ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

04:08 AM May 01, 2025 IST
featuredImage featuredImage

ਮੁੱਦਾ

ਜਸਬੀਰ ਸਿੰਘ ਸਾਹੀ

Advertisement

ਸਰਪੰਚੀ ਦੀਆਂ ਵੋਟਾਂ ਨੇੜੇ ਆ ਗਈਆਂ। ਪਹਿਲਾਂ ਚੁਣੇ ਗਏ ਗਾਲੜੀ ਸਰਪੰਚ ਦੇ ਨਿਕੰਮੇਪਣ ਦੀ ਖੁੰਢ ਚਰਚਾ ਪੂਰੇ ਜ਼ੋਰਾਂ ’ਤੇ ਸੀ। ਪਿੰਡ ਵਾਲੇ ਕਹਿੰਦੇ ਕਿ ਇਸ ਬੰਦੇ ਨੇ ਪਿੰਡ ਦਾ ਕੁਝ ਬਣਾਉਣ ਦੀ ਬਜਾਏ ਆਪਸੀ ਭਾਈਚਾਰਾ ਖਰਾਬ ਹੀ ਕੀਤਾ ਹੈ, ਪੰਚਾਇਤੀ ਜ਼ਮੀਨ ਦੇ ਨਾਲ ਨਾਲ ਸਕੂਲ ਦਾ ਗਰਾਊਂਡ ਤੱਕ ਵੀ ਚਹੇਤਿਆਂ ਨੂੰ ਵੇਚ ਦਿੱਤਾ। ਸਰਪੰਚ ਦੀਆਂ ਇਨ੍ਹਾਂ ਹਰਕਤਾਂ ਤੋਂ ਤਪੇ ਲੋਕ ਕਹਿਣ ਲੱਗੇ ਕਿ ਹੁਣ ਸਰਪੰਚ ਕਿਹੜੇ ਮੂੰਹ ਨਾਲ ਅਤੇ ਕਿਹੜੇ ਮੁੱਦੇ ’ਤੇ ਵੋਟ ਮੰਗੇਗਾ...? ਲੋਕਾਂ ਨੇ ਤਹੱਈਆ ਕਰ ਲਿਆ ਕਿ ਕੁਝ ਵੀ ਹੋਵੇ ਇਸ ਨੂੰ ਵੋਟ ਨਹੀਂ ਪਾਉਣੀ।
ਉਧਰ ਉਹੀ ਗਾਲੜੀ ਸਰਪੰਚ ਅਗਲੀ ਵਾਰ ਲਈ ਫਿਰ ਉਮੀਦਵਾਰ ਸੀ। ਉਸ ਦਾ ਖ਼ਾਸ ਚਹੇਤਾ ਉਸ ਨੂੰ ਕਹਿੰਦਾ, “ਸਰਪੰਚ ਸਾਹਿਬ, ਆਪਾਂ ਨੇ ਪਿੰਡ ਦਾ ਕੰਮ ਤਾਂ ਕੋਈ ਕੀਤਾ ਨਹੀਂ, ਵੋਟਾਂ ਕਿਹੜੇ ਮੁੱਦੇ ’ਤੇ ਮੰਗਾਂਗੇ??’’
ਸਰਪੰਚ ਕਹਿੰਦਾ, “ਫ਼ਿਕਰ ਨਾ ਕਰ, ਮੈਂ ਜਾਣਦਾਂ, ਵੋਟਰ ਲੰਮੀ ਨਹੀਂ ਸੋਚਦਾ ਹੁੰਦਾ... ਤੇ ਹਾਂ..., ਮੈਂ ਦੋ ਦਿਨ ਲਈ ਰਿਸ਼ਤੇਦਾਰੀ ਵਿੱਚ ਜਾ ਰਿਹਾਂ, ਤੂੰ ਪਿੰਡ ਦੀ ਸੂਹ ਰੱਖੀਂ।”
ਇਹ ਕਹਿ ਕੇ ਸਰਪੰਚ ਜਾਂਦਾ ਹੋਇਆ ਇਲਾਕੇ ਦੇ ਐੱਸ.ਐੱਚ.ਓ. ਨਾਲ ਕੁਝ ਘੁਸਰ ਮੁਸਰ ਕਰ ਗਿਆ।
ਅਜੇ ਰਾਤ ਲੰਘੀ ਹੀ ਸੀ ਕਿ ਤੜਕਸਾਰ ਉਸ ਨੂੰ ਚਹੇਤੇ ਦਾ ਫੋਨ ਆ ਗਿਆ, “ਹੈਲੋ, ਸਰਪੰਚ ਸਾਹਿਬ, ਗਜਬ ਹੋ ਗਿਆ ਜੀ, ਰਾਤ ਕਾਲੇ ਕੱਛਿਆਂ ਵਾਲੇ ਪਿੰਡ ਵਿੱਚ ਵੜ ਕੇ ਕਈ ਬੰਦੇ ਜ਼ਨਾਨੀਆਂ ਦੀਆਂ ਲੱਤਾਂ ਬਾਹਾਂ ਤੋੜ ਗਏ। ਇੱਕ ਦੋ ਦੇ ਸਿਰ ਵੀ ਪਾੜ ਦਿੱਤੇ।”
ਦੁਪਹਿਰ ਤੱਕ ਸਰਪੰਚ ਪਿੰਡ ਆ ਗਿਆ। ਫੱਟੜਾਂ ਦਾ ਪਤਾ ਲੈਣ ਦੀ ਬਜਾਏ ਹੁਣ ਪਿੰਡ ਵਿੱਚ ਲੋਕਾਂ ਦੇ ਇਕੱਠ ਨੂੰ ਭਾਸ਼ਣ ਦੇ ਰਿਹਾ ਸੀ, “ਭਰਾਵੋ, ਅੱਜ ਮੇਰੇ ਇੱਕ ਰਿਸ਼ਤੇਦਾਰ ਦੇ ਮੁੰਡੇ ਨੂੰ ਸ਼ਗਨ ਲੱਗਣਾ ਸੀ, ਮੈਂ ਕੱਲ੍ਹ ਦਾ ਹੀ ਉੱਥੇ ਸੀ। ਮੈਨੂੰ ਜਦੋਂ ਹੀ ਇਸ ਮਾੜੀ ਘਟਨਾ ਦਾ ਪਤਾ ਲੱਗਾ, ਕਾਹਲ ਵਿੱਚ ਮੈਂ ਬਿਨਾਂ ਸ਼ਗਨ ਪਾਏ ਹੀ ਪਿੰਡ ਆ ਗਿਆ।’’
ਫਿਰ ਉਸ ਨੇ ਜੇਬ੍ਹ ਵਿੱਚੋਂ ਇੱਕ ਰੰਗਦਾਰ ਲਿਫ਼ਾਫ਼ਾ ਕੱਢ ਕੇ ਲਹਿਰਾਉਂਦਿਆਂ ਕਿਹਾ, “ਜੇ ਨਹੀਂ ਇਤਬਾਰ ਤਾਂ ਆਹ ਵੇਖੋ ਸ਼ਗਨ ਵਾਲਾ ਲਿਫ਼ਾਫ਼ਾ। ਰਹੀ ਗੱਲ ਰਾਤ ਦੀ ਘਟਨਾ ਦੀ, ਇਹ ਸੱਟਾਂ ਤੁਹਾਨੂੰ ਨਹੀਂ ਸਗੋਂ ਮੈਨੂੰ ਵੱਜੀਆਂ ਹਨ।’’
ਫਿਰ ਉਂਗਲ ਖੜ੍ਹੀ ਕਰ ਥੋੜ੍ਹਾ ਹੋਰ ਗੁੱਸੇ ਨਾਲ ਬੋਲਿਆ, “ਤੇ ਇਹ ਕਾਲੇ ਕੱਛਿਆਂ ਵਾਲੇ ਕੰਨ ਖੋਲ੍ਹ ਕੇ ਸੁਣ ਲੈਣ, ਸਾਡਾ ਹੁਣ ਇੱਕੋ ਇੱਕ ਮੁੱਦਾ ਹੈ ਕਿ ਰਾਤ ਵਾਲੀ ਘਟਨਾ ਕਰ ਕੇ ਤੁਸੀਂ ਸ਼ੇਰ ਦੀ ਪੂਛ ’ਤੇ ਪੈਰ ਰੱਖ ਬੈਠੇ ਹੋ। ਹੁਣ ਤੁਹਾਡੀ ਖ਼ੈਰ ਨਹੀਂ, ਤੁਹਾਨੂੰ ਧਰਤੀ ਦੇ ਕਿਸੇ ਕੋਨੇ ’ਚ ਵੀ ਲੁਕਣ ਨਹੀਂ ਦਿਆਂਗੇ।”
ਵਿੱਚੋਂ ਹੀ ਕਿਸੇ ਨੇ ਸਰਪੰਚ ਜ਼ਿੰਦਾਬਾਦ ਦਾ ਨਾਹਰਾ ਮਾਰ ਦਿੱਤਾ।
ਹੁਣ ਪਿੰਡ ਵਾਲਿਆਂ ਵਿੱਚ ਘੁਸਰ ਮੁਸਰ ਸੀ ਕਿ ‘‘ਭਾਵੇਂ ਕੁਝ ਵੀ ਹੈ, ਪਰ ਸਰਪੰਚ ਗੱਲ ਜੁਰੱਅਤ ਵਾਲੀ ਕਰ ਗਿਆ।”
ਆਖ਼ਰ ਲੋਕਾਂ ਗਾਲੜੀ ਸਰਪੰਚ ਫਿਰ ਜਿਤਾ ਦਿੱਤਾ।
ਇੱਕ ਪਾਸੇ ਨੂੰ ਹੋ ਕੇ ਸਰਪੰਚ ਨੇ ਆਪਣੇ ਚਹੇਤੇ ਦੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, “ਤੂੰ ਕਹਿੰਦਾ ਸੀ ਕਿਹੜੇ ਮੁੱਦੇ ’ਤੇ ਜਿੱਤੋਗੇ। ਹੁਣ ਮੰਨਦੈਂ ਸਰਪੰਚ ਨੂੰ...??”
“ਫਿਰ ਤੁਸੀਂ ਫੱਟੜਾਂ ਦਾ ਪਤਾ ਲੈਣ ਕਿਉਂ ਨਹੀਂ ਗਏ??’’
“ਉਏ ਮੂਰਖਾ, ਪਿੰਡ ਦੇ ਇਕੱਠ ਵਿੱਚ ਵੋਟਾਂ ਜ਼ਿਆਦਾ ਨੇ ਕਿ ਹਸਪਤਾਲ ਵਿੱਚ?’’
ਸੰਪਰਕ: 94169-54454
* * *

