ਭਾਜਪਾ ਨੇ ਦੇਸ਼ ਨੂੰ ਮਜ਼ਬੂਤੀ ਦੇ ਰਾਹ ਤੋਰਿਆ: ਤਰੁਣ ਚੁੱਘ
ਸੁਰਜੀਤ ਮਜਾਰੀ
ਬੰਗਾ, 31 ਮਾਰਚ
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਿਜਦਾ ਕਰਨ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਿੱਚ ਦੇਸ਼ ਮਜ਼ਬੂਤੀ ਦੇ ਰਾਹ ਤੁਰਿਆ ਹੈ ਅਤੇ ਸਰਬਪੱਖੀ ਵਿਕਾਸ ਦੀਆਂ ਨਵੀਆਂ ਲੀਹਾਂ ਦੀ ਸਥਾਪਤੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਦਾ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦਿੱਤਾ ਗਿਆ ਹੈ ਅਤੇ ਆਮ ਲੋਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਰਕਾਰੀ ਸੁੱਖ ਸਹੂਲਤਾਂ ਪੁੱਜਦੀਆਂ ਕਰਨ ਵਿੱਚ ਜ਼ਮੀਨੀ ਪੱਧਰ ’ਤੇ ਲੋਕ ਭਲਾਈ ਦੇ ਕੰਮ ਹੋ ਰਹੇ ਹਨ।
ਭਾਜਪਾ ਆਗੂ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਟਕੜ ਕਲਾਂ ’ਚ ਹੈਰੀਟੇਜ ਸਟਰੀਟ ਲਈ ਜਾਰੀ ਕੀਤੇ 53.45 ਕਰੋੜ ਦੀ ਰਾਸ਼ੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦੇਸ਼ ਦੀ ਆਜ਼ਾਦੀ ਲਈ ਚੜ੍ਹਦੀ ਉਮਰੇ ਆਪਾ ਵਾਰਨ ਵਾਲੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਦੀ ਮਿੱਟੀ ਨੂੰ ਕੇਂਦਰ ਸਰਕਾਰ ਦਾ ਸਿਜਦਾ ਹੈ। ਇਸ ਮੌਕੇ ਪਿੰਡ ਖਟਕੜ ਕਲਾਂ ਦੀ ਪੰਚਾਇਤ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਡਾ. ਸੁਭਾਸ਼ ਸ਼ਰਮਾ, ਸੰਜੀਵ ਭਾਰਦਵਾਜ ਵੀ ਸ਼ਾਮਲ ਸਨ।
ਪੰਜਾਬ ਅੰਦਰ ਭਾਜਪਾਈ ਰੰਗ ਉਭਰੇਗਾ
ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਅੰਦਰ ਪਾਰਟੀ ਦੀ ਸਥਿਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਭਾਜਪਾਈਆਂ ਲਈ ਖੁਸ਼ੀ ਦੀ ਖ਼ਬਰ ਲਿਆਉਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰੀ ਮਜ਼ਬੂਤੀ ਦੇ ਨਾਲ ਨਾਲ ਪੇਂਡੂ ਖੇਤਰ ਵਿੱਚ ਭਾਜਪਾ ਦਾ ਜਨ ਆਧਾਰ ਵਧਾਉਣ ਲਈ ਦਰਜ-ਬ-ਦਰਜ ਆਗੂ ਤਨਦੇਹੀ ਨਾਲ ਕਾਰਜਸ਼ੀਲ ਹਨ।