ਪਿੰਡ ਮਹਿਮੂਦਪੁਰ ’ਚ ਵਿਸ਼ਵ ਟੀਬੀ ਦਿਵਸ ਮਨਾਇਆ
ਪੱਤਰ ਪ੍ਰੇਰਕ
ਬਲਾਚੌਰ, 25 ਮਾਰਚ
ਬਲਾਚੌਰ ’ਚ ਪੈਂਦੇ ਪਿੰਡ ਮਹਿਮੂਦਪੁਰ ਵਿੱਚ ਸਨ ਫਾਰਮਾਂ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਟੌਂਸਾ ਵਿੱਚ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ।
ਡਾਕਟਰ ਰਮੇਸ਼ ਲਾਲ ਨੇ ਦੱਸਿਆ,‘ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ। ਟੀਬੀ ਦੀ ਮਹਾਂਮਾਰੀ ਕਾਰਨ ਕਈ ਸਦੀਆਂ ਤੋਂ ਪੂਰੀ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਆਧੁਨਿਕ ਦਵਾਈ ਵਿੱਚ ਤਰੱਕੀ ਦੇ ਬਾਵਜੂਦ ਅੱਜ ਵੀ ਵੱਡੀ ਗਿਣਤੀ ਲੋਕ ਇਸ ਬਿਮਾਰੀ ਦੇ ਨਾਮ ਤੋਂ ਵੀ ਡਰਦੇ ਹਨ ਕਿਉਂਕਿ ਇਹ ਜ਼ਿਆਦਾਤਰ ਮਾਮਲਿਆਂ ਵਿੱਚ ਛੂਤਕਾਰੀ ਹੈ। ਇਸ ਤੋਂ ਪੀੜਤ ਲੋਕਾਂ ਨੂੰ ਆਮ ਤੌਰ ’ਤੇ ਸਮਾਜ ਤੋਂ ਅਲੱਗ-ਥਲੱਗ ਹੋਣਾ ਪੈਂਦਾ ਹੈ।’
ਡਾ. ਰਮੇਸ਼ ਲਾਲ ਨੇ ਟੀਬੀ ਦੇ ਲੱਛਣਾਂ ਜਿਵੇਂ ਲਗਾਤਾਰ ਖਾਂਸੀ ਦਾ ਹੋਣਾ, ਭਾਰ ਘਟਣਾ, ਭੁੱਖ ਘੱਟ ਲੱਗਣਾ, ਵਾਰ ਵਾਰ ਬੁਖ਼ਾਰ ਹੋਣਾ, ਥਕਾਵਟ ਮਹਿਸੂਸ ਹੋਣਾ, ਬਾਰੇ ਦੱਸਿਆ। ਟੀਬੀ ਤੋਂ ਬਚਣ ਲਈ ਨੇੜੇ ਦੇ ਸਰਕਾਰੀ ਹਸਪਤਾਲ ਜਾ ਮੈਡੀਕਲ ਕਾਲਜ ਜਾਂ ਕੇ ਟੀਬੀ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਮੌਕੇ ਸਟਾਫ ਨਰਸ ਸਿਮਰਨਜੀਤ, ਅਤੇ ਮਨਜਿੰਦਰ ਕੌਰ ਮੌਜੂਦ ਸਨ।