ਹਿੰਦੂ ਖ਼ੂਨ ਮੁਸਲਮਾਨ ਖ਼ੂਨ

ਜਗਦੇਵ ਸ਼ਰਮਾ ਬੁਗਰਾ

Advertisement

‘‘ਓਏ ਇਕਬਾਲ! ਕੀ ਕਰੀ ਜਾ ਰਿਹੈਂ, ਕੀ ਲੱਭ ਰਿਹੈਂ ਰੇਤੇ ’ਚ ਹੱਥ ਮਾਰ ਕੇ?’’
‘‘ਕੁਝ ਨਹੀਂ, ਕੱਲ੍ਹ ਕੁਝ ਸਿਰਫਿਰਿਆਂ ਨੇ ਇੱਥੇ ਇਨਸਾਨੀਅਤ ਦਾ ਖ਼ੂਨ ਵਹਾਇਆ ਹੈ, ਮੈਂ ਉਹੀ ਖੂਨ ਭਿੱਜੀ ਰੇਤ ’ਕੱਠੀ ਕਰ ਰਿਹਾ ਹਾਂ।’’
‘‘ਕੀ ਕਰੇਂਗਾ ਇਸ ਦਾ?’’
‘‘ਲੈਬੋਰਟਰੀ ’ਚ ਲੈ ਕੇ ਜਾਵਾਂਗਾ, ਇਹ ਪੁੱਛਣ ਲਈ ਕਿ ਚੈੱਕ ਕਰਕੇ ਦੱਸੋ ਬਈ ਇਹਦੇ ਵਿੱਚੋਂ ਕਿਹੜਾ ਖ਼ੂਨ ਹਿੰਦੂ ਦਾ ਹੈ ਅਤੇ ਕਿਹੜਾ ਮੁਸਲਮਾਨ ਦਾ?’’
ਇਕਬਾਲ ਜਿਸ ਨੂੰ ਸਾਰੇ ਸਿੱਧਰਾ ਕਹਿੰਦੇ ਸਨ, ਕਿੱਡੀ ਵੱਡੀ ਗੱਲ ਕਹਿ ਗਿਆ ਸੀ।
ਸੰਪਰਕ: 98727-87243
* * *

ਮਜ਼ਦੂਰ ਦਿਵਸ

ਜਤਿੰਦਰ ਮੋਹਨ

ਅਪਰੈਲ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ। ਕਣਕ ਦੀ ਆਮਦ ਜ਼ੋਰਾਂ ’ਤੇ ਹੋਣ ਕਰਕੇ ਮਜ਼ਦੂਰ ਬਹੁਤ ਹੀ ਰੁੱਝੇ ਹੋਏ ਸਨ। ਕਣਕ ਦਾ ਸੀਜ਼ਨ ਹੋਣ ਕਰਕੇ ਸ਼ਹਿਰ ਵਿੱਚ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵੀ ਘਟ ਗਈ ਸੀ ਕਿਉਂਕਿ ਪਿੰਡਾਂ ਵਾਲੇ ਮਜ਼ਦੂਰ ਸਾਲ ਭਰ ਦੀ ਕਣਕ ਇਕੱਠੀ ਕਰਨ ਲਈ ਪਿੰਡਾਂ ਵਿੱਚ ਹੀ ਮਜ਼ਦੂਰੀ ਕਰ ਰਹੇ ਸਨ। ਜਿਉਂ ਜਿਉਂ ਹਾੜ੍ਹੀ ਦਾ ਸੀਜ਼ਨ ਘਟਦਾ ਗਿਆ, ਸ਼ਹਿਰ ਵਿੱਚ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵਧ ਗਈ।
ਕਹਿੰਦੇ ਹਨ ਕਿ ਹਰ ਵਰਗ ਦਾ ਆਪਣਾ ਆਪਣਾ ਦਿਨ ਹੁੰਦਾ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦੇਵੀ ਦੇਵਤਿਆਂ ਦੇ ਦਿਨ ਵੀ ਵੱਖ-ਵੱਖ ਹਨ। ਇਸ ਤਰ੍ਹਾਂ ਕਿਰਤ ਦੇ ਦੇਵਤੇ ਮਜ਼ਦੂਰ ਨੂੰ ਵੀ ਇਹ ਦਿਨ ਮਿਲਿਆ ਹੋਇਆ ਹੈ, ਭਾਵ ਇੱਕ ਮਈ, ਮਜ਼ਦੂਰ ਦਿਵਸ। ਮਜ਼ਦੂਰ ਦਿਵਸ ਮਨਾਉਣ ਲਈ ਇੱਕ ਦਿਨ ਪਹਿਲਾਂ ਹੀ ਪਰਚੀਆਂ ਕੱਟੀਆਂ ਜਾਣ ਲੱਗੀਆਂ ਤਾਂ ਕਿ ਇਸ ਦਿਨ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਸਕੇ ਅਤੇ ਮਜ਼ਦੂਰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕਣ।
ਮਜ਼ਦੂਰ ਦਿਵਸ ਵੀ ਆ ਗਿਆ। ਦਾਣਾ ਮੰਡੀ ਵਿੱਚ ਬਹੁਤ ਵੱਡਾ ਇਕੱਠ ਹੋਇਆ। ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਭਾਸ਼ਣਾਂ ਰਾਹੀਂ ਆਪਣਾ ਗਲਾ ਸਾਫ਼ ਕੀਤਾ ਤੇ ਮਜ਼ਦੂਰਾਂ ਨੂੰ ਚੌਕਸ ਕੀਤਾ ਕਿ ਸੰਘਰਸ਼ ਹੀ ਜ਼ਿੰਦਗੀ ਹੈ। ਜੇਕਰ ਸੰਘਰਸ਼ ਨਹੀਂ ਕਰੋਗੇ ਤਾਂ ਖ਼ਤਮ ਹੋ ਜਾਉਗੇ। ਏਨਾ ਕਹਿਣ ’ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਪੈ ਗਈ। ਚਾਰੇ ਪਾਸੇ ਮਜ਼ਦੂਰਾਂ ਦੀ ਜੈ ਜੈ ਕਾਰ ਹੋ ਰਹੀ ਸੀ। ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਸੁਣ ਕੇ ਬਾਬੂ ਬਿਸ਼ਨ ਮੱਲ ਵੀ ਉੱਥੇ ਰੁਕ ਗਿਆ। ਬਿਸ਼ਨ ਮੱਲ ਨੂੰ ਦੇਖ ਕੇ ਮੈਂ ਵੀ ਉੱਥੇ ਰੁਕ ਗਿਆ। ਉਸ ਨੇ ਆਪਣੇ ਦੋਸਤ ਦੁਕਾਨਦਾਰ ਉੱਤਮ ਸਿੰਘ ਨੂੰ ਪੁੱਛਿਆ, ‘‘ਆਹ ਰੌਲਾ ਜਿਹਾ ਕੀ ਪਾਈ ਜਾਂਦੇ ਨੇ?’’
‘‘ਬਾਬੂ ਜੀ, ਇਹ ਮਜ਼ਦੂਰ ਇਕੱਠੇ ਹੋਏ ਨੇ।’’
‘‘ਕਾਹਦੇ ਵਾਸਤੇ ਇਕੱਠੇ ਹੋਏ ਨੇ?’’
‘‘ਅੱਜ ਮਜ਼ਦੂਰ ਦਿਵਸ ਐ ਜੀ।’’
‘‘ਓਹੋ, ਯਾਦ ਹੀ ਨਹੀਂ ਰਿਹਾ।’’
ਇਹ ਕਹਿ ਕੇ ਉਸ ਨੇ ਮੂੰਹ ’ਤੇ ਹੱਥ ਫੇਰਿਆ ਜਿਵੇਂ ਉਸ ਨੂੰ ਇਹ ਯਾਦ ਨਹੀਂ ਸੀ ਕਿ ਮਜ਼ਦੂਰ ਦਿਵਸ ਕਾਰਨ ਹੀ ਉਹ ਅੱਜ ਛੁੱਟੀ ਮਨਾ ਰਿਹਾ ਹੈ। ਆਪਣੇ ਸਕੂਟਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਬਾਬੂ ਬਿਸ਼ਨ ਮੱਲ ਬੋਲਿਆ, ‘‘ਐਵੇਂ ਭਕਾਈ ਮਾਰੀ ਜਾਂਦੇ ਨੇ, ਕਿਹੜੇ ਮਜ਼ਦੂਰ ਦਿਵਸ ਨੇ, ਐਵੇਂ ਵਿਹਲੜ ਇਕੱਠੇ ਹੋਏ ਨੇ।’’
ਬਾਬੂ ਬਿਸ਼ਨ ਮੱਲ ਦੀ ਗੱਲ ਸੁਣ ਕੇ ਉੱਤਮ ਸਿੰਘ ਹੱਸ ਪਿਆ। ਸ਼ਾਇਦ ਉਹ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ। ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਿਆ, ਪਰ ਮੈਂ ਮੂੰਹੋਂ ਕੁਝ ਨਾ ਬੋਲਿਆ।
ਸ਼ਾਮ ਦਾ ਵੇਲਾ ਸੀ। ਸਾਢੇ 7 ਵੱਜ ਚੁੱਕੇ ਸਨ। ਮੈਂ ਸ਼ਹਿਰ ਤੋਂ ਵਾਪਸ ਆ ਰਿਹਾ ਸੀ ਤਾਂ ਮੇਰੇ ਪਿੰਡ ਦਾ ਮਜ਼ਦੂਰ ਜੰਟਾ ਸਿੰਘ ਪਸੀਨੇ ਨਾਲ ਇੰਜ ਚੋਅ ਰਿਹਾ ਸੀ ਜਿਵੇਂ ਉਹ ਹੁਣੇ ਹੁਣੇ ਨਹਿਰ ਵਿੱਚੋਂ ਨਿਕਲਿਆ ਹੋਵੇ। ਉਹ ਕਿਸੇ ਨੂੰ ਕੱਖਾਂ ਦੀ ਭਰੀ ਚੁਕਾਉਣ ਲਈ ਉਡੀਕ ਰਿਹਾ ਸੀ। ਉਸ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੈਂ ਆਪਣਾ ਸਕੂਟਰ ਰੋਕ ਲਿਆ। ਪਸੀਨੇ ਨਾਲ ਭਿੱਜੇ ਉਸ ਦੇ ਕੱਪੜਿਆਂ ਵਿੱਚੋਂ ਉਸ ਦਾ ਸਰੀਰ ਸਾਫ਼ ਨਜ਼ਰ ਆ ਰਿਹਾ ਸੀ । ਉਸ ਦੇ ਕੱਪੜੇ ਮਿੱਟੀ ਨਾਲ ਲਿੱਬੜੇ ਹੋਏ ਸਨ। ਇਹ ਦੇਖ ਕੇ ਮੈਨੂੰ ਮਜ਼ਦੂਰ ਦਿਵਸ ਯਾਦ ਆ ਗਿਆ। ਮੈਂ ਉਸ ਨੂੰ ਭਰੀ ਚੁਕਾਉਣ ਤੋਂ ਪਹਿਲਾਂ ਹੀ ਪੁੱਛਿਆ, ‘‘ਜੰਟਿਆ, ਅੱਜ ਤਾਂ ਮਜ਼ਦੂਰ ਦਿਵਸ ਐ?’’
‘‘ਕਿਹੜਾ ਮਜ਼ਦੂਰ ਦਿਵਸ ਸ਼ਰਮਾ ਜੀ? ਕਦੇ ਮਜ਼ਦੂਰਾਂ ਦੇ ਵੀ, ਮਜ਼ਦੂਰ ਦਿਵਸ ਹੋਏ ਨੇ?’’
‘‘ਅੱਜ ਕਿਵੇਂ ਲੇਟ ਹੋ ਗਿਆ?’’ ਮੈਂ ਗੱਲ ਦੂਜੇ ਪਾਸੇ ਲਿਜਾਣ ਲਈ ਪੁੱਛਿਆ।
‘‘ਬਸ ਜੀ, ਓਵਰ ਟੈਮ ਲਾ ਲਿਆ ਪਰ ਮੈਨੂੰ ਪਤਾ ਸੀ ਬਈ ਪਸ਼ੂ ਭੁੱਖੇ ਹੋਣਗੇ ਤਾਂ ਹੀ ਮੈਂ ਕੱਖ ਵੱਢਣ ਲੱਗ ਪਿਆ। ਮੈਂ ਕਿਹਾ ਜਾਂਦਾ ਜਾਂਦਾ ਦੋ ਥੱਬੇ ਕੱਖਾਂ ਦੇ ਹੀ ਵੱਢ ਲਵਾਂ।’’
ਮੈਂ ਉਸ ਨੂੰ ਭਰੀ ਚੁਕਵਾਈ ਤੇ ਮੈਨੂੰ ਮਜ਼ਦੂਰ ਦਿਵਸ ਦੀ ਅਹਿਮੀਅਤ ਦਾ ਗਿਆਨ ਹੋ ਗਿਆ।
ਸੰਪਰਕ: 94630-20766
* * *

ਬੁਝੇ ਦੀਵੇ ਦਾ ਚਾਨਣ

ਦਰਸ਼ਨ ਸਿੰਘ

‘‘ਬੁੱਲ੍ਹਿਆ, ਕੀ ਜਾਣਾ ਮੈਂ ਕੌਣ?’’ ਕਈ ਵਾਰ ਮੈਂ ਉਸ ਨੂੰ ਅਜਿਹਾ ਕਹਿੰਦੇ ਸੁਣਿਆ ਸੀ। ਮੈਨੂੰ ਵੀ ਸਵਾਲ ਕਰਦਾ, ‘‘ਤੂੰ ਆਪਣੇ ਆਪ ਨੂੰ ਜਾਣਦਾ ਏਂ? ਤੇਰੀ ਹੋਂਦ...’’ ਮੇਰੇ ਮਨ ’ਤੇ ਉਸ ਦੇ ਸਵਾਲ ਹਮੇਸ਼ਾ ਖੜ੍ਹੇ ਰਹਿੰਦੇ।
ਮੇਰੀ ਤੇ ਉਸ ਦੀ ਜ਼ਿੰਦਗੀ ਦਾ ਸਾਂਝਾ ਸਫ਼ਰ ਕੁਝ ਵਰ੍ਹਿਆਂ ਦਾ ਹੀ ਸੀ। ਦੋ ਤਿੰਨ ਮਹੀਨਿਆਂ ਪਿੱਛੋਂ ਉਹ ਮੇਰੇ ਕੋਲ ਆਉਂਦਾ। ‘‘ਚੱਲ, ਯੂਨੀਵਰਸਿਟੀ ਚੱਲੀਏ। ਕਿਤਾਬਾਂ ਲਿਆਵਾਂਗੇ। ਘੁੰਮ ਫਿਰ ਆਵਾਂਗੇ। ਘਰੋਂ ਬਾਹਰ ਵੀ ਨਿਕਲਣਾ ਚਾਹੀਦੈ।’’ ਜੀਵਨ ਸਫ਼ਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਮੋਢਿਆਂ ’ਤੇ ਚੁੱਕਦਿਆਂ ਤੇ ਨਿਭਾਉਂਦਿਆਂ ਉਸ ਨੇ ਕਦੇ ਆਪਣੀ ਹਿੰਮਤ ਨੂੰ ਟੁੱਟਣ ਨਹੀਂ ਸੀ ਦਿੱਤਾ। ਉਸ ਦੀਆਂ ਅੱਖਾਂ ਨੂੰ ਸਦਾ ਕੁਝ ਨਵਾਂ ਭਾਲਣ ਤੇ ਕਰਨ ਦਾ ਚਾਅ ਸੀ। ਨਵੀਆਂ ਖਰੀਦੀਆਂ ਕਿਤਾਬਾਂ ਦਾ ਬੰਡਲ ਝੋਲੇ ’ਚ ਪਾ ਕੇ ਹੌਲੀ ਹੌਲੀ ਤੁਰਦਾ। ‘‘ਥੱਕ ਗਿਆ?’’ ‘‘ਨਹੀਂ, ਦੂਰ ਜਾਣਾ ਹੋਵੇ ਤਾਂ ਹੌਲ਼ੀ ਹੌਲੀ ਤੁਰਨਾ ਚਾਹੀਦੈ।’’ ਨਾਂਹ ਸੁਣਦੇ ਵੀ ਮੈਂ ਉਸ ਦੇ ਹੱਥੋਂ ਝੋਲਾ ਫੜ ਲੈਂਦਾ। ‘‘ਇੰਨੀਆਂ ਕਿਤਾਬਾਂ ਦਾ ਕੀ ਕਰਨਾ ਹੈ? ਪੜ੍ਹੀਆਂ ਜਾਣਗੀਆਂ?’’ ਮੈਂ ਪੁੱਛਦਾ। ‘‘ਉਮੀਦਾਂ ਵੱਡੀਆਂ ਹੋਣੀਆਂ ਚਾਹੀਦੀਆਂ ਨੇ।ਸਭ ਕੁਝ ਹੋ ਸਕਦੈ ਜੇ ਸੁਫ਼ਨੇ ਤੇ ਸਮਝਦਾਰੀਆਂ ਹੋਣ...। ਆ ਜਾਈਂ ਅੱਜ ਘਰੇ। ਬੜਾ ਚਿਰ ਹੋ ਗਿਆ ’ਕੱਠੇ ਬੈਠਿਆਂ।’’ ਖੁੱਲ੍ਹੀ ਵਗਦੀ ਹਵਾ ’ਚ ਦੋ ਕੁਰਸੀਆਂ ਉਸ ਨੇ ਛੱਤ ’ਤੇ ਰੱਖੀਆਂ ਹੁੰਦੀਆਂ। ਵਿਚਾਲੇ ਲੱਕੜ ਦਾ ਮੇਜ਼ ਹੁੰਦਾ। ਦੋ ਤਿੰਨ ਕਿਤਾਬਾਂ ਧਰੀਆਂ ਹੁੰਦੀਆਂ ਤੇ ਦੋ ਤਿੰਨ ਅਖ਼ਬਾਰ। ਉਰਲੀਆਂ ਪਰਲੀਆਂ ਗੱਲਾਂ ਦੀ ਆਦਤ ਨਾ ਉਸ ਨੂੰ ਸੀ, ਨਾ ਮੈਨੂੰ। ‘‘ਹੁਣ ਕਦ ਆਏਂਗਾ?’’ ਜਾਣ ਲੱਗਦਾ ਤਾਂ ਬਾਹਰ ਸੜਕ ਤੱਕ ਛੱਡਣ ਆਉਂਦਾ। ‘‘ਹਫ਼ਤੇ ’ਚ ਇੱਕ ਵਾਰ ਤਾਂ ਆ ਜਾਇਆ ਕਰ... ਮਿਲਣਾ ਗਿਲਣਾ ਹਾਸੇ ਦਿੰਦੈ।’’ ਚਿਹਰੇ ’ਤੇ ਝਲਕਦੀ ਖ਼ੁਸ਼ੀ ਉਸ ਦੇ ਅੰਦਰੋਂ ਉੱਠਦੀ ਮਹਿਸੂਸ ਹੁੰਦੀ।
‘‘ਸਾਰਾ ਸਾਰਾ ਦਿਨ ਆਹ ਮੂਰਤੀਆਂ ਜਹੀਆਂ ਬਣਾਈ ਜਾਂਦੇ ਨੇ। ਪਤਾ ਨਹੀਂ ਇਨ੍ਹਾਂ ਤੋਂ ਕੀ ਲੈਣਾ ...।’’ ਕਦੇ ਕਦੇ ਉਸ ਦੇ ਪਰਿਵਾਰ ਤੋਂ ਸੁਣਦਾ। ‘‘ਹਰ ਬੰਦੇ ਦਾ ਆਪੋ ਆਪਣਾ ਸ਼ੌਕ ਹੁੰਦੈ। ਵਿਹਲੇ ਜਾਂ ਫਜ਼ੂਲ ਘੁੰਮਣ ਨਾਲੋਂ ਤਾਂ ਚੰਗਾ...।’’ ਮੈਂ ਆਪਣੀ ਦਲੀਲ ਦਿੰਦਾ। ਰੇਤ, ਬਜਰੀ, ਸੀਮੇਂਟ, ਲੋਹੇ ਦੇ ਛੋਟੇ ਛੋਟੇ ਟੁਕੜਿਆਂ ਦੀਆਂ ਢੇਰੀਆਂ ਕੰਧ ਦੀ ਓਟ ’ਚ ਢੰਗ ਨਾਲ ਪਈਆਂ ਹੁੰਦੀਆਂ। ਚਾਟੀ-ਮਧਾਣੀ, ਪੰਛੀ-ਜਨੌਰ, ਮੇਲਾ ਮਾਣਦੇ ਗੱਭਰੂ-ਮੁਟਿਆਰਾਂ ਤੇ ਹੋਰ ਕਈ ਤਰ੍ਹਾਂ ਦੀਆਂ ਮੂਰਤੀਆਂ ਛੱਤ ’ਤੇ ਪਈਆਂ ਸਨ।ਕਮਾਲ ਦੀ ਕਲਾ ਇਨ੍ਹਾਂ ਬਣਾਈਆਂ ਮੂਰਤੀਆਂ ’ਚੋਂ ਡੁੱਲ੍ਹ ਡੁੱਲ੍ਹ ਪੈਂਦੀ। ‘‘ਪਿੱਛੋਂ ਕੋਈ ਇਨ੍ਹਾਂ ਨੂੰ ਦੇਖ ਦੇਖ ਯਾਦ ਤਾਂ ਕਰੂ। ਊਂ ਤਾਂ ਕੌਣ ਕਿਸੇ ਨੂੰ ਆਪਣੇ ਚੇਤਿਆਂ ’ਚ ਰੱਖਦੈ। ਨਾਂ ਤਾਂ ਕਮਾਉਣਾ ਪੈਂਦੈ। ਬੰਦੇ ਦੀ ਪਛਾਣ ਫਿਰ ਦੂਰ ਦੂਰ ਜਾਂਦੀ ਐ।’’ ਹਾਸੇ ਹਾਸੇ ’ਚ ਗੱਲ ਕਰਦੇ ਉਸ ਨੇ ਕਿਹਾ।
‘‘ਮਾਣੋ! ਮਾਣੋ!’’ ਦੋ ਬਿੱਲੀਆਂ ਉਸ ਦੀ ਆਵਾਜ਼ ਸੁਣਦਿਆਂ ਹੀ ਆਪੋ ਆਪਣੇ ਬਲੂੰਗੜਿਆਂ ਨਾਲ ਪਤਾ ਨਹੀਂ ਕਿਧਰੋਂ ਆ ਜਾਂਦੀਆਂ, ਮੈਨੂੰ ਪਤਾ ਹੀ ਨਾ ਲੱਗਦਾ। ਕਟੋਰੀਆਂ ’ਚ ਰੱਖਿਆ ਦੁੱਧ ਪੀਂਦੀਆਂ, ਬੈਠਦੀਆਂ ਤੇ ਅੰਗੜਾਈ ਜਿਹੀ ਲੈਂਦਿਆਂ ਚਲੇ ਜਾਂਦੀਆਂ। ਹੁਣ ਤਾਂ ਇਹ ਬਿੱਲੀਆਂ ਬਲੂੰਗੜੇ ਮੇਰੇ ਕੋਲੋਂ ਵੀ ਡਰਦੇ ਨਹੀਂ ਸਨ ਤੇ ਹੌਲੀ ਹੌਲੀ ਮੈਂ ਇਨ੍ਹਾਂ ਦੇ ਸਿਰ ਵੀ ਪਲੋਸਣ ਲੱਗ ਪਿਆ ਸਾਂ।
ਇੱਕ ਵਾਰ ਉਹ ਮੇਰੇ ਨਾਲ ਰੇਲਵੇ ਪਲੈਟਫਾਰਮ ’ਤੇ ਜਾ ਰਿਹਾ ਸੀ। ਆਸੇ-ਪਾਸੇ ਕੁਝ ਝੁੱਗੀਆਂ ਸਨ। ਇੱਕ ਝੁੱਗੀ ਦੇ ਬਾਹਰ ਉਹ ਖੜ੍ਹ ਗਿਆ। ‘‘ਅੰਦਰ ਹੈ ਕੋਈ?’’ ਉਸ ਨੇ ਕਿਹਾ। ਮੈਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗ ਰਹੀ ਸੀ। ‘‘ਲੈ, ਬਿਸਕੁਟ ਲੈ ਕੇ ਆਇਆਂ।’’ ਝੁੱਗੀ ’ਚੋਂ ਬਾਹਰ ਆਏ ਮਾਸੂਮ ਬੱਚੇ ਨੂੰ ਦੋ ਤਿੰਨ ਪੈਕਟ ਦਿੰਦੇ ਉਸ ਨੇ ਕਿਹਾ। ‘‘ਇਹ ਕੀ?’’ ਆਉਂਦੇ ਹੋਏ ਮੈਂ ਉਸ ਨੂੰ ਪੁੱਛਿਆ। ‘‘ਕਦੇ ਕਦੇ ਇਉਂ ਹੀ ਕਰਦਾ ਹਾਂ। ਰੂਹ ਦੀਆਂ ਗੱਲਾਂ ਖੇੜਾ ਦਿੰਦੀਆਂ ਨੇ।’’ ਸਿਰ ਤੋਂ ਪੈਰਾਂ ਤੱਕ ਮੈਂ ਉਸ ਨੂੰ ਦੇਖਿਆ। ਜਗਿਆਸੂ ਤੇ ਰੱਜੀ ਰੂਹ ਵਾਲਾ ਸੰਵੇਦਨਸ਼ੀਲ ਮਨ ਮੈਨੂੰ ਉਸ ’ਚੋਂ ਨਜ਼ਰ ਆਇਆ। ਉਸ ਦੇ ਹੱਥਾਂ ਨੂੰ ਮੈਂ ਆਪਣੇ ਹੱਥਾਂ ’ਚ ਲਿਆ ਤੇ ਨਾਲ ਨਾਲ ਤੁਰਨ ਲੱਗਾ।
