਪਸੰਦ ਜਮਾਤ ਹੈ ਅਤੇ ਮੁਹੱਬਤ ਸਭਨਾ ਨਾਲ, ਨਫ਼ਰਤ ਕਿਸੇ ਤੋਂ ਨਹੀਂ ਦੇ ਸਲੋਗਨ ’ਤੇ ਕੰਮ ਕਰਦੀ ਹੈ। ਅੰਤ ’ਚ ਮੁੱਖ ਸਕੱਤਰ ਮੌਲਾਨਾ ਮੁਹੰਮਦ ਇਨਾਮ ਗੋਰੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਫਤਿਹਗੜ੍ਹ ਚੂੜੀਆਂ ਤੇ ਸਾਬਕਾ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਆਪ ਪਾਰਟੀ ਦੇ ਸੂਬਾ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਆਪ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਦੇ ਬਾਬਾ ਸੁਖਦੇਵ ਸਿੰਘ ਬੇਦੀ, ਵਰਿੰਦਰ ਪਰਭਾਕਰ, ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਸਥਾਨਕ ਕਮੇਟੀ ਦੇ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜੇਪੀ ਭਗਤ ਤੇ ਹਲਕਾ ਪ੍ਰਧਾਨ ਕਸਤੂਰੀ ਲਾਲ ਸ਼ਾਮਲ ਸਨ।