ਡਾਕ ਐਤਵਾਰ ਦੀ
ਕੁਦਰਤ ਦੇ ਨਜ਼ਾਰੇ
ਐਤਵਾਰ 13 ਅਪਰੈਲ ਨੂੰ ‘ਦਸਤਕ’ ਅੰਕ ’ਚ ਡਾ. ਰਣਜੀਤ ਸਿੰਘ ਦਾ ਲੇਖ ‘ਨਿਆਗਰਾ ਫਾਲ ਦੀ ਯਾਤਰਾ’ ਪੜ੍ਹਿਆ। ਨਿਆਗਰਾ ਫਾਲ ਦੀ ਇਹ ਯਾਤਰਾ ਲੇਖਕ ਨੇ ਕਾਰਨਲ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਕੀਤੀ। ਲੇਖਕ ਨੇ ਇਸ ਬਾਰੇ ਪਹਿਲਾਂ ਬਹੁਤ ਸੁਣਿਆ ਸੀ, ਪਰ ਉਸ ਨੂੰ ਖ਼ੁਦ ਵੇਖਣ ਦਾ ਮੌਕਾ ਮਿਲਿਆ ਤਾਂ ਉਹ ਬਹੁਤ ਉਤਸ਼ਾਹਿਤ ਹੋਇਆ। ਇਹ ਯਾਤਰਾ ਲੇਖਕ ਲਈ ਬਹੁਤ ਯਾਦਗਾਰ ਰਹੀ ਅਤੇ ਨਿਆਗਰਾ ਦੀ ਸ਼ੋਭਾ ਏਨੀ ਜ਼ਿਆਦਾ ਹੈ ਕਿ ਉੱਥੋਂ ਮੁੜ ਆਉਣ ਦਾ ਮਨ ਨਹੀਂ ਕਰਦਾ। ਇਹ ਪੜ੍ਹਦਿਆਂ ਪਾਠਕ ਵੀ ਆਪਣੀ ਕਲਪਨਾ ਰਾਹੀਂ ਉੱਥੋਂ ਦੇ ਨਜ਼ਾਰੇ ਮਾਣਦਾ ਹੈ।
ਗੁਰਿੰਦਰ ਪਾਲ ਸਿੰਘ, ਰਾਜਪੁਰਾ (ਪਟਿਆਲਾ)
ਕਿਸਦਾ ਨੁਕਸਾਨ?
ਐਤਵਾਰ 6 ਅਪਰੈਲ ਦੇ ਅੰਕ ਵਿੱਚ ਅਰਵਿੰਦਰ ਜੌਹਲ ਨੇ ਪੰਜਾਬ ’ਚ ਚੱਲ ਰਹੀ ਬੁਲਡੋਜ਼ਰ ਨੀਤੀ ਦੀ ਚਰਚਾ ਕੀਤੀ ਹੈ। ਬਣੇ ਬਣਾਏ ਮਕਾਨ ਇਸ ਤਰ੍ਹਾਂ ਢਾਹੁਣ ਵਿੱਚ ਕਿਸ ਦਾ ਨੁਕਸਾਨ ਹੈ? ਕੀ ਇੱਕ ਵਿਅਕਤੀ ਦੇ ਕਸੂਰ ਲਈ ਸਾਰੇ ਪਰਿਵਾਰ ਨੂੰ ਛੱਤ ਵਿਹੂਣਾ ਕਰਨਾ ਸਮਝਦਾਰੀ ਹੈ? ਦਰਅਸਲ, ਇਹ ਨੁਕਸਾਨ ਪੰਜਾਬ ਦੀਆਂ ਜਾਇਦਾਦਾਂ ਦਾ ਹੈ। ਬੇਕਸੂਰ ਲੋਕਾਂ ਦਾ ਹੈ। ਗਿਆਨਵਾਨ ਚੂਹੇ ਦਾ ਹਸ਼ਰ ਚੰਗਾ ਵਿਅੰਗ ਹੈ। ਕਈ ਵਿਅਕਤੀ ਤੀਰ ਤੁੱਕੇ ਲਾ ਕੇ ਟੈਸਟ ਪਾਸ ਕਰਕੇ ਨੌਕਰੀਆਂ ਲੈ ਜਾਂਦੇ ਹਨ ਜਦੋਂਕਿ ਵੱਡੀਆਂ ਡਿਗਰੀਆਂ ਵਾਲੇ ਬੱਚੇ ਬੇਰੁਜ਼ਗਾਰ ਹਨ। ਕੀ ਉਹ ਸਾਰੇ ਅਯੋਗ ਹਨ? ਬਾਹਰਲੇ ਸੂਬਿਆਂ ਦੇ ਵਿਅਕਤੀ ਵੀ ਪੰਜਾਬ ’ਚ ਨੌਕਰੀਆਂ ਕਰ ਰਹੇ ਹਨ। ਚੂਹੇ ਵਾਲਾ ਲੇਖ ਨਸੀਹਤ ਦੇਣਾ ਵਾਲਾ ਹੈ। ਗੁਰਪ੍ਰੀਤ ਨੇ ਚਿੱਠੀਆਂ ਵਾਲੇ ਲੇਖ ਨਾਲ ਮੈਨੂੰ ਬਚਪਨ ਯਾਦ ਕਰਵਾ ਦਿੱਤਾ। ਪਹਿਲਾਂ ਹੱਥਲਿਖਤ ਚਿੱਠੀਆਂ ਦਾ ਜ਼ਮਾਨਾ ਸੀ। ਅਖ਼ਬਾਰ ਵੀ ਹੱਥਲਿਖਤ ਚਿੱਠੀਆਂ ਛਾਪਦੇ ਸਨ। ਸਮੇਂ ਨਾਲ ਤਕਨੀਕ ਬਦਲੀ ਹੈ ਤੇ ਤਕਨੀਕ ਨੇ ਸਮਾਂ ਬਦਲ ਦਿੱਤਾ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਅਦਾਰੇ ਦਾ ਅਕੀਦਾ
ਐਤਵਾਰ 6 ਅਪਰੈਲ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੇ ਤਿੰਨ ਲੇਖ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ ਜੋ ਪੰਜਾਬੀ ਦੇ ਸਥਾਪਿਤ ਕਹਾਣੀਕਾਰ ਪ੍ਰੇਮ ਪ੍ਰਕਾਸ਼ ਖੰਨਵੀ ਨਾਲ ਸਬੰਧਿਤ ਹਨ। ਸੁਰਜੀਤ ਹਾਂਸ ਨੇ ਅਪਣੱਤ ਦਾ ਇਜ਼ਹਾਰ ਕਰਦਿਆਂ, ‘ਪ੍ਰੇਮ ਦੀ ਕਲਪਨਾ ਦਾ ਜਗਤ’ ਲੇਖ ਵਿੱਚ ਉਨ੍ਹਾਂ ਦੇ ਜੀਵਨ ਬਿਰਤਾਂਤ ਨੂੰ ਪ੍ਰੇਮ ਪ੍ਰਕਾਸ਼ ਦੀ ਜ਼ਿੰਦਗੀ ਦੇ ਵਿਭਿੰਨ ਰੰਗਾਂ ਰੂਪਾਂ ਦੇ ਮਾਧਿਅਮ ਰਾਹੀਂ ਬਾਖ਼ੂਬੀ ਪੇਸ਼ ਕੀਤਾ ਹੈ। ਲੇਖ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਪ੍ਰੇਮ ਪ੍ਰਕਾਸ਼ ਟਕਰਾਅ ਵਾਲੀਆਂ ਪ੍ਰਸਥਿਤੀਆਂ ਤੋਂ ਮੁਕਤ ਹੋ ਕੇ ਆਪਣੇ ਜੀਵਨ ਦੇ ਸੁਪਨਿਆਂ ਨੂੰ ਕਿਵੇਂ ਸਾਕਾਰ ਕਰਨਾ ਚਾਹੁੰਦਾ ਸੀ। ਦੂਸਰੇ ਲੇਖ ਵਿੱਚ ‘ਚੱਲ ਮਨਾ, ਜਲੰਧਰ ਚੱਲੀਏ’ ਸਾਹਿਤਕਾਰੀ ਦੇ ਨਾਮਵਰ ਲੇਖਕਾਂ/ ਨਿਵੇਕਲੀ ਸ਼ੈਲੀ ਵਾਲੇ ਹਸਤਾਖ਼ਰਾਂ ਦੀ ਫ਼ਹਿਰਿਸਤ ਨਾਲ ਸਬੰਧਿਤ ਪੇਸ਼ ਹੋਏ ਵੇਰਵੇ ਬੜੇ ਅਰਥ ਭਰਪੂਰ ਹਨ। ਮੌਤ ਪ੍ਰਤੀ ਉਸ (ਪ੍ਰੇਮ ਪ੍ਰਕਾਸ਼) ਦੀ ਅਜਿਹੀ ਭੈਅ-ਮੁਕਤ ਸੋਚ ਬਣਨੀ ਉਸ ਵੱਲੋਂ ਸ਼ਬਦ-ਸਰੂਰੀ- ਸੱਭਿਆਚਾਰ ਦੀ ਅਟੱਲ ਸਚਾਈ ਵਿੱਚ ਧੁਰ ਅੰਦਰੋਂ ਗੜੂੰਦ ਹੋਣਾ ਹੀ ਪ੍ਰਤੀਤ ਹੁੰਦਾ ਹੈ। ਤੀਜਾ, ਉਸ ਦਾ ਸਵੈ-ਰਚਿਤ ਲੇਖ ‘ਉਰਦੂ ਨੇ ਮੈਨੂੰ ਰਿਜ਼ਕ ਦਿੱਤਾ’ ਉਸ ਦੇ ਜੀਵਨ ਸੰਘਰਸ਼ ਦੀ ਪ੍ਰਮਾਣਿਕ ਤੇ ਪੜ੍ਹਨਯੋਗ ਗਾਥਾ ਹੈ। ਪ੍ਰੇਮ ਪ੍ਰਕਾਸ਼ ਦਾ ਦੁਨੀਆ ਤੋਂ ਰੁਖ਼ਸਤ ਹੋਣਾ ਪੰਜਾਬੀ ਸਾਹਿਤ ਪ੍ਰੇਮੀਆਂ ਲਈ ਬੜਾ ਦੁੱਖਦਾਇਕ ਹੈ। ‘ਪੰਜਾਬੀ ਟ੍ਰਿਬਿਊਨ’ ਅਦਾਰੇ ਵੱਲੋਂ ਉਸ ਪ੍ਰਤੀ ਅਜਿਹਾ ਅਕੀਦਾ ਪੇਸ਼ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਪੰਜਾਬੀ ਕਹਾਣੀ ਜਗਤ ਵਿੱਚ ਪ੍ਰੇਮ ਪ੍ਰਕਾਸ਼ ਦਾ ਯੋਗਦਾਨ ਆਪਣੀ ਮਿਸਾਲ ਆਪ ਹੈ ਕਿਉਂਕਿ ਉਸ ਨੇ ਮੱਧਵਰਗੀ ਪਰਿਵਾਰਾਂ ਦੀ ਮਾਨਸਿਕਤਾ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੀ ਨਹੀਂ ਕੀਤਾ ਸਗੋਂ ਸੁਚੇਤ ਕਲਾਕਾਰ ਦੇ ਤੌਰ ’ਤੇ ਬੜੇ ਖੁੱਲ੍ਹੇ-ਖ਼ੁਲਾਸੇ ਰੂਪ ਵਿੱਚ ਪੇਸ਼ ਵੀ ਕੀਤਾ। ਰਵਨੀਤ ਕੌਰ ਵੱਲੋਂ ਲਿਖੀ ਰਚਨਾ ‘ਗਿਆਨਵਾਨ ਚੂਹੇ ਦਾ ਹਸ਼ਰ’ ਆਪਣੀ ਬਿਰਤਾਂਤ ਜੁਗਤ ਵਜੋਂ ਭਾਵੇਂ ਕਹਾਣੀਨੁਮਾ ਹੋਣ ਦੀ ਪ੍ਰਤੀਤੀ ਕਰਵਾਉਂਦੀ ਹੈ ਪਰ ਆਪਣੇ ਵਿਸ਼ਾਗਤ ਪਰਿਪੇਖ ਵਜੋਂ ਸਾਨੂੰ ਅਜੋਕੇ ਵਿਸ਼ਵੀਕਰਨ ਦੇ ਦੌਰ ਅਤੇ ਵਿਗਿਆਨ ਤੇ ਤਕਨਾਲੋਜੀ ਦੇ ਕ੍ਰਾਂਤੀਕਾਰੀ ਯੁੱਗ ਦੇ ਆਧਾਰ ’ਤੇ ਸੋਚਣ ਲਈ ਜ਼ਰੂਰ ਮਜਬੂਰ ਕਰਦੀ ਹੈ ਕਿਉਂਕਿ ਕਹਾਣੀ ਵਿਧਾ ਵਿੱਚ ਹੋਇਆ ਚੂਹੇ ਦਾ ਮਾਨਵੀਕਰਨ ਸਾਨੂੰ ਪੰਚਤੰਤਰ ਦੀਆਂ ਕਹਾਣੀਆਂ ਦੇ ਮਾਹੌਲ ਵਿੱਚ ਪ੍ਰਵੇਸ਼ ਕਰਵਾ ਦਿੰਦਾ ਹੈ। ਜਦੋਂਕਿ ਅਜੋਕੀ ਕਹਾਣੀ ਦੀ ਸਥਿਤੀ ਮੇਰੀ ਜਾਚੇ ਸਿੱਧੇ ਸਪਾਟ ਰੂਪ ਵਿੱਚ, ਬੌਧਿਕ ਮਿਆਰਾਂ ਦੀ ਹਾਣੀ ਬਣ ਕੇ ਪਾਠਕਾਂ ਨੂੰ ਆਪਣੀਆਂ ਸਮੱਸਿਆਵਾਂ/ਅਕਾਂਖਿਆਵਾਂ ਨੂੰ ਆਧੁਨਿਕ ਪਰਿਪੇਖ ਵਜੋਂ ਮੂਰਤੀਮਾਨ ਕਰਨ ਦੀ ਹਾਮੀ ਭਰਦੀ ਹੈ, ਇਹੋ ਵਿਸ਼ਾ ਤੱਥਾਂ/ ਪ੍ਰਮਾਣਾਂ ਸਹਿਤ ਅਗਰ ਲੇਖ ਵਿੱਚ ਸਮੋਇਆ ਜਾਂਦਾ ਤਾਂ ਵਧੇਰੇ ਪ੍ਰਭਾਵਸ਼ਾਲੀ ਹੋਣਾ ਸੀ। ਗੁਰਪ੍ਰੀਤ ਦੀ ਰਚਨਾ ‘ਚਿੱਠੀਆਂ ਦੇ ਵੱਡੇ ਜਿਗਰੇ’ ਬੜੇ ਹੀ ਭਾਵੁਕ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਅਹਿਸਾਸ ਕਰਵਾਉਂਦੀ ਹੈ। ਇਹ ਰਚਨਾ ਪੜ੍ਹਦਿਆਂ-ਪੜ੍ਹਦਿਆਂ ਮੋਹਨ ਭੰਡਾਰੀ ਦੀ ਕਹਾਣੀ ‘ਬਾਕੀ ਸਭ ਸੁਖ ਸਾਂਦ ਹੈ’ ਵੀ ਮੇਰੇ ਜ਼ਿਹਨ ਵਿੱਚ ਆ ਰਹੀ ਸੀ। ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਢਹਿ-ਢੇਰੀ ਹੋਏ ਘਰ ਤੇ ਗੁਆਚਿਆ ਨਿਆਂ’ ਉਸ ਦੇ ਸੰਵੇਦਨਸ਼ੀਲ ਆਪੇ ਦੀ ਮੂੰਹ ਬੋਲਦੀ ਤਸਵੀਰ ਹੈ। ਭਾਵਨਾਵਾਂ ਤੇ ਸੰਵੇਦਨਾਵਾਂ ਨੂੰ ਸਹੀ ਮਾਅਨਿਆਂ ਵਿੱਚ ਸਮਝਣ ਦੀ ਲੋੜ ਹੈ, ਬਤੌਰ ਇਨਸਾਨ ਕਾਨੂੰਨੀ ਨੁਕਤਿਆਂ ਦੇ ਨਾਲ-ਨਾਲ ਮਨੁੱਖੀ ਸੰਕਟਾਂ ਤੋਂ ਮੁਕਤੀ/ਨਿਜਾਤ ਪਾਉਣ ਦਾ ਇਹੋ ਇੱਕੋ-ਇੱਕ ਸਾਰਥਿਕ ਰਾਹ ਹੈ।
ਕ੍ਰਿਸ਼ਨ ਸਿੰਘ (ਪ੍ਰਿੰਸੀਪਲ), ਲੁਧਿਆਣਾ
ਇਨਸਾਫ਼!
ਐਤਵਾਰ 30 ਮਾਰਚ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਅਰਵਿੰਦਰ ਜੌਹਲ ਦਾ ਲੇਖ ‘ਇਨਸਾਫ਼! ... ਹਾਜ਼ਰ ਜਾਂ ਗ਼ੈਰਹਾਜ਼ਰ’ ਬਿਆਨ ਕਰਦਾ ਹੈ ਕਿ ਚੋਰ, ਸਾਧ ਤੇ ਕੁੱਤੀ ਸਭ ਰਲੇ ਹੋਏ ਨੇ। ਇੱਕ ਜੱਜ ਦੇ ਘਰੋਂ ਅੱਗ ਬੁਝਾਉਣ ਵੇਲੇ ਅਧਸੜੇ ਨੋਟਾਂ ਦੇ ਭਰੇ ਬੋਰਿਆਂ ਦਾ ਮਿਲਣਾ ਅਤੇ ਇੱਕ ਜੱਜ ਦੀ ਦੇਹਲੀ ਤੋਂ ਮਿਲੇ ਨੋਟਾਂ ਦੇ ਮਾਮਲੇ ਵਿੱਚ ਸਤਾਰਾਂ ਸਾਲਾਂ ਬਾਅਦ ਹੋਇਆ ਫ਼ੈਸਲਾ, ਇਨਸਾਫ਼ਪਸੰਦ ਲੋਕਾਂ ਦਾ ਦਿਲ ਸਾੜਨ ਅਤੇ ਜ਼ਖ਼ਮੀ ਲੋਕਤੰਤਰ ਦੇ ਜ਼ਖ਼ਮਾਂ ’ਤੇ ਲੂਣ ਭੁੱਕਣ ਵਾਲੀਆਂ ਖ਼ਬਰਾਂ ਹਨ। ਹਾਲਾਤ ਇੱਥੋਂ ਤੱਕ ਨਿੱਘਰ ਗਏ ਹਨ ਕਿ ਲੋਕ ਇਨ੍ਹਾਂ ਚਾਰ ਥਾਵਾਂ ’ਤੇ ਜਾਣਾ ਪਸੰਦ ਨਹੀਂ ਕਰਦੇ: ਕਚਹਿਰੀ, ਥਾਣਾ, ਹਸਪਤਾਲ ਤੇ ਸਰਕਾਰੀ ਦਫ਼ਤਰ। ਇਹ ਚਾਰੇ ਅਦਾਰੇ ਲੋਕਾਂ ਨੂੰ ਇਨਸਾਫ਼ ਅਤੇ ਸਹੀ ਸੇਧ ਦੇਣ ਲਈ ਹਨ ਪਰ ਇਨ੍ਹਾਂ ਥਾਵਾਂ ’ਤੇ ਜਾਣ ਤੋਂ ਲੋਕ ਝਿਜਕਦੇ ਹਨ। ਜਾਪਦਾ ਹੈ ਕਿ ਇਨਸਾਫ਼ ਵਿਕਦਾ ਹੈ। ਜੇ ਕੋਈ ਜੱਜ ਭਲਾ ਹੈ ਤਾਂ ਵਕੀਲਾਂ ਦੀਆਂ ਫੀਸਾਂ ਵੀ ਰਿਸ਼ਵਤਾਂ ਵਰਗੀਆਂ ਮੋਟੀਆਂ ਹਨ। ਕਾਰਪੋਰੇਟ ਘਰਾਣੇ ਸਰਕਾਰੀ ਦਫ਼ਤਰਾਂ ਵਿੱਚ ਚੱਕਰ ਮਾਰਨ ਨਾਲੋਂ ਕਚਹਿਰੀਆਂ ਵਿੱਚ ਕਰੋੜਾਂ ਰੁਪਏ ਖ਼ਰਚ ਕੇ ਅਦਾਲਤਾਂ ਤੋਂ ਅਰਬਾਂ ਦੇ ਨਾਜਾਇਜ਼ ਫ਼ੈਸਲੇ ਆਪਣੇ ਹੱਕ ਵਿੱਚ ਕਰਵਾਉਣਾ ਸੌਖਾ ਸਮਝਦੇ ਹਨ। ਜਾਇਜ਼ ਕੰਮ ਲਈ ਵੀ ਸਿਫ਼ਾਰਸ਼ ਤੇ ਰਿਸ਼ਵਤ ਦੀ ਲੋੜ ਕਿਉਂ ਪੈਂਦੀ ਹੈ? ਆਮ ਆਦਮੀ ਤਾਂ ’ਕੱਲਾ ਪਿੰਡ ਦੇ ਸਰਪੰਚ ਕੋਲ ਵੀ ਨਹੀਂ ਜਾਂਦਾ।
ਜੱਜਾਂ ਦੀਆਂ ਨਿਯੁਕਤੀਆਂ ਸਬੰਧੀ ਕਾਨੂੰਨ ਵੀ ਕੋਈ ਰਾਹਤ ਨਹੀਂ ਦੇਵੇਗਾ। ਅਸੀਂ ਜਾਈਏ ਤਾਂ ਕਿੱਧਰ ਜਾਈਏ? ਅਸੀਂ ਕਿਸ ’ਤੇ ਭਰੋਸਾ ਕਰੀਏ?
ਇੰਜ. ਦਰਸ਼ਨ ਸਿੰਘ ਭੁੱਲਰ
ਦਿਲਚਸਪ ਰਚਨਾਵਾਂ
ਐਤਵਾਰ 2 ਮਾਰਚ ਦੇ ‘ਦਸਤਕ’ ਅੰਕ ਵਿੱਚ ਜਸਬੀਰ ਭੁੱਲਰ ਦੀ ਲਿਖਤ ‘ਵੱਡੇ ਇਨਾਮਾਂ ਦੀ ਚੜ੍ਹਤ’ ਕਾਫ਼ੀ ਰੌਚਕ ਸੀ। ਜੇਕਰ ਲੇਖਕ ਦੇ ਬਾਪੂ ਜੀ ਉਸ ਦੀ ਕਵਿਤਾ ਸੁਣ ਕੇ ਉਹ ਇਨਾਮ ਨਾ ਦਿੰਦੇ ਤਾਂ ਸੰਭਵ ਸੀ ਕਿ ਅਸੀਂ ਜਸਬੀਰ ਹੁਰਾਂ ਦੀਆਂ ਲਿਖਤਾਂ ਤੋਂ ਵਿਰਵੇ ਰਹਿ ਜਾਂਦੇ। ਬਹੁਤ ਹੀ ਸੂਖ਼ਮਤਾ ਨਾਲ ਜਸਬੀਰ ਭੁੱਲਰ ਨੇ ਉਨ੍ਹਾਂ ਛਿਣਾਂ ਨੂੰ ਚਿਤਵਿਆ ਹੈ। ਦੂਜਾ ਕਾਂਡ ਵੀ ਮਜ਼ੇਦਾਰ ਹੈ। ਇਹ ਉਸੇ ਦੀ ਕਹਾਣੀ ਬਿਆਨਦਾ ਹੈ ਕਿ ਸਾਹਿਤ ਕਿਵੇਂ ਆਮ ਬੰਦੇ ਨੂੰ ਖ਼ਾਸ ਬਣਾ ਦਿੰਦਾ ਹੈ ਅਤੇ ਸਾਹਿਤ ਜ਼ਰੀਏ ਹੀ ਕਿੰਨੇ ਆਮ ਉਸ ਦੇ ਖ਼ਾਸ ਬਣ ਗਏ ਸਨ। ਦੋਵੇਂ ਕਾਂਡ ਭਾਵਪੂਰਤ ਸਨ।
ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ‘ਨਿੱਕੇ ਵੱਡੇ ਕੌਤਕੀ’ ਜ਼ਰੀਏ ਵੀ ਢਿੱਡ ਦੀ ਗੱਲ ਫੋਲੀ ਗਈ। ਵਿਦੇਸ਼ਾਂ ਵਿੱਚ ਹੁੰਦੀਆਂ ਕਾਨਫਰੰਸਾਂ ਦਾ ਰੋਲ਼-ਘਚੋਲ਼ਾ ਇਸ ਰਚਨਾ ਵਿੱਚ ਚਿਤਰਿਆ ਗਿਆ ਹੈ। ਕੌਣ ਕਾਨਫਰੰਸਾਂ ਵਿੱਚ ਜਾਂਦਾ ਹੈ, ਕਿਵੇਂ ਜਾਂਦਾ ਹੈ, ਕਿਉਂ ਜਾਂਦਾ ਹੈ, ਕਿੱਥੇ ਚਰਚਾ ਕਰਦਾ ਹੈ, ਇਹ ਸਭ ਭੰਬਲਭੂਸਾ ਆਮ ਪਾਠਕ ਲਈ ਬਹੁਤਾ ਮਾਅਨੇ ਨਹੀਂ ਰੱਖਦਾ ਪਰ ਸਾਹਿਤਕ ਸੱਥਾਂ ਦੀ ਚੁੰਝ ਚਰਚਾ ਜ਼ਰੂਰ ਬਣਦਾ ਹੈ। ਬਲਦੇਵ ਸਿੰਘ ਸੜਕਨਾਮਾ ਨੇ ਉਨ੍ਹਾਂ ਸੱਥਾਂ ਦੇ ਬੋਲਾਂ ਨੂੰ ਹੀ ਆਪਣੀ ਕਲਮ ਦੀ ਜ਼ੁਬਾਨ ਦਿੱਤੀ ਹੈ।
ਸੰਜੇ ਸੂਰੀ ਦੀ ਰਚਨਾ ‘ਜੋ ਘਰੀਂ ਨਾ ਪਰਤ ਸਕੇ’ (ਅਨੁਵਾਦ: ਗੁਰਨਾਮ ਕੰਵਰ) ਪੀੜਤਾਂ ਦਾ ਦਰਦ ਹੂ-ਬ-ਹੂ ਸਾਡੇ ਸਾਹਮਣੇ ਚਿਤਰਦੀ ਹੈ। ਭਾਰਤ ਦੇ ਕਿੰਨੇ ਹੀ ਬਾਸ਼ਿੰਦੇ ਇਨਸਾਫ਼ ਦੀ ਆਸ ਵਿੱਚ ਸਾਡੇ ਕੋਲੋਂ ਦੂਰ ਹੋ ਗਏ। ਅੱਜ ਵੀ ਕਿੰਨਿਆਂ ਦੀਆਂ ਰੂਹਾਂ ਤੜਪ ਰਹੀਆਂ ਹਨ। ਮੋਹਨ ਸਿੰਘ ਦੀ ਗਾਥਾ ਰਾਹੀਂ ਬਹੁਤ ਹੀ ਮਾਰਮਿਕ ਤਸਵੀਰ ਪੇਸ਼ ਕੀਤੀ ਗਈ ਹੈ। ਤਿਲਕ ਵਿਹਾਰ ਦਾ ਵਰਣਨ ਬਹੁਤ ਹੀ ਧੂਹ ਪਾਉਂਦਾ ਹੈ।
ਰਾਬਿੰਦਰ ਸਿੰਘ ਰੱਬੀ, ਮੋਰਿੰਡਾ (ਰੂਪਨਗਰ)
ਮਾਂ-ਬੋਲੀ ਦੀ ਅਹਿਮੀਅਤ
ਐਤਵਾਰ 2 ਮਾਰਚ ਦੇ ‘ਦਸਤਕ’ ਪੰਨੇ ’ਤੇ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਮਾਂ-ਬੋਲੀ ਅਤੇ ਅਸੀਂ’ ਸਾਡੀ ਪੰਜਾਬੀ ਮਾਂ-ਬੋਲੀ ਦੇ ਜਨਮ, ਉਭਾਰ ਤੇ ਵਿਕਾਸ ’ਤੇ ਚਾਨਣਾ ਪਾਉਣ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਬੋਲੀਆਂ ਜਾਂਦੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਦੀ ਮਹੱਤਤਾ ਬਾਰੇ ਦੱਸਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਦੀ ਗੁਰਮੁਖੀ ਲਿਪੀ ਨੂੰ ਤਰਤੀਬ ਦਿੱਤੀ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਲਿਪੀ ਵਿੱਚ ਆਦਿ ਗ੍ਰੰਥ ਸਾਹਿਬ ਸੰਪਾਦਿਤ ਕੀਤਾ। ਭਾਵੇਂ ਕਿ ਖਾਲਸਾ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਨੇ ਫ਼ਾਰਸੀ ਨੂੰ ਆਪਣੇ ਦਰਬਾਰ ਦੀ ਪਟਰਾਣੀ ਬਣਾਈ ਰੱਖਿਆ, ਪਰ ਫਿਰ ਵੀ ਕਈ ਉਤਰਾਅ-ਚੜ੍ਹਾਅ ਪਾਰ ਕਰਦੀ ਹੋਈ ਪੰਜਾਬੀ ਅੱਜ ਸਾਡੀ ਰਾਜ ਭਾਸ਼ਾ ਬਣ ਗਈ ਹੈ। ਹਿੰਦੀ ਨੂੰ ਅਕਸਰ ਸਾਡੀ ਰਾਸ਼ਟਰ ਭਾਸ਼ਾ ਕਿਹਾ ਜਾਂਦਾ ਹੈ ਜੋ ਸਹੀ ਨਹੀਂ। ਸੰਵਿਧਾਨ ਵਿੱਚ ਹਿੰਦੀ ਤੇ ਅੰਗਰੇਜ਼ੀ ਨੂੰ ਸਾਡੀ ਦਫ਼ਤਰੀ ਭਾਸ਼ਾ ਅੰਕਿਤ ਕੀਤਾ ਗਿਆ ਹੈ ਨਾ ਕਿ ਰਾਸ਼ਟਰ ਭਾਸ਼ਾ। ਭਾਸ਼ਾ ਕਿਸੇ ਵੀ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਧਾਰਮਿਕ ਵਿਕਾਸ ਦਾ ਵੱਡਾ ਥੰਮ ਹੁੰਦੀ ਹੈ। ਇਹ ਉੱਥੋਂ ਦੇ ਵਸਨੀਕਾਂ ਦੇ ਸਾਹਾਂ ਵਿੱਚ ਧੜਕਦੀ ਹੈ। ਇੱਕ ਤੋਂ ਜ਼ਿਆਦਾ ਭਾਸ਼ਾਵਾਂ ਸਿੱਖਣਾ ਸਾਡੀ ਦਿਮਾਗ਼ੀ ਸ਼ਕਤੀ ਨੂੰ ਤੇਜ਼ ਕਰਦਾ ਹੈ, ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਣਾ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਖੇਰੂੰ-ਖੇਰੂੰ ਹੋਣ ਦੇ ਤੁੱਲ ਹੈ। ਇਸੇ ਪੰਨੇ ’ਤੇ ਜਸਬੀਰ ਭੁੱਲਰ ਦਾ ਲੇਖ ‘ਵੱਡੇ ਇਨਾਮਾਂ ਦੀ ਚੜ੍ਹਤ’ ਉਸ ਦੁਆਰਾ ਬਚਪਨ ਵਿੱਚ ਕਵਿਤਾ ਲਿਖਣ ’ਤੇ ਬਾਪੂ ਜੀ ਵੱਲੋਂ ਮਿਲੇ ਇਨਾਮ (ਇੱਕ ਟਕਾ) ਨਾਲ ਪੰਜਾਬੀ ਲੇਖਕ ਬਣਨ ਵੱਲ ਪੁੱਟੀ ਪਹਿਲੀ ਪੁਲਾਂਘ ਦਾ ਜ਼ਿਕਰ ਕਰਦਾ ਹੈ। ਸ਼ੁਰੂਆਤੀ ਸਮੇਂ ਲੇਖਕ ਦੀਆਂ ਦੋ ਕਹਾਣੀਆਂ ‘ਕਵਿਤਾ’ ਰਸਾਲੇ ਵਿੱਚ ਛਪਣ ’ਤੇ ਵੀ ਉਸ ਨੂੰ ਅਥਾਹ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਲੇਖਕ ਦੀ ਕਹਾਣੀ ਪੜ੍ਹਨ ਵਾਲੇ ਪਾਠਕ ਦੇ ਇਹ ਸ਼ਬਦ ‘‘ਮੈਂ ਸੋਚਿਆ ਸਾਡਾ ਇੰਨਾ ਚੰਗਾ ਕਹਾਣੀਕਾਰ ਪਿੰਡਾਂ ਦਾ ਘੱਟਾ ਫੱਕਦਾ ਕਿਉਂ ਤੁਰਿਆ ਫਿਰੇ, ਸਗੋਂ ਉਸ ਵੇਲੇ ਵਿੱਚ ਕੋਈ ਹੋਰ ਕਹਾਣੀ ਲਿਖੇ’’ ਸੱਚਮੁੱਚ ਹੀ ਇੱਕ ਲੇਖਕ ਲਈ ਸਭ ਤੋਂ ਵੱਡਾ ਇਨਾਮ ਹਨ। ਇਸ ਤਰ੍ਹਾਂ ਦੇ ਇਨਾਮਾਂ ਲਈ ਲੇਖਕ ਹਮੇਸ਼ਾ ਤਲਬਗਾਰ ਰਹਿੰਦਾ ਹੈ। ਅਜਿਹੇ ਵੱਡੇ ਇਨਾਮ ਲੇਖਕ ਦੀ ਜ਼ਮੀਰ ਨੂੰ ਹੀਣ ਭਾਵਨਾ ਤੋਂ ਮੁਕਤ ਰੱਖਦੇ ਹਨ ਅਤੇ ਲੇਖਕ ਦੀ ਸਾਹਿਤਕ ਕਰਮਠਤਾ ਸਮਾਜ ਲਈ ਉਸਾਰੂ, ਸੁਹਿਰਦ ਤੇ ਅਗਾਂਹਵਧੂ ਹੋ ਨਿਬੜਦੀ ਹੈ। ਇਸੇ ਪੰਨੇ ’ਤੇ ਬਲਦੇਵ ਸਿੰਘ ਸੜਕਨਾਮਾ ਦਾ ਲੇਖ ‘ਨਿੱਕੇ ਵੱਡੇ ਕੌਤਕੀ’ ਇਨਾਮ ਸਨਮਾਨ ਦੇਣ ਲਈ ਵਿਦੇਸ਼ਾਂ ਵਿੱਚ ਹੁੰਦੀਆਂ ਸਾਹਿਤਕ ਕਾਨਫਰੰਸਾਂ ਵਿੱਚ ਉੱਥੋਂ ਦੀਆਂ ਸੰਸਥਾਵਾਂ ਵੱਲੋਂ ਬੁਲਾਏ ਜਾਂਦੇ ਲੇਖਕਾਂ ਲਈ ਕੀਤੇ ਜਾਂਦੇ ਜੋੜ-ਤੋੜ ’ਤੇ ਕਰਾਰਾ ਵਿਅੰਗ ਕਰਦਾ ਹੈ। ਲੇਖਕ ਨੇ ਆਪਣੇ ਵਿਦੇਸ਼ੀ ਦੋਸਤ ਪ੍ਰੋ. ਕੌਤਕੀ ਰਾਹੀਂ ਕਿਸਾਨੀ ਅੰਦੋਲਨ ਤੋਂ ਗੱਲ ਸ਼ੁਰੂ ਕਰਕੇ ‘ਸਾਹਿਤਕ ਆੜਤੀਆਂ’ (ਵਿਦੇਸ਼ਾਂ ਵਿੱਚ ਮਹਿਮਾਨਨਿਵਾਜ਼ੀ ਕਰਨ ਵਾਲੇ ਪ੍ਰਬੰਧਕ) ਨੂੰ ਕਰੜੇ ਹੱਥੀਂ ਲਿਆ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਿਸਾਨ ਸਖ਼ਤ ਮਿਹਨਤ ਰਾਹੀਂ ਫ਼ਸਲਾਂ ਬੀਜਦਾ, ਸਿੰਜਦਾ ਤੇ ਗਹਾਈ ਕਰਦਾ ਹੈ ਪਰ ਉਸ ਦੀ ਮਿਹਨਤ ਦਾ ਵਧੇਰੇ ਲਾਭ ਟੇਢੇ ਢੰਗ ਨਾਲ ਆੜਤੀਆ ਖੋਹ ਲੈਂਦਾ ਹੈ। ਇਸੇ ਤਰ੍ਹਾਂ ਸਾਹਿਤਕ ਖੇਤਰ ਵਿੱਚ ਵੀ ਕੁਝ ਵਿਅਕਤੀ ਇਨ੍ਹਾਂ ਸੰਸਥਾਵਾਂ ਨੂੰ ਜੋਕਾਂ ਵਾਂਗ ਚਿੰਬੜੇ ਹੁੰਦੇ ਹਨ। ਇਨ੍ਹਾਂ ਦਾ ਕਾਰਜ ‘ਅੰਨ੍ਹਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ’ ਵਰਗਾ ਹੁੰਦਾ ਹੈ। ਇਸ ਤਰ੍ਹਾਂ ਦੇ ਆੜਤੀਏ ਇਮਾਨਦਾਰੀ ਤੇ ਸਾਹਿਤਕ ਕਰਮਠਤਾ ਨਾਲ ਲਿਖਣ ਵਾਲੇ ਲੇਖਕਾਂ ਲਈ ਬੇਭਰੋਸਗੀ ਪੈਦਾ ਕਰਦੇ ਹਨ। ਸਹਿਤਕ ਪਿੜ ਅੰਦਰਲਾ ਇਹ ਵਰਤਾਰਾ ਚਿੰਤਾ ਦਾ ਵਿਸ਼ਾ ਹੈ। ਲੇਖਕ ਨੇ ਸਬੰਧਿਤ ਧਿਰਾਂ ਨੂੰ ਇਸ ਵਿਸ਼ੇ ’ਤੇ ਚਿੰਤਨ/ਮੰਥਨ ਕਰਨ ਲਈ ਇਸ਼ਾਰਾ ਕੀਤਾ ਹੈ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