ਮੀਂਹ ਦੇ ਪਾਣੀ ਵਿੱਚ ‘ਡੁੱਬੀ’ ਦਿੱਲੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਗਸਤ
ਪਿਛਲੇ 2 ਦਿਨ ਤੋਂ ਦਿੱਲੀ-ਐੱਨਸੀਆਰ ਦੇ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 25 ਅਗਸਤ ਤੱਕ ਦਿੱਲੀ ਵਿਚ ਇਸੇ ਤਰ੍ਹਾਂ ਬਾਰਿਸ਼ ਜਾਰੀ ਰਹੇਗੀ। ਇਸ ਮੀਂਹ ਨੇ ਮੌਸਮ ਦਾ ਰਿਕਾਰਡ ਵੀ ਬਣਾਇਆ ਹੈ। ਦਿੱਲੀ ਦਾ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ, ਜੋ ਕਿ 10 ਸਾਲ ਬਾਅਦ ਅਗਸਤ ਦੇ ਮਹੀਨੇ ਵਿੱਚ ਆਇਆ। ਦਿੱਲੀ ਦੇ ਰਾਜਾ ਗਾਰਡਨ, ਰਾਣੀ ਝਾਂਸੀ ਰੋਡ, ਐੱਮਬੀ ਰੋਡ ’ਤੇ ਲਾਲ ਕੂਆ, ਮਾਂ ਆਨੰਦਮਈ ਮਾਰਗ ’ਤੇ ਪਾਣੀ ਦੀ ਨਿਕਾਸੀ ਵੀ ਹੋਈ ਹੈ। ਝਿਲਮਿਲ ਦੇ ਆਸ ਪਾਸ ਪਾਣੀ ਭਰ ਜਾਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਅੱਜ ਸਵੇਰੇ ਮੀਂਹ ਪੈਣ ਕਾਰਨ ਮਯੂਰ ਵਿਹਾਰ ਫੇਜ਼-3 ’ਚ ਪਾਣੀ ਫੈਲ ਗਿਆ। ਸੜਕ ’ਤੇ ਭਾਰੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਜਾਣ ’ਚ ਕਾਫੀ ਮੁਸ਼ਕਲ ਆਈ। ਗੁਰੂਗ੍ਰਾਮ ਤੇ ਨੋਇਡਾ ਵੀ ਇਹੀ ਸਥਿਤੀ ਸੀ ਤੇ ਸਵੇਰ ਤੋਂ ਹੀ ਟ੍ਰੈਫਿਕ ਪ੍ਰਭਾਵਿਤ ਹੋਇਆ। ਦਿੱਲੀ ਦੇ ਬਰਫ ਖਾਨਾ ਖੇਤਰ ’ਚ ਵੀ ਲਗਾਤਾਰ ਮੀਂਹ ਪੈਣ ਕਾਰਨ ਸੜਕ ’ਤੇ ਪਾਣੀ ਜਮ੍ਹਾਂ ਹੋ ਗਿਆ। ਸੜਕਾਂ ਕੁਝ ਥਾਵਾਂ ’ਤੇ ਦਿਖਾਈ ਨਹੀਂ ਦੇ ਰਹੀਆਂ ਸਨ। ਦਿੱਲੀ ਦੇ ਸਰਿਤਾ ਵਿਹਾਰ ’ਚ ਭਾਰੀ ਮੀਂਹ ਕਾਰਨ ਆਵਾਜਾਈ ਮਾੜੀ ਸਥਿਤੀ ਵਿਚ ਹੈ। ਪ੍ਰਹਿਲਾਦਪੁਰ ਖੇਤਰ ’ਚ ਭਾਰੀ ਬਾਰਿਸ਼ ਕਾਰਨ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ।
ਮੀਂਹ ਕਾਰਨ ਆਮ ਜੀਵਨ ਹੋਇਆ ਪ੍ਰਭਾਵਿਤ
ਯਮੁਨਾਨਗਰ (ਪੱਤਰ ਪ੍ਰੇਰਕ): ਅੱਜ ਲਗਾਤਾਰ ਹੋਈ ਬਰਸਾਤ ਕਾਰਨ, ਜਿੱਥੇ ਮੌਸਮ ਵਿੱਚ ਠੰਡਕ ਹੋਈ ਹੈ, ਉੱਥੇ ਆਮ ਜੀਵਨ ਪ੍ਰਭਾਵਿਤ ਹੋਇਆ ਹੈ। ਸੜਕਾਂ ’ਤੇ ਹੇਠਲੀਆਂ ਕਲੋਨੀਆਂ ਵਿੱਚ ਬਰਸਾਤ ਦਾ ਪਾਣੀ ਭਰ ਜਾਣ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਸ਼ਾਮ ਤੱਕ ਹਥਨੀ ਕੁੰਡ ਬੈਰਾਜ ਤੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ 28 ਹਜ਼ਾਰ ਕਊਸਿਕ ਸੀ ਜੋ ਕਿ ਆਮ ਤੋਂ ਵੀ ਘੱਟ ਹੈ। ਇਸ ਦੌਰਾਨ ਕਈ ਵਾਹਨ ਚਾਲਕ ਸੜਕਾਂ ’ਤੇ ਖੱਡੇ ਹੋਣ ਕਰ ਕੇ ਫੱਟੜ ਵੀ ਹੋਏ।
ਰਤੀਆ ’ਚ ਮੀਂਹ ਕਾਰਨ ਗਰਮੀ ਤੋਂ ਰਾਹਤ
ਰਤੀਆ (ਪੱਤਰ ਪ੍ਰੇਰਕ): ਇਲਾਕੇ ਵਿਚ ਅੱਜ ਦੁਪਹਿਰ ਭਾਰੀ ਮੀਂਹ ਪਿਆ, ਜਿਸ ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ। ਸ਼ਹਿਰ ਦੇ ਫਤਿਆਬਾਦ ਰੋਡ ’ਤੇ ਕੈਂਟਰ ਯੂਨੀਅਨ ਕੋਲ ਕਈ ਦੁਕਾਨਾਂ ਵਿਚ ਪਾਣੀ ਵੜ ਗਿਆ। ਹਾਲਾਂਕਿ ਬਾਰਿਸ਼ ਨਾਲ ਜਿੱਥੇ ਮੌਸਮ ਵਿਚ ਬਦਲਾਅ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਬਾਰਿਸ਼ ਨਾਲ ਫਸਲਾਂ ਨੂੰ ਵੀ ਲਾਭ ਪਹੁੰਚਿਆ ਹੈ।