ਉਂਝ ਤਾਂ ਸਾਨੂੰ ਮਿਲਿਆਂ ਦੋ ਦੋ ਮਹੀਨੇ ਲੰਘ ਹੀ ਜਾਂਦੇ ਸਨ, ਪਰ ਸ਼ਾਇਦ ਇਹ ਪਹਿਲੀ ਵਾਰ ਸੀ ਕਿ ਇਹ ਸਮਾਂ ਚਾਰ ਮਹੀਨਿਆਂ ਤੋਂ ਵੀ ਟੱਪ ਗਿਆ ਸੀ। ‘‘ਮਿਲ ਜਾ ਆ ਕੇ। ਮੇਰੀਆਂ ਲੱਤਾਂ ਤਾਂ ਤੁਰਨੋਂ ਰਹਿਗੀਆਂ।ਪਾਸਾ ਵੀ ਨਹੀਂ ਪਰਤਿਆ ਜਾਂਦਾ ਹੁਣ। ਸਰੀਰ ਦਰਦਾਂ ਨੇ ਭੰਨ੍ਹਿਆ ਪਿਐ...।’’ ਸੁਣਦੇ ਹੀ ਮੈਂ ਕਾਹਲੀ ਕਾਹਲੀ ਗਿਆ। ਮੈਨੂੰ ਦੇਖਦਿਆਂ ਉਸ ਦੇ ਹਾਸੇ ਜਿਵੇਂ ਫਿਰ ਤੋਂ ਉਸ ਵੱਲ ਪਰਤ ਆਏ ਹੋਣ। ਹਫ਼ਤਾ ਕੁ ਮੈਂ ਉਸ ਕੋਲ ਆਉਂਦਾ ਜਾਂਦਾ ਰਿਹਾ ਪਰ ਉਸ ਦੇ ਸਾਹ ਉਸ ਤੋਂ ਦੂਰ ਹੋਣ ਲੱਗੇ ਸਨ ਤੇ ਫੇਰ ਇਹ ਦੂਰੀਆਂ ਗਿਣਨ ਮਿਣਨ ਜੋਗੀਆਂ ਵੀ ਨਾ ਰਹੀਆਂ। ਜ਼ਿੰਦਗੀ ’ਚ ਕੀ ਕੁਝ ਕਦੋਂ ਅਚਾਨਕ ਹੀ ਹੋ ਜਾਵੇ, ਪਤਾ ਨਹੀਂ ਲਗਦਾ। ਉਹ ਕੰਧ ’ਤੇ ਟੰਗੀ ਤਸਵੀਰ ਹੋ ਗਿਆ ਸੀ। ਮੈਂ ਉਸ ਦੇ ਕਮਰੇ ਨੂੰ ਦੇਖਿਆ... ਕਿਧਰੇ ਨਵੇਂ ਪੁਰਾਣੇ ਸਿੱਕੇ ਤੇ ਨਾਪ ਤੋਲ ਦੇ ਪੁਰਾਤਨ ਵੱਟੇੇ ਸਨ, ਕਿਧਰੇ ਬਿਜੜੇ ਦੇ ਆਲ੍ਹਣੇ ਤੇ ਕਿਧਰੇ ਕੰਧ ’ਤੇ ਟੰਗਿਆ ਸ਼ੀਸ਼ਾ। ਅਲਮਾਰੀ ’ਚ ਸਜੀਆਂ ਕਿਤਾਬਾਂ ਸਨ, ਡਾਇਰੀਆਂ ਵੀ ਜਿਨ੍ਹਾਂ ਦੇ ਕੁਝ ਪੰਨੇ ਲਿਖੇ ਹੋਏ ਤੇ ਕੁਝ ਖ਼ਾਲੀ ਸਨ। ਕਮਰੇ ਅੰਦਰ ਭਾਵੇਂ ਹਨੇਰਾ ਸੀ ਪਰ ਮੈਨੂੰ ਹਰ ਕੋਨਾ ਉਸ ਵਿਰਾਸਤੀ ਚਾਨਣ ਨਾਲ ਭਰਿਆ ਲੱਗ ਰਿਹਾ ਸੀ ਜੋ ਉਹ ਆਪਣੇ ਪਿੱਛੇ ਛੱਡ ਗਿਆ ਸੀ।
ਕਮਰੇ ਦੇ ਬਾਹਰ ਬੈਠੇ ਬਲੂੰਗੜੇ ਦੀਆਂ ਉਦਾਸ ਅੱਖਾਂ ’ਚ ਲਟਕੀ ਉਡੀਕ ਨੂੰ ਭਰਨ ਦੀ ਕੋਸ਼ਿਸ਼ ਕਰਦਾ ਮੈਂ ਉਸ ਦੇ ਸਵਾਲਾਂ ਬਾਰੇ ਸੋਚ ਰਿਹਾ ਸੀ ਜੋ ਮੈਨੂੰ ਸੋਚਾਂ ’ਚ ਸਦਾ ਪਾਉਂਦੇ ਸਨ। ਹੁਣ ਵੀ ਉਸ ਦਾ ਇਹ ਸਵਾਲ ਮੇਰੇ ਸਾਹਮਣੇ ਸੀ, ‘‘ਜੀਵਨ ਜੀਣਾ ਤੇ ਜੀਵਨ ਜਾਣਨਾ ਸਮਝਣਾ ਦੋ ਵੱਖ ਵੱਖ ਚੀਜ਼ਾਂ ਹਨ... ਪਤੈ ਤੈਨੂੰ?’’
ਸੰਪਰਕ: 94667-37933
* * *

