ਏਟੀਐੱਮ ਤੋਂ ਪੈਸੇ ਕਢਵਾਉਣ ਆਈ ਬਿਰਧ ਦਾ ਕਾਰਡ ਚੋਰੀ ਕਰ ਕੇ 3.44 ਲੱਖ ਕਢਵਾਏ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 3 ਅਪਰੈਲ
ਏਟੀਐੱਮ ਤੋਂ ਪੈਸੇ ਕਢਵਾਉਣ ਆਈ ਬਜ਼ੁਰਗ ਔਰਤ ਦਾ ਏਟੀਐੱਮ ਕਾਰਡ ਚੋਰੀ ਕਰ ਕੇ ਇਕ ਨੌਸਰਬਾਜ਼ ਉਸ ਦੇ ਖਾਤੇ ਵਿੱਚੋਂ 3.44 ਲੱਖ ਰੁਪਏ ਕਢਵਾ ਕੇ ਲੈ ਗਿਆ। ਮੁਹੱਲਾ ਪੁਰਹੀਰਾਂ ਵਾਸੀ ਬਜ਼ੁਰਗ ਔਰਤ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਸਥਾਨਕ ਦਾਣਾ ਮੰਡੀ ਨੇੜੇ ਫੋਕਲ ਪੁਆਇੰਟ ਬਰਾਂਚ ਵਿੱਚ ਲੱਗੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਆਈ ਸੀ। ਜਦੋਂ ਉਹ ਪੈਸੇ ਕਢਵਾ ਕੇ ਬਾਹਰ ਜਾਣ ਲੱਗੀ ਤਾਂ ਇਕ ਵਿਅਕਤੀ ਆਇਆ ਅਤੇ ਕਹਿਣ ਲੱਗਿਆ ਕਿ ਉਸ ਪਰਚੀ ਏਟੀਐੱਮ ਵਿੱਚੋਂ ਬਾਹਰ ਨਹੀਂਂ ਨਿਕਲੀ ਹੈ। ਉਕਤ ਵਿਅਕਤੀ ਨੇ ਉਸ ਨੂੰ ਦੁਬਾਰਾ ਕਾਰਡ ਮਸ਼ੀਨ ’ਚ ਪਾ ਕੇ ਪਿੰਨ ਲਗਾਉਣ ਲਈ ਕਿਹਾ। ਸੁਰਜੀਤ ਕੌਰ ਨੇ ਦੱਸਿਆ ਕਿ ਉਹ ਉਸ ਦੇ ਝਾਂਸੇ ’ਚ ਆ ਗਈ ਤੇ ਕਾਰਡ ਮਸ਼ੀਨ ’ਚ ਪਾ ਕੇ ਦੁਬਾਰਾ ਪਿੰਨ ਭਰ ਦਿੱਤਾ। ਉਕਤ ਨੌਸਰਬਾਜ਼ ਨੇ ਪਿੰਨ ਦੇਖ ਲਿਆ। ਸੁਰਜੀਤ ਕੌਰ ਨੇ ਦੱਸਿਆ ਕਿ ਨੌਸਰਬਾਜ਼ ਨੇ ਉਸ ਨੂੰ ਆਪਣੇ ਝਾਂਸੇ ’ਚ ਲੈ ਲਿਆ ਤੇ ਉਸ ਦਾ ਕਾਰਡ ਚੋਰੀ ਕਰ ਲਿਆ ਜਿਸ ਬਾਰੇ ਉਸ ਨੂੰ ਪਤਾ ਨਹੀਂ ਲੱਗਿਆ। ਉਹ ਘਰ ਚਲੀ ਗਈ। ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖਾਤੇ ਵਿਚੋਂ 3.44 ਲੱਖ ਰੁਪਏ ਨਿਕਲ ਚੁੱਕੇ ਹਨ। ਉਸ ਨੇ ਬੈਂਕ ਦੇ ਕਸਟਮਰ ਕੇਅਰ ਨੰਬਰ ’ਤੇ ਫ਼ੋਨ ਕਰਕੇ ਕਾਰਡ ਬਲੌਕ ਕਰਨ ਦੀ ਅਪੀਲ ਕੀਤੀ। ਸੁਰਜੀਤ ਕੌਰ ਨੇ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਉਸ ਦੇ ਖਾਤੇ ਵਿਚੋਂ ਇਹ ਰਕਮ ਮੁਕੇਸ਼ ਪੂਰਬੀਆ ਗੁੜਗਾਉਂ ਦੇ ਬੈਂਕ ਖਾਤੇ ਵਿੱਚ ਟਰਾਂਸਫ਼ਰ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।