ਦਸੂਹਾ ਕੌਂਸਲ ਦਾ 13.19 ਕਰੋੜ ਰੁਪਏ ਦਾ ਬਜਟ ਪਾਸ
ਭਗਵਾਨ ਦਾਸ ਸੰਦਲ
ਦਸੂਹਾ, 3 ਅਪਰੈਲ
ਇੱਥੇ ਦਸੂਹਾ ਕੌਂਸਲ ਦੇ ਜਨਰਲ ਹਾਊਸ ਦੀ ਬੈਠਕ ਵਿੱਚ ਵਿੱਤੀ ਵਰ੍ਹੇ 2025-26 ਲਈ 13.19 ਕਰੋੜ 61 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਸਰਬਸੰਤੀ ਨਾਲ ਪਾਸ ਕੀਤਾ ਗਿਆ ਜਦੋਂਕਿ ਪਿਛਲੇ ਸਾਲ ਬਜਟ ਦੀ ਰਾਸ਼ੀ 11.22 ਕਰੋੜ ਸੀ। ਇਸ ਸਬੰਧੀ ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ ਦੀ ਅਗਵਾਈ ਹੇਠ ਕਰਵਾਈ ਬੈਠਕ ਵਿੱਚ ਕੌਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਤੇ ਈਓ ਕਮਲਜਿੰਦਰ ਸਿੰਘ ਸਮੇਤ ਸਮੂਹ ਕੌਂਸਲਰਾਂ ਨੇ ਹਿੱਸਾ ਲ਼ਿਆ।
ਵਿਕਾਸ ਕਾਰਜਾਂ ਲਈ 5.53 ਕਰੋੜ 50 ਹਜ਼ਾਰ ਰਾਖਵੇਂ ਰੱਖੇ ਗਏ ਜਿਸ ਵਿੱਚ ਸੀਵਰੇਜ, ਗਲੀਆਂ-ਨਾਲੀਆਂ ਦੀ ਉਸਾਰੀ, ਸਫਾਈ, ਮਸ਼ੀਨਰੀ ਤੇ ਸਟਰੀਟ ਲਾਈਟਾਂ ਆਦਿ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਅਮਲੇ ਲਈ 6.70 ਕਰੋੜ 50 ਲੱਖ ਅਤੇ ਕੰਟੀਜੈਂਸੀ ਲਈ 55.50 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ। ਪ੍ਰਧਾਨ ਸੁੱਚਾ ਸਿੰਘ ਨੇ ਦੱਸਿਆ ਕਿ ਨਵੇਂ ਵਿੱਤੀ ਵਰ੍ਹੇ ਲਈ ਪ੍ਰਾਪਰਟੀ ਟੈਕਸ ਤੋਂ 1.12 ਕਰੋੜ, ਵਾਟਰ ਸਪਲਾਈ ਤੇ ਸੀਵਰੇਜ ਤੋਂ 40 ਲੱਖ, ਦੁਕਾਨਾਂ ਦਾ ਕਿਰਾਇਆ 1.30 ਲੱਖ, ਐਕਸਾਈਜ਼ ਡਿਊਟੀ ਤੋਂ 1.25 ਕਰੋੜ, ਬਿਲਡਿੰਗ ਐਪਲੀਕੇਸ਼ਨ ਫੀਸ 1.10 ਕਰੋੜ, ਬਿਜਲੀ ਤੇ ਚੁੰਗੀ ਤੋਂ 1.60 ਕਰੋੜ, ਲਾਇਸੈਂਸ ਫੀਸ 6 ਲੱਖ, ਇਸ਼ਤਿਹਾਰੀ ਟੈਕਸ ਤੋਂ 5 ਲੱਖ ਅਤੇ ਹੋਰ ਸਾਧਨਾਂ ਤੋਂ 65 ਲੱਖ ਰੁਪਏ ਮਾਲੀਆ ਇਕੱਤਰ ਹੋਣ ਦੇ ਆਸਾਰ ਹਨ। ਮੁੱਢਲੇ ਬਕਾਏ ਦੀ ਰਾਸ਼ੀ 40.31 ਲੱਖ ਰੁਪਏ ਹੈ। ਪ੍ਰਧਾਨ ਸ. ਲੂਫਾ ਨੇ ਕਿਹਾ ਕਿ ਕੌਂਸਲ ਦਾ ਸਾਰਾ ਕੰਮਕਾਰ ਪਾਰਦਰਸ਼ਤਾ ਨਾਲ ਮੁਕੰਮਲ ਕਰਵਾਇਆ ਜਾਵੇਗਾ ਅਤੇ ਸਮੂਹ ਕੌਂਸਲਰਾਂ ਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਦਸੂਹਾ ਨੂੰ ਸੁੰਦਰ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।