1919: ਬੰਬਾਰੀ ਸੱਚੀਂ ਵੀ ਅਤੇ ਅਫ਼ਵਾਹ ਵੀ!
ਗੁਰਦੇਵ ਸਿੰਘ ਸਿੱਧੂ
ਹਿੰਦੋਸਤਾਨ ’ਤੇ ਆਪਣਾ ਸ਼ਾਸਨ ਕਾਇਮ ਕਰਨ ਤੋਂ ਬਾਅਦ ਬਰਤਾਨਵੀ ਹਕੂਮਤ ਜਬਰ ਜ਼ੁਲਮ ਸਮੇਤ ਹਰ ਹੀਲੇ ਲੋਕਾਂ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਸੀ। ਇਸ ਮੰਤਵ ਲਈ ਸ਼ਾਸਕਾਂ ਵੱਲੋਂ ਕਈ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਸਨ ਤਾਂ ਜੋ ਕੋਈ ਵੀ ਆਜ਼ਾਦੀ ਲਈ ਆਵਾਜ਼ ਨਾ ਉਠਾਏ। ਅਜਿਹੇ ਮਾਹੌਲ ’ਚ ਰੌਲੈੱਟ ਐਕਟ ਜਿਹਾ ਕਾਲਾ ਕਾਨੂੰਨ ਲਿਆਂਦਾ ਗਿਆ ਤਾਂ ਇਸ ਦਾ ਵਿਰੋਧ ਕਰਨ ਵਾਲੇ ਆਗੂ ਗ੍ਰਿਫ਼ਤਾਰ ਕਰ ਲਏ ਗਏ। ਇਸ ਦੇ ਰੋਸ ਵਜੋਂ 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿਖੇ ਵੱਡਾ ਇਕੱਠ ਹੋਇਆ ਜਿੱਥੇ ਜਨਰਲ ਡਾਇਰ ਦੇ ਹੁਕਮਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਸੈਂਕੜੇ ਨਿਰਦੋਸ਼ ਵਿਅਕਤੀ ਮਾਰ ਦਿੱਤੇ ਗਏ।
ਰੌਲੈੱਟ ਐਕਟ ਦੇ ਖ਼ਿਲਾਫ਼ ਚੱਲ ਰਹੇ ਜ਼ੋਰਦਾਰ ਅੰਦੋਲਨ ਤੋਂ ਬੌਖਲਾਏ ਅੰਗਰੇਜ਼ ਹਾਕਮ 13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਵਿੱਚ ਕਤਲੇਆਮ ਦੀ ਕਾਰਵਾਈ ਨੂੰ ਅੰਜਾਮ ਦੇ ਚੁੱਕੇ ਸਨ। ਇਸ ਜ਼ੁਲਮੀ ਕਾਰੇ ਨੇ ਪੰਜਾਬੀਆਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ ਅਤੇ ਰਾਜ ਦੇ ਬਹੁਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਨਤਾ ਆਪਮੁਹਾਰੇ ਸੜਕਾਂ ਉੱਤੇ ਆ ਗਈ। ਇਕੱਠੀਆਂ ਹੋਈਆਂ ਭੀੜਾਂ ਦੇ ਸਿਰ ਉੱਤੇ ਬਦਲੇ ਦੀ ਭਾਵਨਾ ਸਵਾਰ ਸੀ। ਗੁੱਜਰਾਂਵਾਲਾ ਸ਼ਹਿਰ ਦਾ ਮਾਹੌਲ ਵੀ ਇਸ ਤੋਂ ਭਿੰਨ ਨਹੀਂ ਸੀ ਜਿੱਥੇ 14 ਅਪਰੈਲ ਨੂੰ ਗੁੱਸੇ ਵਿੱਚ ਆਈ ਭੀੜ ਨੇ ਪਹਿਲਾਂ ਸਿਵਲ ਸਟੇਸ਼ਨ ਅਤੇ ਚਰਚ ਨੂੰ ਅਗਨ ਭੇਟ ਕੀਤਾ ਅਤੇ ਫਿਰ ਗੋਰੇ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਭੀੜ ਵੱਲੋਂ ਰੇਲਵੇ ਸਟੇਸ਼ਨ ਦੀ ਭੰਨਤੋੜ ਵੀ ਕੀਤੀ ਗਈ। ਜ਼ਿਲ੍ਹਾ ਅਧਿਕਾਰੀਆਂ ਨੇ ਬਚਾਅ ਕਰਦਿਆਂ ਜਿਵੇਂ ਕਿਵੇਂ ਅਮਰੀਕੀ ਮਿਸ਼ਨਰੀਆਂ ਨੂੰ ਸਿਆਲਕੋਟ ਪੁੱਜਦੇ ਕੀਤਾ ਅਤੇ ਬਾਕੀ ਅੰਗਰੇਜ਼ ਵਸੋਂ ਨੂੰ ਸੁਰੱਖਿਅਤ ਰੱਖਣ ਲਈ ਪੁਲੀਸ ਦੇ ਸਖ਼ਤ ਪਹਿਰੇ ਹੇਠ ਖ਼ਜ਼ਾਨੇ ਵਾਲੀ ਇਮਾਰਤ ਵਿੱਚ ਇਕੱਠੇ ਕਰ ਲਿਆ। ਦੁਪਹਿਰ ਤੱਕ ਸਥਿਤੀ ਅਧਿਕਾਰੀਆਂ ਦੇ ਵੱਸ ਤੋਂ ਬਾਹਰ ਹੋ ਗਈ ਅਤੇ ਹੋਰ ਕੋਈ ਚਾਰਾ ਨਾ ਰਿਹਾ ਤਾਂ ਡਿਪਟੀ ਕਮਿਸ਼ਨਰ ਨੇ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਤੁਰੰਤ ਮਦਦ ਭੇਜਣ ਲਈ ਕਮਿਸ਼ਨਰ ਲਾਹੌਰ ਨੂੰ ਟੈਲੀਫੋਨ ਕੀਤਾ। ਸਥਿਤੀ ਨੂੰ ਖ਼ਤਰਨਾਕ ਸਮਝਦਿਆਂ ਕਮਿਸ਼ਨਰ ਨੇ ਲਾਹੌਰ ਤੋਂ ਤਿੰਨ ਹਵਾਈ ਜਹਾਜ਼ ਭੇਜੇ।
ਗੁੱਜਰਾਂਵਾਲਾ ਸ਼ਹਿਰ ਉੱਤੇ ਬੰਬਾਰੀ: ਦਸਤਾਵੇਜ਼ਾਂ ਅਨੁਸਾਰ ਲਾਹੌਰ ਤੋਂ ਤਿੰਨ ਹਵਾਈ ਜਹਾਜ਼ਾਂ ਨੇ 2:20 ਵਜੇ ਤੋਂ ਤਿੰਨ ਵਜੇ ਬਾਅਦ ਦੁਪਹਿਰ ਦੇ ਦਰਮਿਆਨ ਉਡਾਣ ਭਰੀ। ਜਹਾਜ਼ ਚਾਲਕਾਂ ਨੇੇ ਗੁੱਜਰਾਂਵਾਲੇ ਪਹੁੰਚ ਕੇ ਪਹਿਲਾਂ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਭੇਜੀ ਗਈ ਜਾਣਕਾਰੀ ਦੀ ਲੋਅ ਵਿੱਚ ਜਾਇਜ਼ਾ ਲਿਆ ਅਤੇ ਇੱਕ ਹਵਾਈ ਜਹਾਜ਼ ਨੰਬਰ 4491, ਜਿਸ ਨੂੰ ਸਕੁਐਡਰਨ ਨੰਬਰ 31 ਦਾ ਪਾਇਲਟ ਕੈਪਟਨ ਕਾਰਬੋਰੀ ਚਲਾ ਰਿਹਾ ਸੀ, ਉੱਤੋਂ 3 ਵੱਜ ਕੇ 20 ਮਿੰਟ ਉੱਤੇ ਦੋ ਬੰਬ ਸੁੱਟੇ। ਇੱਕ ਬੰਬ ਸ਼ਹਿਰ ਦੇ ਬਾਹਰਵਾਰ ਢੁੱਲਾ ਪਿੰਡ ਦੇ ਬਾਹਰ ਲੋਕਾਂ ਦੀ ਭੀੜ ਉੱਤੇ ਸੁੱਟਿਆ ਗਿਆ। ਇਸ ਮੌਕੇ ਮਸ਼ੀਨਗੰਨ ਤੋਂ 30 ਗੋਲੀਆਂ ਵੀ ਚਲਾਈਆਂ ਗਈਆਂ। ਇਸ ਨਾਲ ਇੱਕ ਔਰਤ ਅਤੇ ਇੱਕ ਬੱਚਾ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ। ਦੂਜਾ ਬੰਬ ਇੱਕ ਕੋਠੇ ਉੱਤੇ ਡਿੱਗਿਆ ਪਰ ਉਸ ਦੇ ਨਾ ਚੱਲਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਇਸ ਪਿੱਛੋਂ ਇੱਕ ਬੰਬ ਇੱਕ ਹੋਰ ਹਜੂਮ ਉੱਤੇ ਸੁੱਟਿਆ ਗਿਆ ਪਰ ਇਹ ਵੀ ਅਣਚੱਲਿਆ ਹੀ ਰਿਹਾ। ਹਵਾਈ ਜਹਾਜ਼ ਤੋਂ ਸੁੱਟਿਆ ਇੱਕ ਹੋਰ ਬੰਬ ਖਾਲਸਾ ਹਾਈ ਸਕੂਲ ਅਤੇ ਬੋਰਡਿੰਗ ਹਾਊਸ ਨੇੜੇ ਡਿੱਗਾ। ਮਸ਼ੀਨਗੰਨ ਤੋਂ 30 ਗੋਲੀਆਂ ਵੀ ਚਲਾਈਆਂ ਗਈਆਂ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਇੱਕ ਬੱਚਾ ਜ਼ਖ਼ਮੀ ਹੋ ਗਿਆ। ਕਾਂਗਰਸ ਪੜਤਾਲੀਆ ਕਮੇਟੀ ਸਾਹਮਣੇ ਇੱਕ ਗਵਾਹ ਨੇ ਇਸ ਘਟਨਾ ਦਾ ਇਹ ਵੇਰਵਾ ਦਿੱਤਾ, ‘‘ਖਾਲਸਾ ਬੋੋਰਡਿੰਗ ਹਾਊਸ ਉੱਤੇ ਬੰਬ ਮਾਰੇ ਗਏ ਤੇ ਇੱਕ ਵਿਦਯਾਰਥੀ ਇਸ ਭਿਆਨਕ ਸਾਕੇ ਨੂੰ ਇਸ ਪਰਕਾਰ ਪਰਗਟ ਕਰਦਾ ਹੈ ਕਿ ਅਸਾਂ ਤਿੰਨ ਵਜੇ ਦੋਪੈਹਰ ਦੇ ਉਪਰੰਤ ਹਵਾਈ ਜਹਾਜ਼ਾਂ ਦਾ ਸ਼ੋਰ ਸੁਣਿਆ ਜੋ ਬੋਰਡਿੰਗ ਹਾਊਸ ਉਤੇ ਲਗਭਗ ਦਸ ਮਿੰਟ ਤਕ ਚੱਕਰ ਲਾਉਂਦੇ ਰਹੇ। ਅਚਾਨਕ ਹੀ ਇਕ ਸ਼ੋਰ ਸੁਣਾਈ ਦਿਤਾ, ਤੇ ਇਕ ਸਿਲ ਦਾ ਗੋਲਾ ਡਿਗਾ ਜੋ ਸਾਡੇ ਮਠਾਈ ਵੇਚਨ ਵਾਲੇ ਗੰਡਾ ਸਿੰਘ ਨੂੰ ਲਗਾ। ਓਸ ਦੇ ਇੱਕ ਨਿੱਕੇ ਜੈਸੇ ਟੁਕੜੇ ਨੇ ਮੇਰੀ ਇੱਕ ਉਂਗਲੀ ਨੂੰ ਵੀ ਜ਼ਖਮੀ ਕਰ ਦਿੱਤਾ, ਤੇ ਇੱਕ ਹੋਰ ਲੜਕਾ ਇਸ ਅਚਾਨਕ ਤਕਲੀਫ਼ ਨਾਲ ਧਮ ਕਰਕੇ ਜ਼ਮੀਨ ’ਤੇ ਡਿੱਗ ਪਿਆ।’’ ਇਸ ਪਿੱਛੋਂ ਦੋ ਬੰਬ ਮਸਜਿਦ ਨੇੜ ਸੁੱਟੇ ਗਏ ਪਰ ਇਹ ਵੀ ਨਹੀਂ ਚੱਲੇ। ਇੱਕ ਹੋਰ ਬੰਬ ਸੜ ਰਹੇ ਮਾਲਖਾਨੇ ਕੋਲ ਭੀੜ ਉੱਤੇ ਸੁੱਟਿਆ ਗਿਆ ਜਿਸ ਨਾਲ ਚਾਰ ਵਿਅਕਤੀ ਮਾਰੇ ਗਏ। ਭੀੜ ਨੂੰ ਖਿੰਡਾਉਣ ਲਈ ਹਵਾਈ ਜਹਾਜ਼ਾਂ ਉੱਤੋਂ ਮਸ਼ੀਨਗੰਨਾਂ ਨਾਲ ਗੋਲੀਬਾਰੀ ਵੀ ਕੀਤੀ ਗਈ ਸੀ ਜੋ ਜਾਨੀ ਨੁਕਸਾਨ ਕਰਨ ਦੇ ਨਾਲ ਬਹੁਤ ਸਾਰਿਆਂ ਨੂੰ ਜ਼ਖ਼ਮੀ ਕਰਨ ਦਾ ਕਾਰਨ ਵੀ ਬਣੀ। ਫ਼ੌਜ ਨੇ ਮਸ਼ੀਨਗੰਨਾਂ ਦੀ ਵਰਤੋਂ ਕੀਤੀ ਅਤੇ ਪੁਲੀਸ ਨੇ ਬੰਦੂਕਾਂ ਦੀ, ਜਿਸ ਨਾਲ 11 ਵਿਅਕਤੀ ਮਾਰੇ ਗਏ ਅਤੇ 27 ਜ਼ਖ਼ਮੀ ਹੋਏ ਪਰ ਅਧਿਕਾਰੀਆਂ ਦੀ ਇਸ ਨਾਲ ਤਸੱਲੀ ਨਾ ਹੋਈ। ਦਹਿਸ਼ਤ ਫੈਲਾਉਣ ਲਈ ਅਗਲੀ ਸਵੇਰ ਫਿਰ ਹਵਾਈ ਜਹਾਜ਼ ਨੇ ਗੁੱਜਰਾਂਵਾਲਾ ਸ਼ਹਿਰ ਤੋਂ ਬਾਹਰਵਾਰ ਵਸੇ ਪਿੰਡ ਖਰਜਾਖ ਉੱਤੇ ਬੰਬ ਸੁੱਟਿਆ ਜਿਸ ਨਾਲ ਇੱਕ ਮਕਾਨ ਤਬਾਹ ਹੋ ਗਿਆ। ਪਿਛਲੇ ਦਿਨ ਦੀ ਬੰਬਾਰੀ ਕਾਰਨ ਮਰਨ ਵਾਲਿਆਂ ਵਿੱਚ ਦੋ ਬੱਚੇ ਮੁਹੰਮਦ ਇਸਮਾਈਲ ਅਤੇ ਹਸਨ ਮੁਹੰਮਦ, ਉਮਰ ਕ੍ਰਮਵਾਰ 7 ਅਤੇ 9 ਸਾਲ ਅਤੇ ਇੱਕ ਬਿਰਧ ਮਾਈ ਉਮਰ ਬੀਬੀ, ਆਯੂ 66 ਸਾਲ, ਪਿੰਡ ਢੁੱਲਾ, ਸ਼ਾਮਲ ਸਨ। ਜ਼ਖ਼ਮੀਆਂ ਵਿੱਚ ਦੋ ਬੱਚੇ, ਚੁੰਨੀ ਲਾਲ ਉਮਰ 9 ਸਾਲ ਅਤੇ ਰਾਮ ਲਾਲ ਉਮਰ 11 ਸਾਲ, ਦੋਵੇਂ ਸਕੇ ਭਰਾ ਸਨ। ਦੋ ਹੋਰ ਜ਼ਖ਼ਮੀਆਂ ਕੁੰਦਨ ਲਾਲ ਅਤੇ ਸਰਦਾਰੀ ਲਾਲ, ਦੋਵਾਂ ਦੀ ਉਮਰ ਦਸ ਦਸ ਸਾਲ ਸੀ।
ਭਾਵੇਂ ਪਹਿਲਾਂ ਪਹਿਲਾਂ ਤਾਂ ਪੰਜਾਬ ਸਰਕਾਰ ਗੁੱਜਰਾਂਵਾਲਾ ਉੱਤੇ ਕੀਤੀ ਬੰਬਾਰੀ ਅਤੇ ਗੋਲਾਬਾਰੀ ਨੂੰ ਜ਼ਿਆਦਤੀ ਮੰਨਣ ਤੋਂ ਇਨਕਾਰ ਕਰਦੀ ਰਹੀ ਪਰ ਜਦ ਹੰਟਰ ਕਮੇਟੀ ਨੇ ਇਸ ਨੂੰ ਗੁੱਜਰਾਂਵਾਲਾ ਵਿੱਚ ਲੋਕ ਰੋਹ ਨੂੰ ਦਬਾਉਣ ਲਈ ਸ਼ਕਤੀ ਦੀ ਬੇਲੋੜੀ ਵਰਤੋਂ ਦੱਸਿਆ ਤਾਂ ਪੰਜਾਬ ਸਰਕਾਰ ਨੂੰ ਮੰਨਣਾ ਪਿਆ ਕਿ ਪ੍ਰਸ਼ਾਸਨ ਨੇ ਜ਼ਿਆਦਤੀ ਕੀਤੀ ਹੈ। ਫਲਸਰੂਪ ਪੰਜਾਬ ਸਰਕਾਰ ਨੇ ਗੁੱਜਰਾਂਵਾਲੇ ਵਿੱਚ ਮਾਰੇ ਗਏ 10 ਅਤੇ ਜ਼ਖ਼ਮੀ ਹੋਏ 19 ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ।
ਸ੍ਰੀ ਹਰਿਮੰਦਰ ਸਾਹਿਬ ਉੱਤੇ ਬੰਬ ਸੁੱਟੇ ਜਾਣ ਦੀ ਅਫ਼ਵਾਹ
ਕਿਸੇ ਸ਼ਹਿਰ ਵਿੱਚ ਵਾਪਰਨ ਵਾਲੀ ਘਟਨਾ ਮੌਕੇ ਅਕਸਰ ਹੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ ਅਤੇ ਇਸ ਮੌਕੇ ਵੀ ਅਜਿਹਾ ਹੀ ਹੋਇਆ। ਗੁੱਜਰਾਂਵਾਲਾ ਸ਼ਹਿਰ ਵਿੱਚ ਹੋਈ ਬੰਬਾਰੀ ਦੇ ਪ੍ਰਭਾਵ ਹੇਠ ਕਿਸੇ ਤਰ੍ਹਾਂ ਇਹ ਅਫ਼ਵਾਹ ਫੈਲ ਗਈ ਕਿ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਵਾਈ ਜਹਾਜ਼ਾਂ ਤੋਂ ਬੰਬਾਰੀ ਕੀਤੀ ਹੈ। ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ਼ ਵਿੱਚ ਜਨਰਲ ਡਾਇਰ ਵੱਲੋਂ ਗੋਲਾਬਾਰੀ ਕੀਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਚੱਲ ਰਹੀ ਮੀਟਿੰਗ ਸਮੇਂ ਸੈਨਾ ਦੇ ਹਵਾਈ ਜਹਾਜ਼ ਨੇ ਲੋਕਾਂ ਦੇ ਇਕੱਠ ਦੇ ਉੱਪਰ ਦੀ ਕਈ ਚੱਕਰ ਲਾਏ ਸਨ। ਲੋਕਾਂ ਨੂੰ ਇਹ ਘਟਨਾ ਭੁੱਲੀ ਨਹੀਂ ਸੀ ਜਿਸ ਕਾਰਨ ਇਸ ਅਫ਼ਵਾਹ ਨੂੰ ਹੋਰ ਬਲ ਮਿਲਿਆ। ਕੁਦਰਤੀ ਹੀ ਇਹ ਅਫ਼ਵਾਹ ਪਹਿਲੀ ਆਲਮੀ ਜੰਗ ਕਾਰਨ ਮੁਲਕ ਤੋਂ ਬਾਹਰ ਵੱਖ ਵੱਖ ਮੋਰਚਿਆਂ ਉੱਤੇ ਲੜ ਰਹੇ ਸਿੱਖ ਸੈਨਿਕਾਂ ਤੱਕ ਵੀ ਪੁੱਜਣੀ ਸੀ ਅਤੇ ਸਰਕਾਰ ਇਨ੍ਹਾਂ ਫ਼ੌਜੀਆਂ ਦੇ ਪ੍ਰਤੀਕਰਮ ਬਾਰੇ ਫ਼ਿਕਰਮੰਦ ਸੀ। ਮਿਸਰ ਵਿੱਚ ਤਾਇਨਾਤ ਫ਼ੌਜ ਦੇ ਜਨਰਲ ਕਮਾਂਡਿੰਗ ਅਫਸਰ ਵੱਲੋਂ ਪਹਿਲਾਂ ਹੀ ਤਾਰ ਦੁਆਰਾ ਹਿੰਦ ਸਰਕਾਰ ਨੂੰ ਚੌਕਸ ਕੀਤਾ ਹੋਇਆ ਸੀ ਕਿ ਫ਼ੌਜ ਵਿੱਚ ਬਗ਼ਾਵਤੀ ਸਾਹਿਤ ਅਤੇ ਹੋਰ ਭੜਕਾਊ ਲਿਖਤਾਂ ਦਾ ਪੁੱਜਣਾ ਰੋਕਣ ਵਾਸਤੇ ਪੁਖ਼ਤਾ ਇੰਤਜ਼ਾਮ ਕੀਤਾ ਜਾਵੇ। ਇਸ ਦੀ ਲੋਅ ਵਿੱਚ ਸਰਕਾਰ ਨੇ ਖ਼ਤਰਨਾਕ ਸਮਝੇ ਜਾਂਦੇ ਅਖ਼ਬਾਰ, ਰਸਾਲੇ, ਕਿਤਾਬਾਂ ਸੈਨਿਕਾਂ ਦੇ ਹੱਥ ਵਿੱਚ ਜਾਣ ਤੋਂ ਰੋਕਣ ਵਾਸਤੇ ਢੁੱਕਵੇਂ ਪ੍ਰਬੰਧ ਕੀਤੇ ਹੋਏ ਸਨ ਪਰ ਹੁਣ ਵੱਡਾ ਸਵਾਲ ਇਹ ਸੀ ਕਿ ਦਰਬਾਰ ਸਾਹਿਬ ਉੱਤੇ ਬੰਬ ਸੁੱਟਣ ਦੀ ਮੂੰਹੋਂ ਮੂੰਹ ਫੈਲਣ ਵਾਲੀ ਅਫ਼ਵਾਹ ਨੂੰ ਕਿਵੇਂ ਰੋਕਿਆ ਜਾਵੇ? ਸੈਨਿਕ ਅਧਿਕਾਰੀਆਂ ਨੇ ਆਪਣਾ ਤੌਖ਼ਲਾ ਹਿੰਦ ਸਰਕਾਰ ਨੂੰ ਪੁੱਜਦਾ ਕੀਤਾ ਤਾਂ ਅੱਗੋਂ ਹਿੰਦ ਸਰਕਾਰ ਨੇ ਇਹ ਗੱਲ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੀ। ਫਲਸਰੂਪ, ਪੰਜਾਬ ਸਰਕਾਰ ਨੇ ਇਸ ਬਾਰੇ ਆਪਣੇ ਵੱਲੋਂ ਬਿਆਨ ਜਾਰੀ ਕਰਨ ਦੀ ਥਾਂ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਸਰਬਰਾਹ, ਅਰੂੜ ਸਿੰਘ ਸੀ.ਆਈ.ਈ., ਨੂੰ ਇਸ ਅਫ਼ਵਾਹ ਦਾ ਖੰਡਨ ਕਰਨ ਲਈ ਕਿਹਾ। ਅਰੂੜ ਸਿੰਘ ਨੇ ਸਰਕਾਰ ਦਾ ਹੁਕਮ ਸਿਰ ਮੱਥੇ ਉੱਤੇ ਮੰਨਦਿਆਂ ਆਪਣੇ ਅਤੇ ਗ੍ਰੰਥੀ ਸਾਹਿਬਾਨ ਭਾਈ ਮੱਖਣ ਸਿੰਘ, ਭਾਈ ਕਰਮ ਸਿੰਘ, ਭਾਈ ਸੁੰਦਰ ਸਿੰਘ, ਭਾਈ ਬੂੜ ਸਿੰਘ, ਭਾਈ ਗੁਰਬਚਨ ਸਿੰਘ, ਭਾਈ ਪਰਤਾਪ ਸਿੰਘ ਅਤੇ ਭਾਈ ਫਤਿਹ ਸਿੰਘ ਦੇ ਦਸਤਖਤਾਂ ਹੇਠ ਇਹ ਇਸ਼ਤਿਹਾਰ ਜਾਰੀ ਕਰਵਾਇਆ:
‘‘ਸ਼ਰਾਰਤੀ ਲੋਕਾਂ ਨੇ ਦਰਬਾਰ ਸਾਹਿਬ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਹਨ। ਕਿਹਾ ਗਿਆ ਹੈ:
1. ਹਵਾਈ ਜਹਾਜ਼ ਨੇ ਦਰਬਾਰ ਸਾਹਿਬ ਨੂੰ ਛੋਹਿਆ ਸੀ।
2. ਦਰਬਾਰ ਸਾਹਿਬ ਵਿੱਚ ਮਸ਼ੀਨਗੰਨ ਬੀੜੀ ਗਈ ਸੀ।
3. ਦਰਬਾਰ ਸਾਹਿਬ ਵਿੱਚ ਬੰਬ ਸੁੱਟੇ ਗਏ ਸਨ।
ਇਸ ਲਈ ਅਸੀਂ ਦਰਬਾਰ ਸਾਹਿਬ ਦੇ ਸਰਬਰਾਹ, ਗ੍ਰੰਥੀ ਅਤੇ ਪੁਜਾਰੀ ਸੱਚੇ ਦਿਲੋਂ ਬਿਆਨ ਕਰਦੇ ਹਾਂ
ਕਿ ਇਹ ਸਾਰੀਆਂ ਕਹਾਣੀਆਂ ਝੂਠੀਆਂ ਹਨ। ਦਰਬਾਰ ਸਾਹਿਬ ਦੀ ਕਿਸੇ ਕਿਸਮ ਦੀ ਬੇਅਦਬੀ ਨਹੀਂ ਕੀਤੀ ਗਈ। ਸਗੋਂ ਸਰਕਾਰ ਦੇ ਸਿਵਲ ਅਤੇ ਫ਼ੌਜੀ ਅਧਿਕਾਰੀਆਂ ਨੇ ਸਾਡੇ ਪਵਿੱਤਰ ਸਥਾਨ ਨੂੰ ਪ੍ਰਦੂਸ਼ਨ ਤੋਂ ਬਚਾਉਣ ਲਈ ਹਰ ਸਾਵਧਾਨੀ ਵਰਤੀ ਹੈ।’’
ਹਿੰਦੋਸਤਾਨ ਸਰਕਾਰ ਦੀ ਇਸ ਨਾਲ ਤਸੱਲੀ ਨਹੀਂ ਹੋਈ। ਉਹ ਜਾਣਦੀ ਸੀ ਕਿ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਅਤੇ ਇੱਥੋਂ ਦੇ ਗ੍ਰੰਥੀਆਂ, ਪੁਜਾਰੀਆਂ ਆਦਿ ਦੇ ਵਿਹਾਰ ਤੋਂ ਪਹਿਲਾਂ ਹੀ ਸੰਤੁਸ਼ਟ ਨਹੀਂ, ਅਤੇ ਹੁਣ ਰੌਲੈੱਟ ਐਕਟ ਵਿਰੁੱਧ ਚੱਲ ਰਹੇ ਅੰਦੋਲਨ ਕਾਰਨ ਪੰਜਾਬ ਵਿੱਚ ਬਣੇ ਰਾਜਨੀਤਿਕ ਹਾਲਾਤ ਦੇ ਨਤੀਜੇ ਵਜੋਂ ਇਸ ਅਸੰਤੁਸ਼ਟੀ ਵਿੱਚ ਵਾਧਾ ਹੋਇਆ ਹੈ ਅਤੇ ਕੋਈ ਸਿੱਖ ਅਜਿਹੀ ਇਸ਼ਤਿਹਾਰਬਾਜ਼ੀ ਨੂੰ ਗੰਭੀਰਤਾ ਨਾਲ ਨਹੀਂ ਲਵੇਗਾ, ਇਸ ਲਈ ਉਸ ਨੇ 25 ਅਪਰੈਲ 1919 ਨੂੰ ਪੰਜਾਬ ਸਰਕਾਰ ਵੱਲ ਪੱਤਰ ਨੰਬਰ 686 ਲਿਖ ਕੇ ਅਫ਼ਵਾਹ ਦਾ ਖੰਡਨ ਚੀਫ ਖਾਲਸਾ ਦੀਵਾਨ ਤੋਂ ਕਰਵਾਉਣ ਦਾ ਸੁਝਾਅ ਦਿੱਤਾ। ਪੰਜਾਬ ਸਰਕਾਰ ਨੇ ਇਸ ਬਾਰੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬਾਰੇ ਚੀਫ ਖਾਲਸਾ ਦੀਵਾਨ ਦੇ ਸਕੱਤਰ ਸ. ਸੁੰਦਰ ਸਿੰਘ ਮਜੀਠੀਆ ਨਾਲ ਗੱਲ ਕੀਤੀ ਤਾਂ ਉਸ ਨੇ ਇਸ ਅਫ਼ਵਾਹ ਦਾ ਖੰਡਨ ਕਰਨ ਵਾਸਤੇ ਤੁਰੰਤ ਇੰਡੀਅਨ ਨਿਊਜ਼ ਏਜੰਸੀ ਨੂੰ ਤਾਰ ਭੇਜੀ। ਤਾਰ ਵਿੱਚ ਲਿਖਿਆ ਗਿਆ:
‘‘ਹਰਿ ਮੰਦਰ ਅੰਮ੍ਰਿਤਸਰ ਉੱਤੇ ਬੰਬਾਰੀ ਕਰਨ ਜਾਂ ਗੋਲੀ ਚਲਾਏ ਜਾਣ ਦੀ ਅਫ਼ਵਾਹ ਉੱਕਾ ਹੀ ਨਿਰਾਧਾਰ ਹੈ। ਅਸੀਂ ਪਹਿਲਾਂ ਵੀ ਇਸ ਅਫ਼ਵਾਹ ਦਾ ਖੰਡਨ ਕਰ ਚੁੱਕੇ ਹਾਂ। ਚੀਫ ਖਾਲਸਾ ਦੀਵਾਨ ਦੇਸ਼ ਵਿਦੇਸ਼ ਵਿਚਲੇ ਖਾਲਸਾ ਵੀਰਾਂ ਨੂੰ ਅਗਾਹ ਕਰਦਾ ਹੈ ਕਿ ਉਹ ਇਸ ਅਫ਼ਵਾਹ ਉੱਤੇ ਕੰਨ ਨਾ ਧਰਨ।’’
ਇਸ ਬਿਆਨ ਦੀ ਨਕਲ ਦੇਸ਼ ਦੀਆਂ ਸਾਰੀਆਂ ਸਿੰਘ ਸਭਾਵਾਂ, ਖਾਲਸਾ ਦੀਵਾਨਾਂ, ਸਿੱਖ ਪਲਟਨਾਂ ਅਤੇ ਰਾਜ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੀ ਗਈ।
ਸ. ਸੁੰਦਰ ਸਿੰਘ ਮਜੀਠੀਆ ਨੇ ਚੀਫ ਖਾਲਸਾ ਦੀਵਾਨ ਵੱਲੋਂ ਕੀਤੀ ਗਈ ਕਾਰਵਾਈ ਦੀ ਸੂਚਨਾ ਮਿਤੀ 28 ਅਪਰੈਲ ਨੂੰ ਪੱਤਰ ਲਿਖ ਕੇ ਹਿੰਦ ਸਰਕਾਰ ਦੇ ਗ੍ਰਹਿ ਸਕੱਤਰ ਮਿਸਟਰ ਵਿਲੀਅਮ ਵੈਂਨਸੈਂਟ ਨੂੰ ਦਿੱਤੀ ਤਾਂ ਉਸ ਨੇ ਪੱਤਰ ਨੰਬਰ 858, ਮਿਤੀ 6 ਮਈ 1919 ਦੁਆਰਾ ਸਰਦਾਰ ਮਜੀਠੀਆ ਦਾ ਇਸ ਕਾਰਵਾਈ ਲਈ ਧੰਨਵਾਦ ਕੀਤਾ। ਇਉਂ ਸਰਕਾਰ ਵੱਲੋਂ ਵਰਤੀ ਇਸ ਚੌਕਸੀ ਕਾਰਨ ਇਹ ਅਫ਼ਵਾਹ ਮੱਠੀ ਪਈ।
ਸੰਪਰਕ: 94170-49417