ਪੰਜਾਬ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ
ਪੱਤਰ ਪ੍ਰੇਰਕ
ਪਠਾਨਕੋਟ, 31 ਮਾਰਚ
ਬਜਟ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਭੱਤਿਆਂ ਦੀ ਕੀਤੀ ਗਈ ਕਟੌਤੀ ਨੂੰ ਲੈ ਕੇ ਪੀਐੱਸਐੱਸਐੱਫ ਵੱਲੋਂ ਜ਼ਿਲ੍ਹਾ ਪ੍ਰਧਾਨ ਰਵੀ ਦੱਤ ਦੀ ਅਗਵਾਈ ਵਿੱਚ ਪ੍ਰਬੰਧਕੀ ਕੰਪਲੈਕਸ ਮੂਹਰੇ ਪੰਜਾਬ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਸਟੇਟ ਕਮੇਟੀ ਮੈਂਬਰ ਸੁਭਾਸ਼ ਚੰਦਰ, ਰਾਜਿੰਦਰ ਧੀਮਾਨ, ਬੋਧ ਰਾਜ, ਮਨੋਹਰ ਲਾਲ, ਰਾਜਿੰਦਰ ਕੁਮਾਰ ਤੇ ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।
ਜ਼ਿਲ੍ਹਾ ਪ੍ਰਧਾਨ ਰਵੀ ਦੱਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਭਾਰੀ ਕਟੌਤੀ ਕੀਤੀ ਗਈ ਸੀ ਜਿਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮ ਪੈਨਸ਼ਨਰਾਂ ਨੇ ਪਿਛਲੀ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਸੀ। ਹੁਣ ਇਸ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਉਹ ਵੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਹੈ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸ, ਠੇਕਾ ਮੁਲਾਜ਼ਮ ਅਤੇ ਅਸਥਾਈ ਮੁਲਾਜ਼ਮਾਂ ਨੂੰ ਸਥਾਈ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ 1972 ਰੂਲ ਮੁਤਾਬਕ ਲਾਗੂ ਕੀਤੀ ਜਾਵੇ, ਤਨਖਾਹ ਕਮਿਸ਼ਨ ਦਾ ਬਕਾਇਆ ਜਨਵਰੀ 2016 ਤੋਂ ਯਕਮੁਸ਼ਤ ਦਿੱਤਾ ਜਾਵੇ, ਲੰਬਿਤ 14 ਪ੍ਰਤੀਸ਼ਤ ਡੀਏ ਦਿੱਤਾ ਜਾਵੇ, ਇਸ ਦੇ ਇਲਾਵਾ ਮੈਡੀਕਲ ਕੈਸ਼ਲੈਸ ਸੁਵਿਧਾ ਦਿੱਤੀ ਜਾਵੇ ਅਤੇ ਮੁਲਾਜ਼ਮ ਭੱਤਿਆਂ ਵਿੱਚ ਕੀਤੀ ਗਈ ਕਟੌਤੀ ਨੂੰ ਬਹਾਲ ਕੀਤਾ ਜਾਵੇ। ਇਸ ਮੌਕੇ ਅਸ਼ੋਕ ਕੁਮਾਰ, ਰਾਜੇਸ਼ ਲਵਲੀ, ਕਸ਼ਮੀਰ ਚੰਦ, ਰਾਜੇਸ਼ ਕੁਮਾਰ, ਅੰਮ੍ਰਿਤਪਾਲ, ਸਤਪਾਲ, ਹਰਭਜਨ ਸਿੰਘ, ਮਨੋਹਰ ਲਾਲ ਆਦਿ ਵੀ ਹਾਜ਼ਰ ਸਨ।