ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 6 ਅਪਰੈਲ
ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਅਤੇ ਹਨੀ ਟਰੈਪ ਵਿੱਚ ਫਸਾ ਕੇ ਜਬਰੀ ਵਸੂਲੀ ਕਰਨ ਵਾਲੇ ਗਰੋਹ ਦੇ 4 ਮੈਬਰਾਂ ਨੂੰ ਗ੍ਰਿਫ਼ਤਾਰ ਕਰਕੇ ਸਾਮਾਨ ਬਰਾਮਦ ਕੀਤਾ ਹੈ। ਡੀਐੱਸਪੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜਗਰੂਪ ਸਿੰਘ ਵਾਸੀ ਜ਼ੀਰਾ (ਫਿਰੋਜਪੁਰ) ਨੇ ਇਤਲਾਹ ਦਿੱਤੀ ਸੀ ਕਿ ਉਹ ਐੱਚਡੀਐੱਫਸੀ ਬੈਂਕ ਦੀ ਮੋਗਾ ਬ੍ਰਾਂਚ ਦੇ ਲੋਨ ਵਿਭਾਗ ’ਚ ਕੰਮ ਕਰਦਾ ਹੈ। ਪਹਿਲੀ ਅਪਰੈਲ ਨੂੰ ਇਕ ਮਹਿਲਾ ਨੇ ਫੋਨ ਕਰਕੇ ਕਰਜ਼ਾ ਲੈਣ ਦੇ ਬਹਾਨੇ ਉਸ ਨੂੰ ਸ਼ਾਹਕੋਟ ਬੁਲਾਇਆ ਸੀ। ਜਦੋਂ ਉਸ ਨੇ ਸ਼ਾਹਕੋਟ ਆ ਕੇ ਔਰਤ ਨੂੰ ਫੋਨ ਕੀਤਾ ਤਾਂ ਉਹ ਉਸਨੂੰ ਉਸ ਘਰ ਵਿੱਚ ਲੈ ਗਈ, ਜਿੱਥੇ ਪਹਿਲਾਂ ਹੀ ਤਿੰਨ ਮਰਦ ਤੇ ਤਿੰਨ ਔਰਤਾਂ ਮੌਜੂਦ ਸਨ। ਉਨ੍ਹਾਂ ਨੇ ਉਸ ਨੂੰ ਕਮਰੇ ’ਚ ਬੰਦ ਕਰ ਕੇ ਔਰਤ ਨਾਲ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਅਤੇ ਪੱਖੇ ਨਾਲ ਬੰਨ੍ਹ ਕੇ ਉਲਟਾ ਲਟਕਾਉਂਦਿਆ ਕੁੱਟਮਾਰ ਵੀ ਕੀਤੀ। ਉਸ ਨੂੰ ਬਲੈਕਮੇਲ ਕਰਦਿਆ ਡਰਾ ਧਮਕਾ ਕੇ ਉਸ ਦੇ ਏਟੀਐੱਮ ਅਤੇ ਕਰੈਡਿਟ ਕਾਰਡਾਂ ਰਾਹੀਂ 90 ਹਜ਼ਾਰ ਰੁਪਏ ਕਢਵਾ ਲਏ। ਉਸ ਦੇ ਬੈਗ ’ਚੋਂ ਚੈਕ ਬੁੱਕ ਕੱਢ ਕੇ 2 ਖਾਲੀ ਚੈੱਕਾਂ ’ਤੇ ਦਸਤਖ਼ਤ ਵੀ ਕਰਵਾ ਲਏ। ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਪੀੜਤ ਬੈਂਕ ਕਰਮਚਾਰੀ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਡਾਕਟਰੀ ਕਰਵਾਉਂਦਿਆ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਗਰੋਹ ਦੇ ਮੈਂਬਰ ਚਰਨਜੀਤ ਸਿੰਘ ਤੇ ਗੁਰਬਖਸ਼ ਕੌਰ ਵਾਸੀ ਸਲੈਚ (ਸ਼ਾਹਕੋਟ), ਦਿਲਬਾਗ ਸਿੰਘ ਉਰਫ ਭੁੱਲਰ ਵਾਸੀ ਮੋਗਾ ਰੋਡ ਗਲੋਟੀ ਥਾਣਾ ਕੋਟ ਈਸੇ ਖਾਂ (ਮੋਗਾ) ਹਾਲ ਵਾਸੀ ਮੰਡੀ ਗੋਨਿਆਣਾ ਥਾਣਾ ਨੇਹੀਆਂਵਾਲਾ (ਬਠਿੰਡਾ) ਅਤੇ ਕਿਰਨਦੀਪ ਕੌਰ ਉਰਫ ਕਿਰਨ ਵਾਸੀ ਸੁੱਚਾ ਸਿੰਘ ਨਗਰ ਨੇੜੇ ਥਰਮਲ ਕਲੋਨੀ ਥਾਣਾ ਥਰਮਲ ਪਲਾਂਟ (ਬਠਿੰਡਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋ 10,200 ਰੁਪਏ, 3 ਮੋਬਾਈਲ ਫੋਨ, ਕਾਰ ਅਤੇ ਇਕ ਐਕਟਿਵਾ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ।