ਚੇਤਿਆਂ ’ਚ ਉੱਕਰੇ ਸੋਨੇ ਰੰਗੇ ਪਲ
ਭਾਰਤੀਆਂ ਦੇ ਮਨ ਵਿੱਚ 1975 ਦਾ ਵਰ੍ਹਾ ਅੱਧੀ ਸਦੀ ਬੀਤਣ ਬਾਅਦ ਵੀ ਸੁਹਾਵਣੀ ਯਾਦ ਵਜੋਂ ਉੱਕਰਿਆ ਹੋਇਆ ਹੈ ਕਿਉਂਕਿ ਉਸ ਸਾਲ ਸਾਡੇ ਦੇਸ਼ ਦੀ ਹਾਕੀ ਟੀਮ ਨੇ ਵਿਸ਼ਵ ਹਾਕੀ ਕੱਪ ਜਿੱਤਿਆ ਸੀ। ਇਸੇ ਵਰ੍ਹੇ ਨਾਲ ਕੁਝ ਤਲਖ਼ ਯਾਦਾਂ ਵੀ ਜੁੜੀਆਂ ਹੋਈਆਂ ਹਨ ਕਿਉਂਕਿ 1975 ’ਚ ਹੀ ਦੇਸ਼ ਵਿੱਚ ਐਮਰਜੈਂਸੀ ਲੱਗੀ ਸੀ।
ਪ੍ਰਦੀਪ ਮੈਗਜ਼ੀਨ
ਸਮਾਂ ਕਿਸੇ ਨਦੀ ਦੇ ਵਹਾਅ ਵਾਂਗ ਅੱਗੇ ਨੱਸਦਾ ਜਾਂਦਾ ਹੈ, ਬੀਤੇ ਤੋਂ ਕੁਝ ਸਿੱਖ ਕੇ ਅਤੇ ਉਸ ਵਿੱਚ ਵਰਤਮਾਨ ਸਮੇਂ ਦਾ ਤੜਕਾ ਲਾ ਕੇ ਹੀ ਕੁਝ ਨਵਾਂ ਸਿਰਜਿਆ ਜਾਂਦਾ ਹੈ। ਬੀਤੇ ਸਮੇਂ ਦੇ ਅਜਿਹੇ ਕੁਝ ਪਲ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਭੁਲਾਉਣਾ ਚਾਹੁੰਦੇ ਹਾਂ ਅਤੇ ਆਪਣੀ ਯਾਦਦਾਸ਼ਤ ’ਚੋਂ ਸਦਾ ਲਈ ਮਿਟਾ ਦੇਣਾ ਚਾਹੁੰਦੇ ਹਾਂ। ਪਰ ਕੁਝ ਬੇਹੱਦ ਮਾਣਮੱਤੇ ਤੇ ਮਹਿਮਾ ਭਰਪੂਰ ਯੁੱਗ-ਪਲਟਾਊ ਪਲ ਵੀ ਹੁੰਦੇ ਹਨ, ਜੋ ਇੱਕ ਰਾਸ਼ਟਰ ਵਜੋਂ ਸਾਡੀ ਸਮੂਹਕ ਸ਼ਨਾਖ਼ਤ ਨੂੰ ਤਾਕਤ ਦਿੰਦੇ ਹਨ- ਜਿਨ੍ਹਾਂ ਤੋਂ ਅਸੀਂ ਕਦੇ ਵੀ ਦੂਰ ਨਹੀਂ ਹੋਣਾ ਚਾਹੁੰਦੇ। ਅਸੀਂ ਉਨ੍ਹਾਂ ਨੂੰ ਕਦੇ ਗੁਆਉਣਾ ਵੀ ਨਹੀਂ ਚਾਹੁੰਦੇ ਤੇ ਬਿਲਕੁਲ ਆਪਣੇ ਦਿਲ ਦੇ ਕਰੀਬ ਰੱਖਦੇ ਹਾਂ ਕਿਉਂਕਿ ਉਨ੍ਹਾਂ ਨੂੰ ਵੇਖ ਸੁਣ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ।
ਲਗਪਗ ਪੰਜ ਕੁ ਦਹਾਕੇ ਪਹਿਲਾਂ ਭਾਰਤ ’ਚ ਹਰ ਪਾਸੇ ਅਜਿਹੇ ਨਾਅਰੇ ਲੱਗਦੇ ਸੁਣੀਂਦੇ ਸਨ - ‘ਸਿੰਘਾਸਨ ਖਾਲੀ ਕਰੋ, ਜਨਤਾ ਆਤੀ ਹੈ’ (ਗੱਦੀ ਛੱਡੋ, ਜਨਤਾ ਆ ਰਹੀ ਹੈ)। ਉਨ੍ਹੀਂ ਦਿਨੀਂ ਜੈਪ੍ਰਕਾਸ਼ ਨਾਰਾਇਣ ਸਮੁੱਚੇ ਉੱਤਰੀ ਭਾਰਤ ਵਿੱਚ ਵਿਰੋਧ ਤੇ ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦਾ ਇਹ ਵਿਰੋਧ 25 ਜੂਨ ਨੂੰ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ‘ਐਮਰਜੈਂਸੀ’ ਲਾਗੂ ਕੀਤੇ ਜਾਣ ਨਾਲ ਸਿਖ਼ਰ ’ਤੇ ਪੁੱਜ ਗਿਆ ਸੀ। ਸਾਲ 1975 ਨੂੰ ਆਮ ਤੌਰ ’ਤੇ ਭਾਰਤੀ ਜਮਹੂਰੀਅਤ ਦੇ ਇਤਿਹਾਸ ਦੇ ਕਾਲੇ ਅਧਿਆਵਾਂ ’ਚੋਂ ਇੱਕ ਮੰਨਿਆ ਜਾਂਦਾ ਹੈ, ਪਰ ਖੇਡਾਂ ਦੇ ਪ੍ਰਸ਼ੰਸਕਾਂ ਅਤੇ ਹਾਕੀ ਪ੍ਰੇਮੀਆਂ ਲਈ ਉਹ ਸਾਲ ਖੁਸ਼ੀਆਂ, ਖੇੜਿਆਂ ਨਾਲ ਭਰਪੂਰ ਅਤੇ ਜਸ਼ਨ ਮਨਾਉਣ ਵਾਲਾ ਰਿਹਾ ਸੀ।
ਭਾਰਤ ’ਚ ਜਮਹੂਰੀ ਅਧਿਕਾਰ ਮੁਲਤਵੀ ਕੀਤੇ ਜਾਣ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਭਾਵ 15 ਮਾਰਚ, 1975 ਨੂੰ ਭਾਰਤੀ ਹਾਕੀ ਟੀਮ ਨੇ ਰਾਸ਼ਟਰ ਦੇ ਸੁਫ਼ਨੇ ਨੂੰ ਸਾਕਾਰ ਕੀਤਾ ਸੀ। ਉਸ ਨੇ ਵਿਸ਼ਵ ਕੱਪ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਸੀ। ਤਦ ਤੱਕ ਅਜਿਹੀ ਪ੍ਰਾਪਤੀ ਪਹਿਲਾਂ ਕਦੇ ਵੀ ਨਹੀਂ ਸੀ ਹੋਈ ਅਤੇ ਉਸ ਤੋਂ ਬਾਅਦ ਵੀ ਕਦੇ ਇੰਨੀ ਵੱਡੀ ਖ਼ੁਸ਼ੀ ਦੇ ਪਲ ਨਸੀਬ ਨਾ ਹੋ ਸਕੇ। ਇਹ ਸ਼ਾਨਦਾਰ ਜਿੱਤ ਇੱਕੋ ਵਾਰ ਬਣੀ ਅਜੇਤੂ ਟੀਮ ਦੇ ਉੱਦਮਾਂ ਸਦਕਾ ਸੰਭਵ ਹੋ ਸਕੀ ਸੀ। ਉਸ ਟੀਮ ਨੇ ਓਲੰਪਿਕ ’ਚ ਅੱਠ ਸੋਨ ਤਗ਼ਮੇ ਜਿੱਤੇ ਸਨ। ਉਨ੍ਹਾਂ ’ਚੋਂ ਸੱਤ ਤਗ਼ਮੇ ਤਾਂ ਕੁਆਲਾਲੰਪੁਰ ਦੇ ਉਸ ਜੇਤੂ ਦਿਹਾੜੇ ਤੋਂ ਪਹਿਲਾਂ ਜਿੱਤੇ ਗਏ ਸਨ, ਤਦ ਤੱਕ 70ਵਿਆਂ ਦਾ ਦਹਾਕਾ ਆ ਗਿਆ ਸੀ ਅਤੇ ਭਾਰਤੀ ਟੀਮ ਆਪਣਾ ‘ਅਜੇਤੂ’ ਦਾ ਅਕਸ ਗੁਆ ਚੁੱਕੀ ਸੀ। ਉਹ ਤਾਂ ਦਰਅਸਲ 1960 ਦੌਰਾਨ ਹੀ ਓਲੰਪਿਕ ਦ੍ਰਿਸ਼ ਤੋਂ ਲਾਂਭੇ ਹੋ ਚੁੱਕੀ ਸੀ।
ਦੋ ਭਰਾਵਾਂ ਦੇ ਇੱਕ ਧੁਰੇ ਪਾਕਿਸਤਾਨ ਨੇ 1947 ਦੇ ਖ਼ੂਨ-ਖ਼ਰਾਬੇ ਤੋਂ ਬਾਅਦ ਹੀ ਆਪਣਾ ਰਾਹ ਵੱਖ ਕਰ ਲਿਆ ਸੀ ਅਤੇ ਉਦੋਂ ਤੱਕ ਉਹ ਭਾਰਤ ਦਾ ਇੱਕ ਖ਼ਤਰਨਾਕ ਸ਼ਰੀਕ ਅਤੇ ਭਾਰਤੀਆਂ ਲਈ ਚਿਰਜੀਵੀ ਸਿਰਦਰਦੀ ਬਣ ਚੁੱਕਾ ਸੀ। ਦੋਵੇਂ ਦੇਸ਼ਾਂ ਦਾ ਇਹ ਆਪਸੀ ਹਾਂ-ਪੱਖੀ ਵਿਰੋਧ ਜਦੋਂ ਹਾਕੀ ਦੇ ਮੈਚਾਂ ਵਿੱਚ ਵੀ ਵੇਖਣ ਨੂੰ ਮਿਲ਼ਦਾ, ਤਾਂ ਦਰਸ਼ਕਾਂ ਨੂੰ ਖ਼ੂਬ ਮਜ਼ਾ ਆਉਂਦਾ ਸੀ। ਸਾਲ 1964 ਦੀਆਂ ਓਲੰਪਿਕ ਖੇਡਾਂ ’ਚ ਭਾਰਤ ਨੇ ਇੱਕ ਵਾਰ ਸੋਨ ਤਗ਼ਮੇ ਲਈ ਹੰਭਲਾ ਮਾਰਿਆ ਸੀ। ਉਸ ਜਿੱਤ ਦੇ ਬਾਵਜੂਦ ਭਾਰਤ ਦਾ ਗ੍ਰਾਫ਼ ਢਹਿੰਦੀ ਕਲਾ ਵੱਲ ਸੀ। ਇਹ ਗੱਲ 1968 ਦੀਆਂ ਓਲੰਪਿਕ ਖੇਡਾਂ ’ਚ ਵਿਖਾਈ ਦਿੱਤੀ ਸੀ। ਉਦੋਂ ਭਾਰਤ ਹਾਕੀ ਦੇ ਫ਼ਾਈਨਲ ’ਚ ਵੀ ਨਹੀਂ ਜਾ ਸਕਿਆ ਸੀ ਅਤੇ ਤੀਜੀ ਥਾਵੇਂ ਚਲਾ ਗਿਆ ਸੀ; ਜਿਸ ਕਰ ਕੇ ਸੋਨੇ ਦਾ ਰੰਗ ਕਾਂਸੇ ’ਚ ਤਬਦੀਲ ਹੋ ਗਿਆ ਸੀ ਤੇ ਸਮੁੱਚੇ ਰਾਸ਼ਟਰ ਨੇ ਅਫ਼ਸੋਸਨਾਕ ਚੁੱਪ ਵੱਟ ਲਈ ਸੀ।
ਅਗਲੇ ਸੱਤ ਸਾਲਾਂ ਤੱਕ ਭਾਰਤ ਦਾ ਸਮਾਂ ਕੁਝ ਖ਼ਰਾਬ ਰਿਹਾ, ਦੇਸ਼ ਆਪਣਾ ਅੱਵਲ ਨੰਬਰ ਦਾ ਰੁਤਬਾ ਗੁਆ ਬੈਠਾ ਸੀ ਤੇ ਓਲੰਪਿਕਸ ’ਚ ਉਸ ਨੂੰ ਸੋਨ ਤਗ਼ਮੇ ਨਹੀਂ ਮਿਲ ਰਹੇ ਸਨ। ਹਾਂ, ਇੱਕ ਵਾਰ 1980 ਵਿਚ ਬਾਈਕਾਟ ਤੋਂ ਪ੍ਰਭਾਵਿਤ ਮਾਸਕੋ ਦੀਆਂ ਓਲੰਪਿਕਸ ’ਚ ਜ਼ਰੂਰ ਜਿੱਤਿਆ ਸੀ। ਉਸ ਤੋਂ ਬਾਅਦ ਕਦੇ ਵੀ ਭਾਰਤੀ ਟੀਮ ਦੇ ਖਿਡਾਰੀਆਂ ਦੇ ਹੱਥਾਂ ’ਚ ਜਾਂ ਗਰਦਨ ਦੁਆਲੇ ਝੂਲਦਾ ਸੋਨ ਤਗ਼ਮਾ ਵੇਖਣ ਨੂੰ ਨਹੀਂ ਮਿਲਿਆ ਸੀ। ਮਾਸਕੋ ਦੀਆਂ ਓਲੰਪਿਕ ਖੇਡਾਂ ’ਚ ਮਿਲੇ ਉਸ ਸੋਨ ਤਗ਼ਮੇ ਦੀ ਚਮਕ ਇਸ ਲਈ ਵੀ ਕੁਝ ਫਿੱਕੀ ਪੈਂਦੀ ਜਾਪ ਰਹੀ ਸੀ ਕਿਉਂਕਿ ਉਸ ਵਰ੍ਹੇ ਜਰਮਨੀ, ਆਸਟਰੇਲੀਆ, ਅਰਜਨਟੀਨਾ, ਇੰਗਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਤਾਂ ਓਲੰਪਿਕਸ ਦੇ ਮੈਦਾਨ ’ਚ ਨਹੀਂ ਨਿੱਤਰੀਆਂ ਸਨ। ਇੰਝ 1975 ਦੀ ਉਸ ਵਿਸ਼ਵ ਕੱਪ ਜਿੱਤ ਦਾ ਅੱਜ ਤੱਕ ਵੀ ਕੋਈ ਜਵਾਬ ਨਹੀਂ ਹੈ। ਉਹੀ ਭਾਰਤੀ ਟੀਮ ਦੀ ਆਖ਼ਰੀ ਸਭ ਤੋਂ ਵੱਡੀ ਹਾਕੀ ਪ੍ਰਾਪਤੀ ਸੀ। ਉਹ ਵੇਲੇ ਹੁਣ ਖ਼ਤਮ ਹੋ ਚੁੱਕੇ ਹਨ, ਜਦੋਂ ਮਾੜੇ ਤੋਂ ਮਾੜੇ ਸਮੇਂ ਵੀ ਸਾਡੀ ਟੀਮ ਕਦੇ ਕੋਈ ਮੈਚ ਨਹੀਂ ਹਾਰਦੀ ਸੀ।
ਉਹ ਵਿਸ਼ਵ ਕੱਪ ਉਨ੍ਹਾਂ ਬਹੁਤ ਘੱਟ ਪ੍ਰਮੁੱਖ ਹਾਕੀ ਈਵੈਂਟਸ ’ਚ ਸ਼ਾਮਲ ਸੀ, ਜੋ ਘਾਹ ਦੇ ਕੁਦਰਤੀ ਮੈਦਾਨ ’ਤੇ ਖੇਡੇ ਗਏ ਸਨ ਕਿਉਂਕਿ ਉਦੋਂ ਤੱਕ ਸਮੁੱਚੇ ਹਾਕੀ ਵਿਸ਼ਵ ’ਚ ਤਬਦੀਲੀ ਦੀਆਂ ਹਵਾਵਾਂ ਵਗਣ ਲੱਗ ਪਈਆਂ ਸਨ ਅਤੇ ਅੰਤਰਰਾਸ਼ਟਰੀ ਟੂਰਨਾਮੈਂਟ ਸਿੰਥੈਟਿਕ ਮੈਦਾਨ ’ਤੇ ਖੇਡਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਸੀ। ਸਿੰਥੈਟਿਕ ਮੈਦਾਨਾਂ ਦਾ ਭਾਰਤੀ ਟੀਮ ’ਤੇ ਮਾੜਾ ਅਸਰ ਪਿਆ ਸੀ ਕਿਉਂਕਿ ਅਜਿਹੇ ਮੈਦਾਨ ਉਤੇ ਹਾਕੀ ਸਟਿੱਕ ਨੂੰ ਗੁੱਟ ਨਾਲ਼ ਮੋੜਾ ਦੇ ਕੇ ਅਤੇ ਵਿਰੋਧੀ ਖਿਡਾਰੀਆਂ ਨੂੰ ਚਕਮਾ ਦੇ ਕੇ ਗੇਂਦ ਆਪਣੇ ਕਬਜ਼ੇ ’ਚ ਰੱਖਣ ਦੇ ਭਾਰਤੀ ਖਿਡਾਰੀਆਂ ਦੇ ਪਰਪੱਕ ਹੁਨਰ ਤੋਂ ਕਿਤੇ ਜ਼ਿਆਦਾ ਉਨ੍ਹਾਂ ਦੀ ਫ਼ਿਟਨੈੱਸ, ਰਫ਼ਤਾਰ ਅਤੇ ਸਰੀਰਕ ਦਮ ਦੀ ਲੋੜ ਪੈਂਦੀ ਸੀ।
