ਦਸਮੇਸ਼ ਸਕੂਲ ਮਹਿਤਾ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ ’ਚ
ਦਵਿੰਦਰ ਸਿੰਘ ਭੰਗੂ
ਰਈਆ, 5 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੇ ਐਲਾਨੇ ਨਤੀਜੇ ਵਿਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਦੀਆਂ ਤਿੰਨ ਵਿਦਿਆਰਥਣਾਂ ਵੱਲੋਂ ਸਟੇਟ ਮੈਰਿਟ ’ਚ ਨਾਮ ਦਰਜ ਕਰਵਾ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸੰਸਥਾ ਦੇ ਮੈਨੇਜਰ ਹਰਸ਼ਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੇ ਐਲਾਨੇ ਨਤੀਜੇ ਵਿੱਚ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਪ੍ਰੀਤ ਕੌਰ ਨੇ 596/600 (99.33%) ਨੰਬਰ ਪ੍ਰਾਪਤ ਕਰਕੇ ਪੰਜਾਬ ਭਰ ’ਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਗੁਰਵੀਨ ਕੌਰ ਨੇ 589/600 (98.16%) ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ 12ਵਾਂ ਅਤੇ ਸਮਰੀਤ ਕੌਰ ਕੌਰ ਨੇ 588/600(98%) ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ 13ਵਾਂ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਦਾ ਸ਼ਾਨਦਾਰ ਨਤੀਜਾ ਆਉਣ ’ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ। ਵਿਦਿਆਰਥਣਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਹ ਆਈਪੀਐੱਸ ਅਫ਼ਸਰ ਬਣ ਕੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਹਨ।
ਫਿਲੌਰ (ਸਰਬਜੀਤ ਗਿੱਲ): ਸਰਕਾਰੀ ਹਾਈ ਸਮਾਰਟ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਮੁਖੀ ਜਸਪਾਲ ਸੰਧੂ ਨੇ ਦੱਸਿਆ ਕਿ ਹਰਸਿਮਰਨਜੀਤ ਕੌਰ ਪੁੱਤਰੀ ਪਰਮਜੀਤ ਟੂਰਾ ਨੇ 600 ਚੋਂ 594 (99%) ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਉਸ ਨੇ ਪੰਜਾਬ ’ਚੋਂ 7ਵਾਂ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਹਰਸਿਮਰਜੀਤ ਕੌਰ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।
ਪਿੰਡ ਅੱਟੀ ਦੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਚਾਰ ਬੱਚਿਆਂ ਨੇ ਮੈਰਿਟ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਸਕੂਲ ਦੀ ਵਿਦਿਆਰਥਣ ਅਮ੍ਰਿੰਤਪ੍ਰੀਤ ਕੌਰ ਵਾਸੀ ਤੇਹਿੰਗ ਨੇ 593 ਅੰਕ ਹਾਸਲ ਕਰਕੇ ਪੰਜਾਬ ’ਚੋਂ 8ਵਾਂ ਅਤੇ ਜ਼ਿਲ੍ਹਾ ਜਲੰਧਰ ’ਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਸਕੂਲ ਦੀਆਂ ਵਿਦਿਆਰਥਣਾਂ ਸਿਮਰਵੀਰ ਕੌਰ ਪੁੱਤਰੀ ਦਲਜੀਤ ਸਿੰਘ ਵਾਸੀ ਮਨਸੂਰਪੁਰ, ਤਰਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਸ਼ਾਹਪੁਰ ਨੇ ਮੈਰਿਟ ਹਾਸਲ ਕੀਤੀ। ਪਿੰਡ ਰੁੜਕਾ ਖੁਰਦ ਦੇ ਬਾਬਾ ਦੀਪ ਸਿੰਘ ਜੀ ਪਬਲਿਕ ਸਕੂਲ ਦੀ ਵਿਦਿਆਰਥਣ ਹਰਸ਼ਿਤਾ ਮਿਨਹਾਸ ਪੁੱਤਰੀ ਹਰਜਿੰਦਰ ਕੁਮਾਰ ਨੇ 589 ਅੰਕ ਹਾਸਲ ਕਰਕੇ ਪੰਜਾਬ ਚੋਂ 12ਵਾਂ ਅਤੇ ਜ਼ਿਲ੍ਹਾ ਜਲੰਧਰ ’ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੀ ਜੈਸਮੀਨ ਪੁੱਤਰੀ ਬਲਵੀਰ ਰਾਮ ਵਾਸੀ ਦੁਸਾਂਝ ਖੁਰਦ ਨੇ 588 ਅੰਕ ਹਾਸਲ ਕਰਕੇ ਪੰਜਾਬ ਭਰ ’ਚ 13ਵਾਂ ਰੈਂਕ ਹਾਸਲ ਕੀਤਾ ਹੈ।
ਤਰਨ ਤਾਰਨ ਦੀਆਂ ਪੰਜ ਲੜਕੀਆਂ ਮੈਰਿਟ ਸੂਚੀ ’ਚ
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਵੱਲੋਂ ਸੈਸ਼ਨ-2025 ਦੀ ਅੱਠਵੀਂ ਜਮਾਤ ਦੀ ਲਈ ਗਈ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਵਿੱਚ ਤਰਨ ਤਾਰਨ ਦੇ ਪੰਜ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਏ ਹਨ। ਇਨ੍ਹਾਂ ਹੋਣਹਾਰ ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੁੱਬਲੀ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਰਣਜੋਧ ਸਿੰਘ ਨੇ 600 ਵਿੱਚੋਂ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 57ਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ, ਕੰਗ ਦੀ ਵਿਦਿਆਥਣ ਰੂਪਲੀਨ ਕੌਰ ਪੁੱਤਰੀ ਕੁਲਵਿੰਦਰ ਸਿੰਘ, ਇਸੇ ਸਕੂਲ ਦੀ ਮਨਕੀਰਤ ਕੌਰ ਪੁੱਤਰੀ ਅਮਨਦੀਪ ਸਿੰਘ ਕੰਗ ਅਤੇ ਸ੍ਰੀ ਮਹਾਂਵੀਰ ਜੈਨ ਮਾਡਲ ਹਾਈ ਸਕੂਲ, ਪੱਟੀ ਦੀ ਵਿਦਿਆਰਥਣ ਨੇਹਾ ਪੁੱਤਰੀ ਬਲਵਿੰਦਰ ਸਿੰਘ ਤਿੰਨਾਂ ਨੇ 589 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ ਕਰਮਵਾਰ 233ਵਾਂ, 247ਵਾਂ ਅਤੇ 250ਵਾਂ ਸਥਾਨ ਹਾਸਲ ਕੀਤਾ ਹੈ।Advertisementਹਿਮਾਂਸ਼ੀ 589 ਅੰਕਾਂ ਨਾਲ ਪਠਾਨਕੋਟ ਜ਼ਿਲ੍ਹੇ ਵਿੱਚੋਂ ਅੱਵਲ
ਪਠਾਨਕੋਟ(ਐਨ.ਪੀ.ਧਵਨ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਕਲਾਸ ਦੇ ਨਤੀਜਿਆਂ ਵਿੱਚ ਆਈਆਰਬੀ ਸਕੂਲ ਧੋਬੜਾ ਦੀ ਵਿਦਿਆਰਥਣ ਹਿਮਾਂਸ਼ੀ ਪੁੱਤਰੀ ਰੋਸ਼ਨ ਲਾਲ ਨੇ 600 ਵਿੱਚੋਂ 589 ਅੰਕ ਪ੍ਰਾਪਤ ਕਰਕੇ ਰਾਜ ਵਿੱਚ 12ਵਾਂ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਬਿਕਰਮ ਅਤੇ ਤਨਵੀ ਤੀਸਰੇ ਸਥਾਨ ’ਤੇ ਰਹੇ। ਸਕੂਲ ਪ੍ਰਿੰਸੀਪਲ ਚਰਨਜੀਤ ਕੌਰ ਨੇ ਆਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।