ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਧਰਨਾ
ਪੱਤਰ ਪ੍ਰੇਰਕ
ਤਰਨ ਤਾਰਨ, 3 ਅਪਰੈਲ
ਆਲ ਇੰਡੀਆ ਆਸ਼ਾ ਵਰਕਰ/ ਫੈਸਿਲੀਟੇਟਰ ਵਰਕਰ ਯੂਨੀਅਨ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਅੱਜ ਇੱਥੋਂ ਦੇ ਬੱਸ ਅੱਡੇ ’ਤੇ ਆਪਣੀਆਂ ਮੰਗਾਂ ਸਬੰਧੀ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਸਮੁੱਚੇ ਅਦਾਰਿਆਂ ਵਿੱਚ ਦਿਹਾੜੀ, ਠੇਕਾ ਆਦਿ ਆਧਾਰ ’ਤੇ ਕੰਮ ਕਰਦੇ ਮੁਲਾਜ਼ਮਾਂ ਦੀ ਘੱਟੋ ਘੱਟ ਉਜਰਤ 35,000 ਰੁਪਏ ਮਹੀਨਾ ਕਰਨ ਦੀ ਮੰਗ ਕੀਤੀ ਗਈ|
ਜਥੇਬੰਦੀ ਦੀ ਆਗੂ ਸੀਮਾ ਸੋਹਲ ਨੇ ਇਸ ਮੌਕੇ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਬੋਰਡਾਂ, ਕਾਰਪੋਰੇਸ਼ਨਾਂ, ਆਦਿ ਅਦਾਰਿਆਂ ਵਿੱਚ ਦਿਹਾੜੀ, ਆਊਟਸੋਰਸ ਆਦਿ ਦੇ ਆਧਾਰ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਬੀਤੇ ਦਹਾਕਿਆਂ ਤੋਂ ਨਿਗੂਣਾ ਭੱਤਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ| ਉਨ੍ਹਾਂ ਵਿਭਾਗਾਂ ਵਿੱਚ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦੀ ਵੀ ਮੰਗ ਕੀਤੀ| ਇਸ ਮੌਕੇ ਮਨਦੀਪ ਕੌਰ, ਰੂਪਵਿੰਦਰ ਕੌਰ, ਗੁਰਵੰਤ ਕੌਰ,ਗੰਗਾ ਦੇਵੀ, ਅਮਰਜੀਤ ਕੌਰ, ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ| ਆਗੂਆਂ ਨੇ ਕਿਰਤ ਕਮਿਸ਼ਨ ਦੇ ਦਫਤਰ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਕੀਤਾ|