ਦਿੱਲੀ ਦੇ ਸਰਕਾਰੀ ਸਕੂਲਾਂ ਦੀ ਉਸਾਰੀ ਦੀ ਵਿਜੀਲੈਂਸ ਜਾਂਚ ਦੇ ਹੁਕਮ
ਨਵੀਂ ਦਿੱਲੀ, 11 ਅਪ੍ਰੈਲ
ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਵਰਮਾ ਨੇ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਦੀ ਉਸਾਰੀ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਕੈਬਨਿਟ ਮੰਤਰੀ ਵਰਮਾ ਅੱਜ ਪਾਲਮ ਦੇ ਨਿਰੀਖਣ ਦੌਰੇ ’ਤੇ ਸਨ ਜਿੱਥੇ ਸਥਾਨਕ ਨਿਵਾਸੀਆਂ ਨੇ ਇਲਾਕੇ ਵਿਚ ਪਾਣੀ ਭਰਨ ਦੀ ਸ਼ਿਕਾਇਤ ਕੀਤੀ ਅਤੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਕਲਾਸਰੂਮਾਂ ਵਿਚ ਲੀਕੇਜ ਦੀ ਸਮੱਸਿਆ ਨੂੰ ਉਜਾਗਰ ਕੀਤਾ। ਵਰਮਾ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਇੱਕ ਸਕੂਲ ਦਾ ਦੌਰਾ ਕੀਤਾ ਜਿੱਥੇ ਪ੍ਰਿੰਸੀਪਲ ਨੇ ਮੈਨੂੰ ਸਕੂਲ ਦੀ ਇਮਾਰਤ ਦੇ ਅੰਦਰ ਹੜ੍ਹ ਵਰਗੀ ਸਥਿਤੀ ਬਾਰੇ ਸ਼ਿਕਾਇਤ ਕੀਤੀ, ਇਹ ਬਿਲਡਿੰਗ ਪਿਛਲੀ ਸਰਕਾਰ ਦੁਆਰਾ ਬਣਾਈ ਗਈ ਸੀ।’’ ਉਨ੍ਹਾਂ ਅੱਗੇ ਕਿਹਾ, "ਮੈਂ ਇਸ ਸਕੂਲ ਦੀ ਹੀ ਨਹੀਂ ਸਗੋਂ ਪਿਛਲੀ ਸਰਕਾਰ ਵੱਲੋਂ ਬਣਾਈ ਗਈ ਹਰ ਚੀਜ਼ ਦੀ ਜਾਂਚ ਦੇ ਹੁਕਮ ਦਿੱਤੇ ਹਨ।" ਉਨ੍ਹਾਂ ਕਿਹਾ ਕਿ ਵਿਜੀਲੈਂਸ ਜਾਂਚ ਵਿਚ ਦਿੱਤੇ ਗਏ ਟੈਂਡਰ, ਰੱਖ-ਰਖਾਅ ਦੇ ਠੇਕਿਆਂ ਅਤੇ ਉਸ ਸਮੇਂ ਕੀਤੇ ਗਏ ਕੰਮ ਦੇ ਹੋਰ ਵੇਰਵਿਆਂ ਦੇ ਪਹਿਲੂਆਂ ਨੂੰ ਦੇਖਿਆ ਜਾਵੇਗਾ। -ਪੀਟੀਆਈ