ਕੁਆਲਾਲੰਪੁਰ ਅਤੇ ਆਲੇ-ਦੁਆਲੇ ਦੇ ਜਲਵਾਯੂ ਤੇ ਮੌਸਮੀ ਹਾਲਾਤ ਦੇ ਮੱਦੇਨਜ਼ਰ 32 ਮੈਚਾਂ ਵਿੱਚੋਂ ਅੱਠ ਨੂੰ ਤਾਂ ਮੀਂਹਾਂ ਕਰਕੇ ਰੱਦ ਕਰਨਾ ਪਿਆ ਸੀ। ਇਸੇ ਕਰਕੇ ਵਿਸ਼ਵ ਹਾਕੀ ਫ਼ੈਡਰੇਸ਼ਨ ਨੂੰ ਤੇਜ਼ੀ ਨਾਲ ਕੌਮਾਂਤਰੀ ਟੂਰਨਾਮੈਂਟਾਂ ਨੂੰ ਸਿੰਥੈਟਿਕ ਟਰਫ਼ ਉੱਤੇ ਹੀ ਖੇਡਣ ਦਾ ਫ਼ੈਸਲਾ ਲੈਣਾ ਪਿਆ ਸੀ। ਭਾਰਤ ਦੀ ਖੇਡ ਲਈ ਇਹ ਇੱਕ ਬਹੁਤ ਵੱਡਾ ਝਟਕਾ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਪ੍ਰਸ਼ਾਸਕਾਂ ਦੀ ਧੋਖਾਧੜੀ, ਸਾਜ਼ਿਸ਼ਾਂ ਤੇ ਭਾਈ-ਭਤੀਜਾਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਅਜਿਹੇ ਕਾਰਨਾਂ ਕਰਕੇ ਹੀ ਤਾਂ 1975 ਦਾ ਵਿਸ਼ਵ ਕੱਪ ਭਾਰਤ ਤੋਂ ਤਬਦੀਲ ਕਰ ਕੇ ਮਲੇਸ਼ੀਆ ’ਚ ਖੇਡਣਾ ਤੈਅ ਕੀਤਾ ਗਿਆ ਸੀ।
ਖਿਡਾਰੀ ਜਦੋਂ ਇਸ ਵੱਡੇ ਈਵੈਂਟ ਦੀਆਂ ਤਿਆਰੀਆਂ ਕਰ ਰਹੇ ਸਨ, ਉਦੋਂ ਭਾਰਤੀ ਹਾਕੀ ਫ਼ੈਡਰੇਸ਼ਨ ਦੇ ਦੱਖਣ ਤੇ ਉੱਤਰ ਦੇ ਧੜੇ ਇੱਕ-ਦੂਜੇ ਦੀਆਂ ਗਰਦਨਾਂ ਨੱਪਣ ’ਚ ਲੱਗੇ ਹੋਏ ਸਨ। ਕਈ ਮਾਮਲੇ ਤਾਂ ਅਦਾਲਤਾਂ ਵਿਚ ਚੱਲ ਰਹੇ ਸਨ। ਉਸ ਵੇਲੇ ਇੱਕ ਪਾਸੇ ਤਾਂ ਦੱਖਣ ਦਾ ਇੱਕ ਕਾਰੋਬਾਰੀ ਐੱਮਏਐੱਮ ਰਾਮਾਸਵਾਮੀ ਸੀ ਅਤੇ ਦੂਜੇ ਪਾਸੇ ਪੰਜਾਬ ਦਾ ਇੱਕ ਬੇਹੱਦ ਸੂਝਵਾਨ ਆਈਪੀਐੱਸ ਅਧਿਕਾਰੀ ਅਸ਼ਵਨੀ ਕੁਮਾਰ ਉੱਤਰੀ ਭਾਰਤ ਦੇ ਧੜੇ ਦੀ ਅਗਵਾਈ ਕਰ ਰਿਹਾ ਸੀ। ਇਹ ਦੋਵੇਂ ਤਾਕਤਵਰ ਪ੍ਰਸ਼ਾਸਕ ਇੱਕ-ਦੂਜੇ ਨਾਲ਼ ਜਿਵੇਂ ਸਿੱਧੀ ਜੰਗ ਹੀ ਲੜ ਰਹੇ ਸਨ। ਇਸੇ ਲਈ ਅੰਤਰਰਾਸ਼ਟਰੀ ਫ਼ੈਡਰੇਸ਼ਨ ਨੇ ਵਿਸ਼ਵ ਕੱਪ ਭਾਰਤ ਤੋਂ ਬਾਹਰ ਕਰਵਾਉਣ ਦਾ ਅਹਿਮ ਫ਼ੈਸਲਾ ਲਿਆ ਸੀ।
ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਅਸ਼ਵਨੀ ਕੁਮਾਰ ਦੀ ਅਗਵਾਈ ਹੇਠਲੇ ਉੱਤਰੀ ਭਾਰਤ ਦੇ ਧੜੇ ’ਤੇ ਭਾਈ-ਭਤੀਜਾਵਾਦ ਦੇ ਦੋਸ਼ ਲੱਗ ਰਹੇ ਸਨ। ਦੋਸ਼ ਸਨ ਕਿ ਭਾਰਤੀ ਟੀਮ ’ਚ ਪੰਜਾਬੀ ਖਿਡਾਰੀਆਂ ਦੀ ਗਿਣਤੀ ਲੋੜੋਂ ਵੱਧ ਕਰ ਦਿੱਤੀ ਗਈ ਹੈ। ਦਰਅਸਲ, 1968 ਦੀਆਂ ਓਲੰਪਿਕ ਖੇਡਾਂ ’ਚ ਹੋਈ ਹਾਰ ਦੇ ਕਾਰਨ ਇਹੋ ਦੱਸੇ ਗਏ ਸਨ ਕਿ ਪੱਖਪਾਤੀ ਢੰਗ ਨਾਲ਼ ਗ਼ਲਤ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ; ਇਸ ਦਾ ਸਬੂਤ ਇਹ ਦਿੱਤਾ ਗਿਆ ਸੀ ਕਿ 16 ਮੈਂਬਰੀ ਰਾਸ਼ਟਰੀ ਟੀਮ ’ਚ ਨੌਂ ਸਿੱਖ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੋਇਆ ਸੀ। ਭਾਰਤੀ ਖੇਡ ਪ੍ਰਸ਼ਾਸਨ ’ਚ ਕੁਝ ਵੀ ਅਸੰਭਵ ਨਹੀਂ ਅਤੇ ਸਭ ਕੁਝ ਸੰਭਵ ਹੈ।