ਟਿਕਟਾਂ ਤੇ ਸ਼ਰਮਿੰਦਗੀ

ਗੁਰਿੰਦਰ ਸਿੰਘ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਅਸੀਂ ਬੀ.ਐੱਡ ਦੌਰਾਨ ਟੀਚਿੰਗ ਪ੍ਰੈਕਟਿਸ ਲਈ ਇੱਕ ਸਕੂਲ ਵਿੱਚ ਜਾਂਦੇ ਹੁੰਦੇ ਸੀ। ਉਸ ਪ੍ਰੈਕਟਿਸ ਦੌਰਾਨ ਅਸੀਂ ਵਿਦਿਆਰਥੀਆਂ ਵਿੱਚ ਵਿਚਰਦੇ, ਉਨ੍ਹਾਂ ਨੂੰ ਪੜ੍ਹਾਉਂਦੇ, ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਦੇ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ। ਪਰ ਅਸੀਂ ਅਧਿਆਪਕ ਦੇ ਨਾਲ-ਨਾਲ ਵਿਦਿਆਰਥੀ ਵੀ ਸੀ। ਜਦੋਂ ਸਾਨੂੰ ਇਹ ਪਤਾ ਲੱਗਾ ਕਿ ਇੱਕ ਮਸ਼ਹੂਰ ਗਾਇਕ ਦਾ ਸ਼ੋਅ ਹੋਣ ਜਾ ਰਿਹਾ ਹੈ ਤਾਂ ਅਸੀਂ ਵੀ ਉਸ ਪ੍ਰੋਗਰਾਮ ਦਾ ਆਨੰਦ ਮਾਣਨ ਲਈ ਉਤਸੁਕ ਹੋ ਗਏ। ਇਸ ਲਈ ਅਸੀਂ ਟਿਕਟ ਦਾ ਪ੍ਰਬੰਧ ਕਰਨ ਲੱਗੇ। ਟਿਕਟ ਮਿਲਦੀ ਸੀ, ਸਿਰਫ਼ ਸ਼ਰਾਬ ਦੇ ਠੇਕੇ ਤੋਂ, ਉਹ ਵੀ ਬੀਅਰ ਦੀ ਇੱਕ ਬੋਤਲ ਨਾਲ। ਪਰ ਅਸੀਂ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ ਸੀ। ਇਸ ਲਈ ਅਸੀਂ ਕਿਸੇ ਜਾਣਕਾਰ ਵਿਅਕਤੀ ਨੂੰ ਵਿੱਚ ਪਾ ਕੇ ਟਿਕਟ ਲੈਣ ਦਾ ਪ੍ਰਬੰਧ ਕਰ ਲਿਆ। ਅਸੀ ਸ਼ਰਾਬ ਦੇ ਠੇਕੇ ’ਤੇ ਗਏ ਅਤੇ ਚਾਰ ਟਿਕਟਾਂ ਪ੍ਰਾਪਤ ਕਰ ਲਈਆਂ। ਰਾਤ ਨੂੰ ਅਸੀਂ ਉਸ ਗਾਇਕ ਦੇ ਪ੍ਰੋਗਰਾਮ ਦਾ ਨੱਚ-ਟੱਪ ਕੇ ਖ਼ੂਬ ਆਨੰਦ ਮਾਣਿਆ। ਸਾਰੇ ਬਹੁਤ ਖ਼ੁਸ਼ ਸੀ। ਅਗਲੇ ਦਿਨ ਤਿਆਰ ਹੋ ਕੇ ਟੀਚਿੰਗ ਪ੍ਰੈਕਟਿਸ ਵਾਲੇ ਸਕੂਲ ਪਹੁੰਚ ਗਏ। ਦੂਸਰੇ ਪੀਰੀਅਡ ਦੌਰਾਨ ਜਦੋਂ ਮੈਂ ਸੱਤਵੀਂ ਕਲਾਸ ਵਿੱਚ ਗਿਆ ਤਾਂ ਇੱਕ ਵਿਦਿਆਰਥੀ ਨੇ ਮੈਨੂੰ ਪਹਿਲਾ ਸਵਾਲ ਇਹੀ ਕੀਤਾ, “ਸਰ, ਕੱਲ੍ਹ ਤੁਸੀਂ ਠੇਕੇ ’ਤੇ ਖੜ੍ਹੇ ਸੀ?’’ ਕੁਝ ਬੱਚੇ ਮੁਸ਼ਕੜੀਆਂ ਹੱਸਣ ਲੱਗੇ, ਕੁਝ ਚੁੱਪ ਅਤੇ ਮੈਂ ਸ਼ਰਮਸਾਰ।
ਸੰਪਰਕ: 98724-14378
* * *

Advertisement