ਇੰਜਨੀਅਰਾਂ ਦਾ ਬਣਾਇਆ ‘ਥਾਪਰ ਮਾਡਲ’ ਫੇਲ੍ਹ: ਸੀਚੇਵਾਲ
ਹਤਿੰਦਰ ਮਹਿਤਾ
ਜਲੰਧਰ, 28 ਮਾਰਚ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਦਾਅਵਾ ਕਿ ‘ਸੀਚੇਵਾਲ ਮਾਡਲ’ ਨਹੀਂ, ਸਗੋਂ ਇੰਜਨੀਅਰਾਂ ਦਾ ਬਣਾਇਆ ‘ਥਾਪਰ ਮਾਡਲ’ ਹਰ ਥਾਂ ਫੇਲ੍ਹ ਹੋਇਆ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੀਚੇਵਾਲ ਮਾਡਲ ਨੂੰ ਫੇਲ੍ਹ ਦੱਸਿਆ ਸੀ। ਰਾਜ ਸਭਾ ਮੈਂਬਰ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੇ ਆਪਣੇ ਪਿੰਡ ਸੀਚੇਵਾਲ ਵਿੱਚ ਇਹ ਮਾਡਲ ਸਾਲ 1999 ਤੋਂ ਚੱਲ ਰਿਹਾ ਹੈ। ਪੰਜਾਬ ਦੇ ਲਗਪਗ 250 ਪਿੰਡਾਂ ਵਿੱਚ ਇਹ ਮਾਡਲ ਸਫਲਤਾ ਪੂਰਵਕ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਥਾਪਰ ਮਾਡਲ’ ਅਸਲ ਵਿੱਚ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਹਲਕੇ ਸੰਗਰੂਰ ਵਿੱਚ ਕੀਤੇ ਦੌਰੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਜਿਹੜੇ ਪਿੰਡਾਂ ਵਿੱਚ ਲੱਖਾਂ ਰੁਪਏ ਖ਼ਰਚ ਕੇ ‘ਥਾਪਰ ਮਾਡਲ’ ਤਹਿਤ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਗਿਆ ਸੀ, ਉਹ ਬੁਰੀ ਤਰ੍ਹਾਂ ਫੇਲ੍ਹ ਸੀ। ਉੱਥੇ ਵਿਭਾਗ ਦੇ ਇੰਜਨੀਅਰਾਂ ਨੇ ਖ਼ੁਦ ਮੰਨਿਆ ਕਿ ਉਹ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਨਹੀਂ ਕਰਵਾ ਸਕੇ।
ਸੀਚੇਵਾਲ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੀ 2525 ਕਿਲੋਮੀਟਰ ਲੰਬੀ ਗੰਗਾ ਨਦੀ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਵੀ ਇਸ ਦੇ ਕਿਨਾਰੇ ਵਸੇ 1657 ਪਿੰਡਾਂ ਵਿੱਚ ਵੀ ‘ਸੀਚੇਵਾਲ ਮਾਡਲ’ ਨੂੰ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਯੂਪੀ ਦੇ ਸ਼ਾਹਜਹਾਨਪੁਰ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੀਆਂ ਨਦੀਆਂ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ‘ਸੀਚੇਵਾਲ ਮਾਡਲ’ ਨੂੰ ਰੋਲ ਮਾਡਲ ਮੰਨਿਆ ਗਿਆ।