ਆਪਾਂ ਇੱਥੇ ਥੋੜ੍ਹਾ ਰੁਕਦੇ ਹਾਂ। ਇਹ ਕੋਈ ਸਿਰਫ਼ ਆਪਣੀ ਫ਼ਿਕਰ ਕਰਨ ਵਾਲੇ ਪ੍ਰਸ਼ਾਸਕਾਂ ਦੀ ਕਹਾਣੀ ਨਹੀਂ ਹੈ, ਸਗੋਂ ਭਾਰਤੀ ਹਾਕੀ ਦੀ ਜਿੱਤ ਅਤੇ ਉਸ ਨਾਲ ਜੁੜੀਆਂ ਅਨੇਕ ਯਾਦਗਾਰੀ ਕਹਾਣੀਆਂ ਦਾ ਵਰਨਣ ਹੈ। ਉਸ ਦੇਸ਼ ਭਾਰਤ ’ਚ, ਜਿੱਥੇ ਵ੍ਹਟਸਐਪ ’ਤੇ ਆਈਆਂ ਪੋਸਟਾਂ ਨੂੰ ਫ਼ਾਰਵਰਡ ਕਰ ਕਰ ਕੇ ਇਤਿਹਾਸ ਨੂੰ ਮੁੜ ਪਰਿਭਾਸ਼ਤ ਕੀਤਾ ਜਾ ਰਿਹਾ ਹੋਵੇ ਅਤੇ ਉੱਥੇ ਖੇਡ ਪ੍ਰਾਪਤੀਆਂ ਦਾ ਕਿਤੇ ਵੀ ਕੋਈ ਦਸਤਾਵੇਜ਼ੀਕਰਨ ਨਾ ਹੋ ਰਿਹਾ ਹੋਵੇ ਜਾਂ ਅਜਿਹਾ ਬਹੁਤ ਘੱਟ ਹੋ ਰਿਹਾ ਹੋਵੇ; ਉੱਥੇ ਹੀ ਪਿਛਲੇ ਮਹੀਨੇ ਕੌਮੀ ਰਾਜਧਾਨੀ ਨਵੀਂ ਦਿੱਲੀ ਦੇ ਦਿਲ ’ਚ ਸਥਿਤ ਸ਼ਿਵਾਜੀ ਸਟੇਡੀਅਮ ਵਿੱਚ ਇੱਕ ਕਿਤਾਬ ਰਿਲੀਜ਼ ਹੋਈ ਸੀ, ਜੋ ਸੱਚੀਆਂ ਘਟਨਾਵਾਂ ਤੇ ਤੱਥਾਂ ਨਾਲ ਭਰਪੂਰ ਸੀ।
‘ਮਾਰਚ ਆਫ਼ ਗਲੋਰੀ’ ਨਾਂਅ ਦੀ ਇਸ ਕਿਤਾਬ ਨੂੰ ਕੇ. ਅਰੁਮੁਗਮ ਅਤੇ ਖੇਡਾਂ ਨੂੰ ਸਮਰਪਿਤ ਲੇਖਕ ਐਰੋਲ ਡੀ’ਕਰੂਜ਼ ਨੇ ਸਾਂਝੇ ਤੌਰ ’ਤੇ ਲਿਖਿਆ ਹੈ। ਅਰੁਮੁਗਮ ਇੱਕ ਇੰਜੀਨੀਅਰ ਹਨ ਪਰ ਉਨ੍ਹਾਂ ਨੇ 1990ਵਿਆਂ ਦੌਰਾਨ ਆਪਣੀ ਸਾਰੀ ਤਾਕਤ ਤੇ ਆਪਣਾ ਸਮਾਂ ਹਾਕੀ ਨੂੰ ਪ੍ਰੋਮੋਟ ਕਰਨ ਅਤੇ ਇਸ ਖੇਡ ਬਾਰੇ ਕੁਝ ਲਿਖਣ ਲਈ ਜਲ ਸਰੋਤ ਮੰਤਰਾਲੇ ’ਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਪੁਸਤਕ ਵਿੱਚ 1975 ਦੌਰਾਨ ਭਾਰਤ ਦੀ ਸ਼ਾਨਦਾਰ ਵਿਸ਼ਵ ਕੱਪ ਜਿੱਤ ਦਾ ਬਹੁਤ ਹੀ ਵਿਸਥਾਰਪੂਰਬਕ ਤੇ ਭਰਪੂਰ ਵਰਨਣ ਹੈ, ਜਿਸ ’ਚ ਇਹ ਦੱਸਿਆ ਗਿਆ ਹੈ ਕਿ ਉਹ ਜਿੱਤ ਕਿਵੇਂ ਹਾਸਲ ਹੋਈ ਸੀ।
ਅਰੁਮੁਗਮ ਨੇ ਆਈਆਈਟੀ ਮੁੰਬਈ ਤੋਂ ਆਪਣੀ ਸਿੱਖਿਆ ਹਾਸਲ ਕੀਤੀ ਹੈ ਤੇ ਫਿਰ ਯੂਪੀਐਸਸੀ ਦਾ ਇਮਤਿਹਾਨ ਪਾਸ ਕੀਤਾ। ਇੰਝ ਉਹ ਭਾਰਤ ਸਰਕਾਰ ਦਾ ਹਿੱਸਾ ਬਣ ਗਏ। ਉਨ੍ਹਾਂ ਨੇ 14 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਹਾਕੀ ਉੱਤੇ ਹਨ। ਉਨ੍ਹਾਂ ਦੀ ਇਹ ਨਵੀਂ ਕਿਤਾਬ ਰਿਲੀਜ਼ ਹੋਣ ਸਮੇਂ ਬਹੁਤ ਸਾਰੇ ਪੁਰਾਣੇ ਹਾਕੀ ਖਿਡਾਰੀ ਮੌਜੂਦ ਸਨ। ਉਨ੍ਹਾਂ ’ਚ ਬੇਹੱਦ ਕਲਾਮਈ ਪੈਂਤੜੇਬਾਜ਼ ਹਾਕੀ ਖਿਡਾਰੀ ਅਸ਼ੋਕ ਕੁਮਾਰ ਵੀ ਮੌਜੂਦ ਸਨ, ਜੋ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਫ਼ਰਜ਼ੰਦ ਹਨ। ਉਨ੍ਹਾਂ ਨੇ 1975 ਦੇ ਉਸ ਜੇਤੂ ਵਿਸ਼ਵ ਕੱਪ ਮੈਚ ਦੀਆਂ ਕੁਝ ਘਟਨਾਵਾਂ ਦਾ ਵਰਨਣ ਕੁਝ ਇਸ ਤਰ੍ਹਾਂ ਕੀਤਾ ਕਿ ਦਰਸ਼ਕ ਉੱਥੇ ਸਾਹ ਰੋਕ ਕੇ ਉਨ੍ਹਾਂ ਨੂੰ ਸੁਣਦੇ ਰਹੇ। ਉਨ੍ਹਾਂ ਦੱਸਿਆ ਕਿ ਉਸ ਵਿਸ਼ਵ ਕੱਪ ਦੀ ਜਿੱਤ ਦੇ ਉਨ੍ਹਾਂ ਦੇ ਖ਼ੁਦ ਵਾਸਤੇ, ਟੀਮ ਅਤੇ ਦੇਸ਼ ਲਈ ਕੀ ਮਾਇਨੇ ਸੀ।
1975 ’ਚ 26 ਸਾਲ ਦੀ ਉਮਰੇ ਅਸ਼ੋਕ ਕੁਮਾਰ ਹਾਕੀ ਦੀ ਖੇਡ ’ਚ ਇਹੋ ਜਿਹੀ ਪੈਂਤੜੇਬਾਜ਼ੀ ਨਾਲ ਗੇਂਦ ਨੂੰ ਘੁੰਮਾਉਂਦੇ ਸਨ, ਜਿਸ ਨੂੰ ਵੇਖਦਿਆਂ ਹੀ ਬਣਦਾ ਸੀ। ਪਾਕਿਸਤਾਨ ਖ਼ਿਲਾਫ਼ ਫ਼ਾਈਨਲ ਮੈਚ ਖੇਡਦੇ ਸਮੇਂ ਉਨ੍ਹਾਂ ਵੱਲੋਂ ਕੀਤੇ ਗੋਲ਼ ਨੇ ਹੀ ਭਾਰਤੀ ਟੀਮ ਨੂੰ ਜਿਤਾਇਆ ਸੀ। ਉਦੋਂ ਪਾਕਿਸਤਾਨੀ ਖਿਡਾਰੀਆਂ ਨੇ ਇਹ ਆਖ ਕੇ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੇਂਦ ਤਾਂ ਗੋਲ ਪੋਸਟ ਦੇ ਬਾਹਰਲੇ ਪਾਸੇ ਲੱਗੀ ਸੀ, ਪਰ ਭਾਰਤੀ ਖਿਡਾਰੀਆਂ ਨੇ ਇਸ ਬੇਸਿਰ-ਪੈਰ ਦੀ ਦਲੀਲ ਪ੍ਰਤੀ ਅਸਹਿਮਤੀ ਪ੍ਰਗਟਾਈ ਸੀ। ਮਲੇਸ਼ੀਅਨ ਰੈਫ਼ਰੀ ਜੀ. ਵਿਜੈਨਾਥਨ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਮੰਨੀ ਸੀ। ਇੰਝ ਉਹ ਗੋਲ਼ ਮੰਨਿਆ ਗਿਆ ਤੇ ਭਾਰਤ ਜੇਤੂ ਬਣਿਆ।
ਉਦੋਂ ਵਿਜੈਨਾਥਨ ’ਤੇ ਪੱਖਪਾਤ ਨਾਲ ਫ਼ੈਸਲਾ ਦੇਣ ਦੇ ਦੋਸ਼ ਲੱਗੇ ਸਨ।
ਇਸ ਪੁਸਤਕ ’ਚ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਅਜਿਹੇ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ ਹੈ ਅਤੇ ਉਨ੍ਹਾਂ ਨੇ 1973 ਦੇ ਮੈਚ ਦੌਰਾਨ ਦਿੱਤੇ ਆਪਣੇ ਉਸ ਫ਼ੈਸਲੇ ਦਾ ਜ਼ਿਕਰ ਵੀ ਕੀਤਾ ਹੈ, ਜਿਸ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ। ਉਦੋਂ ਉਨ੍ਹਾਂ ਨੇ ਨੀਦਰਲੈਂਡਜ਼ ਖ਼ਿਲਾਫ਼ ਖੇਡ ਰਹੇ ਭਾਰਤੀ ਹਾਕੀ ਖਿਡਾਰੀ ਸੁਰਜੀਤ ਸਿੰਘ ਵੱਲੋਂ ਇੱਕ ਪੈਨਲਟੀ ਕਾਰਨਰ ਨਾਲ ਕੀਤੇ ਗੋਲ਼ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜੇ ਉਦੋਂ ਉਹ ਉਸ ਗੋਲ਼ ਨੂੰ ਪ੍ਰਵਾਨ ਕਰ ਲੈਂਦੇ, ਤਾਂ ਭਾਰਤ ਦਾ ਸਕੋਰ 3-0 ਹੋਣਾ ਸੀ। ਇਹ ਤੱਥ ਇਤਿਹਾਸ ਵਿਚ ਦਰਜ ਹੈ ਕਿ ਉਸ ਮੈਚ ਦੌਰਾਨ ਪਹਿਲਾਂ ਨੀਦਰਲੈਂਡਜ਼ ਨੇ 2-2 ਨਾਲ ਸਕੋਰ ਬਰਾਬਰ ਕੀਤਾ ਤੇ ਅੰਤ ਪੈਨਲਟੀਆਂ ਨਾਲ ਉਹ ਉਸ ਵਿਸ਼ਵ ਕੱਪ ਨੂੰ ਜਿੱਤ ਵੀ ਗਿਆ। 