ਕੁਲੈਕਸ਼ਨ ਏਜੰਟ ਤੋਂ ਲੱਖ ਰੁਪਏ ਖੋਹੇ
ਇੱਥੇ ਚੰਡੀਗੜ੍ਹ ਸੜਕ ’ਤੇ ਰਿਆਤ ਬਾਹਰਾ ਕਾਲਜ ਨੇੜੇ ਇੱਕ ਕੰਪਨੀ ਲਈ ਕੰਮ ਕਰਦੇ ਕੁਲੈਕਸ਼ਨ ਏਜੰਟ ਤੋਂ ਕਾਰ ਸਵਾਰਾਂ ਨੇ ਕੁੱਟਮਾਰ ਕਰ ਕੇ 1.08 ਲੱਖ ਰੁਪਏ ਲੁੱਟ ਲਏ। ਪੀੜਤ ਵਿਕਾਸ ਸ਼ਰਮਾ ਨੇ ਦੱਸਿਆ ਕਿ ਉਹ ਗੜ੍ਹਸ਼ੰਕਰ ਤੋਂ ਕੰਪਨੀ ਲਈ ਉਗਰਾਹੀ ਕਰ ਕੇ ਆਪਣੇ ਸਕੂਟਰ ’ਤੇ ਪਰਤ ਰਿਹਾ ਸੀ। ਉਸ ਕੋਲ ਬੈਗ ਵਿੱਚ 1.08 ਲੱਖ ਰੁਪਏ ਦੀ ਨਗਦੀ ਸੀ। ਉਹ ਜਦੋਂ ਰਿਆਤ ਬਾਹਰਾ ਕਾਲਜ ਨਜ਼ਦੀਕ ਪੁੱਜਿਆ ਤਾਂ ਇੱਕ ਕਾਰ ਵਿੱਚ ਆਏ ਪੰਜ ਜਣਿਆਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕਰ ਕੇ ਉਸ ਕੋਲੋਂ ਨਗਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਉਸ ਨੇ ਤੁਰੰਤ ਆਪਣੇ ਮਾਲਕਾਂ ਨੂੰ ਦਿੱਤੀ ਜਿਨ੍ਹਾਂ ਨੇ ਥਾਣਾ ਚੱਬੇਵਾਲ ਨੂੰ ਸੂਚਿਤ ਕੀਤਾ। ਥਾਣਾ ਚੱਬੇਵਾਲ ਦੇ ਐੱਸਐੱਚਓ ਇੰਸਪੈਕਟਰ ਪ੍ਰਭਜੋਤ ਕੌਰ ਪੁਲੀਸ ਪਾਰਟੀ ਸਣੇ ਘਟਨਾ ਸਥਾਨ ’ਤੇ ਪਹੁੰਚੇ ਗਏ ਅਤੇ ਸਾਰੀ ਜਾਣਕਰੀ ਹਾਸਿਲ ਕੀਤੀ। ਕੰਪਨੀ ਦੇ ਮਾਲਕ ਅਨਿਲ ਜੈਨ ਨੇ ਦੱਸਿਆ ਕਿ ਕਲੈਕਸ਼ਨ ਏਜੰਟ ਉਨ੍ਹਾਂ ਕੋਲ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਤੇ ਇਮਾਨਦਾਰ ਮੁਲਾਜ਼ਮ ਹੈ। ਮੁਲਾਜ਼ਮ ਕਾਰ ਦਾ ਨੰਬਰ ਵੀ ਪੁਲੀਸ ਨੂੰ ਦੱਸਿਆ। ਐਸਐਚਓ ਇੰਸਪੈਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।