ਰਾਵੀ ਕੰਢੇ ਮੱਟੀ ਕੋਟ ਪਿੰਡ ਲਾਗੇ ਤਿੰਨ ਮਸ਼ਕੂਕ ਨਜ਼ਰ ਆਏ
ਐੱਨਪੀ ਧਵਨ
ਪਠਾਨਕੋਟ, 3 ਅਪਰੈਲ
ਜ਼ਿਲ੍ਹੇ ਦੇ ਕੰਢੀ ਖੇਤਰ ਦੇ ਮੱਟੀ ਕੋਟ ਪਿੰਡ ਦੇ ਜੰਗਲਾਂ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਐੱਸਓਜੀ ਹਿੱਟ ਐਂਡ ਡਰੋਨ ਟੀਮ ਨਾਲ ਮਿਲ ਕੇ ਪਿੰਡ ਮੱਟੀ ਅਤੇ ਡੂੰਘ ਪਿੰਡਾਂ ਦੇ ਨਾਲ ਲੱਗਦੇ ਰਾਵੀ ਦਰਿਆ ਦੇ ਕਿਨਾਰੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪੂਰੇ ਖੇਤਰ ਵਿੱਚ ਡਰੋਨ ਸੈਟੇਲਾਈਟ ਦੀ ਵੀ ਮੱਦਦ ਲਈ ਗਈ ਪਰ ਕਿਧਰੇ ਵੀ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਦੇ ਪਾਰ ਜੰਮੂ-ਕਸ਼ਮੀਰ ਦਾ ਖੇਤਰ ਲੱਗਦਾ ਹੈ ਜਿੱਥੇ ਕਿ ਪਿਛਲੇ ਕੁਝ ਦਿਨਾਂ ਤੋਂ ਅਤਿਵਾਦੀਆਂ ਦੀ ਘੁਸਪੈਠ ਕਾਰਨ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
ਮੱਟੀ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਦੇ 2 ਨੌਜਵਾਨ ਰਾਵੀ ਦਰਿਆ ਕੋਲ ਖੜ੍ਹੇ ਸਨ ਤਾਂ ਜੰਮੂ-ਕਸ਼ਮੀਰ ਤੋਂ ਰਾਵੀ ਦਰਿਆ ਪਾਰ ਕਰਕੇ 3 ਸ਼ੱਕੀ ਵਿਅਕਤੀ ਉਨ੍ਹਾਂ ਵੱਲ ਆਏ, ਉਨ੍ਹਾਂ ਨੇ ਉਨ੍ਹਾਂ ਕੋਲੋਂ ਮੱਟੀ ਕੋਟ ਦਾ ਰਸਤਾ ਪੁੱਛਿਆ। ਇਨ੍ਹਾਂ ਤਿੰਨਾਂ ਸ਼ੱਕੀਆਂ ਵਿੱਚੋਂ ਛੇ ਫੁੱਟ ਲੰਬਾ ਸੀ ਅਤੇ ਬਾਕੀ ਦੋ ਲਗਭਗ ਸਾਢੇ ਪੰਜ ਫੁੱਟ ਲੰਬੇ ਸਨ। ਛੇ ਫੁੱਟ ਲੰਬੇ ਆਦਮੀ ਦੀ ਦਾੜ੍ਹੀ ਸੀ ਅਤੇ ਉਸ ਨੇ ਪਜਾਮਾ ਕੁੜਤਾ ਪਾਇਆ ਹੋਇਆ ਸੀ ਜਦੋਂ ਕਿ ਬਾਕੀ ਦੋ ਨੇ ਜੀਨਸ ਪੈਂਟ ਅਤੇ ਟੀ-ਸ਼ਰਟ ਪਾਈਆਂ ਹੋਈਆਂ ਸਨ ਅਤੇ ਡੋਗਰੀ ਭਾਸ਼ਾ ਵਿੱਚ ਗੱਲ ਕਰ ਰਹੇ ਸਨ। ਤਿੰਨਾਂ ਵਿੱਚੋਂ ਇੱਕ ਕੋਲ ਲਗਭਗ ਸਾਢੇ ਤਿੰਨ ਫੁੱਟ ਲੰਬਾ ਫੌਜੀ ਬੈਗ ਸੀ ਜੋ ਕੁਝ ਸਾਮਾਨ ਨਾਲ ਭਰਿਆ ਹੋਇਆ ਸੀ। ਜਦੋਂ ਉਸ ਨੇ ਬੈਗ ਹੇਠਾਂ ਰੱਖਿਆ, ਤਾਂ ਬੈਗ ਵਿੱਚੋਂ ਕੁਝ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਇਸ ਵਿੱੱਚ ਕੋਈ ਭਾਰੀ ਚੀਜ਼ ਹੋਵੇ। ਉਹ ਦਿਸ਼ਾ ਪੁੱਛਦੇ ਹੋਏ ਡੂੰਘ ਪਿੰਡ ਦੇ ਜੰਗਲ ਵੱਲ ਚਲੇ ਗਏ। ਉਨ੍ਹਾਂ ਦੇ ਚਲੇ ਜਾਣ ਬਾਅਦ ਵਿੱਚ ਦੋਵੇਂ ਨੌਜਵਾਨਾਂ ਨੇ ਨੇੜੇ ਹੀ ਨਾਕੇ ’ਤੇ ਤਾਇਨਾਤ ਰਣਜੀਤ ਸਾਗਰ ਡੈਮ ਦੇ ਪੈਸਕੋ ਸਕਿਓਰਿਟੀ ਦੇ ਜਵਾਨਾਂ ਅਤੇ ਪਿੰਡ ਦੇ ਸਰਪੰਚ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ। ਤੁਰੰਤ ਪੁਲੀਸ ਅਤੇ ਹੋਰ ਸੁਰੱਖਿਆ ਦਸਤੇ ਮੌਕੇ ਉਪਰ ਪੁੱਜ ਗਏ ਅਤੇ ਤਲਾਸ਼ੀ ਅਭਿਆਨ ਚਲਾ ਦਿੱਤਾ। ਇੰਸਪੈਕਟਰ ਤਰਜਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜਦ ਪੁਲੀਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਤੁਰੰਤ ਪੁਲੀਸ ਨੇ ਐੱਸਓਜੀ ਕਮਾਂਡੋਜ਼ ਨਾਲ ਮਿਲ ਕੇ ਮੱਟੀ ਅਤੇ ਡੂੰਘ ਪਿੰਡਾਂ ਨੇੜੇ ਰਾਵੀ ਦਰਿਆ ਤੇ ਜੰਗਲ ਵਿੱਚ ਸਰਚ ਆਪ੍ਰੇਸ਼ਨ ਚਲਾਇਆ।