1975 ਦੇ ਉਸ ਮੈਚ ਵੇਲੇ 1973 ਦੇ ਗੋਲ਼ ਬਾਰੇ ਦਿੱਤੇ ਫ਼ੈਸਲੇ ’ਤੇ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਸੀ, ਸਗੋਂ ਉਹ ਇੰਝ ਕਰਦੇ ਸਮੇਂ ਖ਼ੁਦ ਨੂੰ ਇੱਕ ਬੇਹੱਦ ਈਮਾਨਦਾਰ ਤੇ ਸਦਾ ਨਿਯਮਾਂ ’ਤੇ ਚੱਲਣ ਵਾਲੇ ਵਿਅਕਤੀ ਵਜੋਂ ਪ੍ਰਮਾਣਿਤ ਕਰ ਰਹੇ ਸਨ।
ਅਸ਼ੋਕ ਕੁਮਾਰ ਨੇ 1975 ਦੇ ਉਸ ਜੇਤੂ ਟੂਰਨਾਮੈਂਟ ਤੋਂ ਪਹਿਲਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਮੈਦਾਨ ’ਚ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਤੇ ਜੋਸ਼ ਭਰਨ ਲਈ ਲੱਗੇ ਤਿਆਰੀ ਕੈਂਪ ਦੀ ਖੇਡ ਰਾਹੀਂ ਪਏ ਹਾਂ-ਪੱਖੀ ਅਸਰ ਦਾ ਜ਼ਿਕਰ ਕੀਤਾ। ਉਸ ਮੈਦਾਨ ਦੇ ਬਿਲਕੁਲ ਨੇੜੇ ਹੀ ਯੂਨੀਵਰਸਿਟੀ ’ਚ ਪੜ੍ਹਦੀਆਂ ਕੁੜੀਆਂ ਦਾ ਹੋਸਟਲ ਸੀ ਅਤੇ ਬਹੁਤ ਸਾਰੀਆਂ ਵਿਦਿਆਰਥਣਾਂ ਤੇ ਹੋਰ ਵਿਦਿਆਰਥੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਸਖ਼ਤ ਅਭਿਆਸ ਕਰਦਿਆਂ ਵੇਖਦੇ ਰਹਿੰਦੇ ਸਨ। ਖਿਡਾਰੀ ਵੀ ਡਾਢੇ ਖ਼ੁਸ਼ ਸਨ ਅਤੇ ਉਨ੍ਹਾਂ ’ਚੋਂ ਬਹੁਤੇ ਖਿਡਾਰੀਆਂ ਨੂੰ ਉਥੇ ਮੈਦਾਨ ਦੇ ਆਲ਼ੇ-ਦੁਆਲੇ ਕੁੜੀਆਂ ਦੇ ਝੁੰਡਾਂ ਦੀ ਮੌਜੂਦਗੀ ਹਾਲੇ ਤੱਕ ਚੇਤੇ ਹੈ। ਉਨ੍ਹਾਂ ਦੀ ਮੌਜੂਦਗੀ ਸਦਕਾ ਉਹ ਉੱਥੇ ਸਖ਼ਤ ਮਿਹਨਤ ਕਰ ਰਹੇ ਸਨ। ਉਹ ਇਹ ਵੀ ਮੰਨਦੇ ਹਨ ਕਿ ਚੰਡੀਗੜ੍ਹ ਦੇ ਉਸ ਅਭਿਆਸ ਨੇ ਹੀ ਉਨ੍ਹਾਂ ਨੂੰ ਫ਼ਾਈਨਲ ’ਚ ਪਾਕਿਸਤਾਨ ਨੂੰ ਹਰਾਉਣ ਵਿੱਚ ਮਦਦ ਕੀਤੀ ਸੀ।
ਉਨ੍ਹੀਂ ਦਿਨੀਂ ਪਾਕਿਸਤਾਨ ਇੱਕ ਵਰਨਣਯੋਗ ਦੁਸ਼ਮਣ ਮੰਨਿਆ ਜਾਂਦਾ ਸੀ ਪਰ ਉਹ ਵੈਰ-ਵਿਰੋਧ ਸਿਰਫ਼ ਹਾਕੀ ਦੇ ਮੈਦਾਨ ਤੱਕ ਹੀ ਸੀਮਤ ਸੀ। ਮੈਦਾਨ ਤੋਂ ਬਾਹਰ ਉਹ ਸਭ ਦੋਸਤਾਂ ਵਾਂਗ ਹੀ ਵਿਚਰਦੇ ਸਨ। ਇਸ ਦੀ ਮਿਸਾਲ ਇਸ ਤੱਥ ਤੋਂ ਦਿੱਤੀ ਜਾਂਦੀ ਹੈ ਕਿ ਭਾਰਤੀ ਕੋਚ ਤੇ ਮੈਨੇਜਰ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਉਸੇ 1975 ਦੇ ਓਲੰਪਿਕ ਹਾਕੀ ਫ਼ਾਈਨਲ ਮੈਚ ਤੋਂ ਇੱਕ ਦਿਨ ਪਹਿਲਾਂ ਨਮਾਜ਼ ਪੜ੍ਹਨ ਲਈ ਜਾ ਰਹੀ ਪਾਕਿਸਤਾਨੀ ਟੀਮ ਨਾਲ ਮਸਜਿਦ ਤੱਕ ਗਏ ਸਨ। ਬਲਬੀਰ ਸਿੰਘ ਉਦੋਂ ਬੱਸ ’ਚ ਉਸ ਟੀਮ ਨਾਲ ਬਹਿ ਕੇ ਗਏ ਸਨ। ਪਾਕਿਸਤਾਨੀ ਖਿਡਾਰੀ ਮਨਜ਼ੂਰ-ਉਲ ਹਸਨ ਨੂੰ ਚੇਤੇ ਹੈ ਕਿ ਜਦੋਂ ਉਹ ਮਸਜਿਦ ਤੋਂ ਬਾਹਰ ਆਏ ਸਨ, ਤਾਂ ਉਹ ਬਲਬੀਰ ਸਿੰਘ ਹੁਰਾਂ ਦਾ ਹੰਝੂਆਂ ਨਾਲ ਭਿੱਜਿਆ ਚਿਹਰਾ ਵੇਖ ਕੇ ਸੁੰਨ ਹੋ ਗਏ ਸਨ। ਉਨ੍ਹਾਂ ਦੀ ਦਾੜ੍ਹੀ ਤੱਕ ਗਿੱਲੀ ਹੋਈ ਪਈ ਸੀ। ਉਨ੍ਹਾਂ ਦੀਆਂ ਅੱਖਾਂ ’ਚੋਂ ਅੱਥਰੂ ਲਗਾਤਾਰ ਵਹਿ ਰਹੇ ਸਨ। ਅਜਿਹੇ ਭਲੇ ਵੇਲੇ ਹੁਣ ਸ਼ਾਇਦ ਕਦੇ ਵੀ ਪਰਤ ਕੇ ਨਹੀਂ ਆਉਣਗੇ।
ਤਿੰਨ ਵਾਰ ਦੇ ਓਲੰਪਕ ਸੋਨ ਤਮਗ਼ਾ ਜੇਤੂ ਬਲਬੀਰ ਸਿੰਘ ਬੇਹੱਦ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਦੀ ਮੌਜੂਦਗੀ ਹੀ ਬਹੁਤ ਪ੍ਰੇਰਨਾਦਾਇਕ ਹੁੰਦੀ ਸੀ। ਉਹ ਬਹੁਤ ਸੂਝਬੂਝ ਨਾਲ ਭਾਰਤੀ ਟੀਮ ਲਈ ਰਣਨੀਤੀ ਉਲੀਕਦੇ ਸਨ। ਉਸ ਸੈਮੀਫ਼ਾਈਨਲ ਮੈਚ ਨੂੰ ਕੌਣ ਭੁਲਾ ਸਕਦਾ ਹੈ, ਜਦੋਂ ਭਾਰਤੀ ਟੀਮ ਹਾਰ ਦੇ ਕੰਢੇ ’ਤੇ ਸੀ। ਉਦੋਂ ਭਾਰਤ 1-2 ਨਾਲ ਪਿੱਛੇ ਚੱਲ ਰਿਹਾ ਸੀ, ਅਜਿਹੇ ਵੇਲੇ ਇੱਕ ਖਿਡਾਰੀ ਨੂੰ ਬਦਲ ਕੇ ਡਿਫ਼ੈਂਡਰ (ਰੱਖਿਅਕ) ਅਸਲਮ ਸ਼ੇਰ ਖ਼ਾਨ ਨੂੰ ਲਿਆਂਦਾ ਗਿਆ ਸੀ।
ਭਾਰਤ ’ਚ ਉਸ ਵੇਲੇ ਕਰੋੜਾਂ ਲੋਕ ਜਸਦੇਵ ਸਿੰਘ ਦੀ ਮਿੱਠੀ ਪਰ ਨਿਰਾਸ਼ ਆਵਾਜ਼ ’ਚ ਰੇਡੀਓ ’ਤੇ ਕੀਤੀ ਜਾ ਰਹੀ ਕੁਮੈਂਟਰੀ ਸੁਣ ਰਹੇ ਸਨ। ਭਾਰਤੀਆਂ ਨੂੰ ਜਾਪਣ ਲੱਗਾ ਸੀ ਕਿ ਹੁਣ ਇੱਕ ਵਾਰ ਫਿਰ ਉਨ੍ਹਾਂ ਦਾ ਦਿਲ ਟੁੱਟਣ ਵਾਲਾ ਹੈ। ਸਿਰਫ਼ 12 ਮਿੰਟਾਂ ਦੀ ਖੇਡ ਬਾਕੀ ਰਹਿੰਦੀ ਸੀ ਕਿ ਭਾਰਤ ਨੂੰ ਇੱਕ ਪੈਨਲਟੀ ਕਾਰਨਰ ਮਿਲ ਗਿਆ। ਉਦੋਂ ਸਭ ਨੂੰ ਬੜੀ ਹੈਰਾਨੀ ਹੋਈ, ਜਦੋਂ ਅਸਲਮ ਸ਼ੇਰ ਖ਼ਾਨ ਨੂੰ ਉਹ ਪੈਨਲਟੀ ਕਾਰਨਰ ਲੈਣ ਲਈ ਆਖਿਆ ਗਿਆ। ਉਦੋਂ ਆਪਣੀ ਹਾਕੀ ਘੁੰਮਾਉਣ ਤੋਂ ਸਿਰਫ਼ ਕੁਝ ਮਿੰਟ ਪਹਿਲਾਂ ਉਸ ਨੇ ਆਪਣੀ ਮਾਂ ਦੀਆਂ ਸ਼ੁਭ ਇੱਛਾਵਾਂ ਵਾਲੇ ਸੁਨਹਿਰੀ ਤਾਵੀਜ਼ ਨੂੰ ਚੁੰਮਿਆ। ਅਸਲਮ ਨੇ ਹਿੱਟ ਮਾਰੀ। ਫਿਰ ਇੱਕ ਪਲ ਲਈ ਜਸਦੇਵ ਸਿੰਘ ਦੀ ਆਵਾਜ਼ ਜਿਵੇਂ ਕਿਤੇ ਗੁਆਚ ਗਈ ਅਤੇ ਉਦੋਂ ਉੱਚੀ ਚੀਕਣ ਵਰਗੀ ਆਵਾਜ਼ ਆਈ- ਗੋਲ...! ਪਰ ਉਸ ਗੋਲ਼ ਨੂੰ ਲੈ ਕੇ ਵੀ ਵਿਵਾਦ ਛਿੜ ਗਿਆ ਸੀ। ਅੰਤ ’ਚ ਦੋ ਦਿਨਾਂ ਬਾਅਦ ਉਸ ਆਖ਼ਰੀ ਗੋਲ਼ ਬਾਰੇ ਫ਼ੈਸਲਾ ਭਾਰਤ ਦੇ ਹੱਕ ’ਚ ਆਇਆ ਅਤੇ ਭਾਰਤ ਵਿਸ਼ਵ ਕੱਪ ਚੈਂਪੀਅਨ ਬਣ ਗਿਆ।