ਸੁਖਬੀਰ ਬਾਦਲ ਦੀ ਵਾਪਸੀ ਤੇ ਪੰਥਕ-ਸਿਆਸੀ ਬਿਰਤਾਂਤ
ਜਗਤਾਰ ਸਿੰਘ
ਸਿੱਖਾਂ ਦਾ ਧਾਰਮਿਕ-ਰਾਜਨੀਤਕ ਬਿਰਤਾਂਤ 2025 ਦੀ ਵਿਸਾਖੀ ਮੌਕੇ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋ ਗਿਆ, ਜਿਸ ਦਿਨ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ’ਚ ਖ਼ਾਲਸੇ ਦੀ ਸਿਰਜਣਾ ਕੀਤੀ ਸੀ ਤੇ ਇੰਝ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਵੱਲੋਂ ਦਿੱਤੇ ਵਿਚਾਰਧਾਰਕ ਕਾਰਜ ਨੂੰ ਸੰਪੂਰਨ ਕੀਤਾ ਸੀ।
ਲੰਘੇ ਐਤਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਸ਼ਮੂਲੀਅਤ ਵਾਲੀ ਕਾਨਫਰੰਸ ’ਚੋਂ ਕਈ ਤਰ੍ਹਾਂ ਦੇ ਸੰਕੇਤ ਮਿਲੇ ਹਨ। ਪ੍ਰਧਾਨ ਦੇ ਅਹੁਦੇ ਤੋਂ ਥੋੜ੍ਹਾ ਸਮਾਂ ਲਾਂਭੇ ਹੋਣ ਮਗਰੋਂ ਮੁੜ ਪਾਰਟੀ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸੁਖਬੀਰ ਪਹਿਲੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਇੱਕ ਦਿਨ ਪਹਿਲਾਂ 12 ਅਪਰੈਲ ਨੂੰ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਸੀ। 2008 ਵਿੱਚ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਇਹ ਅਹੁਦਾ ਖਾਲੀ ਕੀਤਾ ਸੀ ਜੋ ਉਹ ਖ਼ੁਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਧੜੇ ਨਾਲ ਰਲੇਵੇਂ ਤੋਂ ਬਾਅਦ 1995 ਤੋਂ ਸੰਭਾਲ ਰਹੇ ਸਨ। ਤਿੰਨ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ’ਤੇ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਹੈ ਜੋ ਇੱਕ ਲਿਹਾਜ਼ ਤੋਂ ਪਾਰਟੀ ਦੇ ਇਤਿਹਾਸ ’ਚ ਸਭ ਤੋਂ ਲੰਮਾ ਅਰਸਾ ਹੈ ਤੇ ਕਈ ਵਰ੍ਹੇ ਇਸ ਨੇ ਸਿੱਖ ਖਾਹਿਸ਼ਾਂ ਤੇ ਉਮੰਗਾਂ ਨੂੰ ਸਪੱਸ਼ਟ ਰੂਪ ਵਿੱਚ ਉਭਾਰਿਆ ਸੀ।
ਪਿਛਲੇ ਕਈ ਮਹੀਨਿਆਂ ਤੋਂ ਸਿੱਖਾਂ ਦਾ ਧਾਰਮਿਕ-ਰਾਜਨੀਤਕ ਕਾਰਜ ਖੇਤਰ ਅਸ਼ਾਂਤ ਪੜਾਅ ’ਚੋਂ ਲੰਘ ਰਿਹਾ ਹੈ। ਅਕਾਲ ਤਖਤ ਤੋਂ ਜਥੇਦਾਰਾਂ ਵੱਲੋਂ ਦੋ ਦਸੰਬਰ 2024 ਨੂੰ ਸਮੁੱਚੀ ਅਕਾਲੀ ਲੀਡਰਸ਼ਿਪ ਸਾਹਮਣੇ, ਜੋ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਹੀ ਸੀ, ਪੜ੍ਹੇ ਗਏ ਹੁਕਮਨਾਮੇ ਨੇ ਇਸ ਬਿਰਤਾਂਤ ’ਚ ਸਥਿਰਤਾ ਪਰਤਣ ਦਾ ਸੰਕੇਤ ਦਿੱਤਾ ਸੀ ਪਰ ਹੁਣ ਖ਼ੁਦ ਸੁਖਬੀਰ ਬਾਦਲ ਵੱਲੋਂ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਇਸ ਦੀ ਸੰਭਾਵਨਾ ਬਹੁਤ ਘਟ ਗਈ ਹੈ। ਸੰਨ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਇਤਿਹਾਸ ’ਚ ਪਹਿਲਾਂ ਕਦੇ ਵੀ ਸੰਸਥਾ ਦੇ ਰੂਪ ਵਿੱਚ ਸਿੱਖ ਤਖ਼ਤ ਇਸ ਤਰ੍ਹਾਂ ਦੇ ਤਿੱਖੇ ਹੱਲੇ ਹੇਠ ਨਹੀਂ ਆਏ ਸਨ। ਤੇ ਇਸ ਵਾਰ ਇਹ ਹੱਲਾ ਵੀ ਸਿੱਖ ਦਾਇਰੇ ਅੰਦਰੋਂ ਹੀ ਸੀ ਕਿਸੇ ਹੋਰ ਵੱਲੋਂ ਨਹੀਂ।
ਅਕਾਲ ਤਖ਼ਤ ਦੀ ਭਰੋਸੇਯੋਗਤਾ ਹੁਣ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਜਿਸ ਨਾਲ ਸਿੱਖ ਧਰਮ ਦੀ ਅੰਤਰਰਾਸ਼ਟਰੀ ਪ੍ਰਭੂਸੱਤਾ ਦੀ ਪ੍ਰਤੀਕ ਇਸ ਸੰਸਥਾ ਨੂੰ ਗਹਿਰੀ ਸੱਟ ਵੱਜੀ ਹੈ।
ਦੋ ਦਸੰਬਰ ਦੇ ਹੁਕਮਨਾਮੇ, ਜਿਸ ਨੂੰ ਸਿੱਖ ਪੰਥ ਵੱਲੋਂ ਵਿਆਪਕ ਰੂਪ ਵਿੱਚ ਸਰਾਹਿਆ ਗਿਆ ਸੀ ਅਤੇ ਵੱਖ-ਵੱਖ ਪੱਧਰਾਂ ’ਤੇ ਅਕਾਲ ਤਖ਼ਤ ਦੀ ਨਿਰਾਲੀ ਸੰਸਥਾ ਦੇ ਕੰਮਕਾਜ ਦੇ ਅਧਿਐਨ ਦਾ ਕੋਈ ਹਵਾਲਾ ਦਿੱਤੇ ਬਗ਼ੈਰ ਸੁਖਬੀਰ ਨੇ ਸਿੱਧਾ ਹਮਲਾ ਬੋਲਦਿਆਂ ਆਖਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ (ਉਨ੍ਹਾਂ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦਾ ਸਾਫ਼ ਤੌਰ ’ਤੇ ਨਾਂ ਨਹੀਂ ਲਿਆ) ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ ਹੇਠ ਆ ਗਏ ਸਨ ਜੋ ਕਿ 2020 ਵਿੱਚ ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ (ਭਾਵ ਬਾਦਲ ਪਰਿਵਾਰ) ਨੂੰ ਨਿਸ਼ਾਨਾ ਬਣਾਉਂਦੀ ਆ ਰਹੀ ਹੈ ਜਦੋਂ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਨਰਿੰਦਰ ਮੋਦੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰ ਇਸ ਕਰ ਕੇ ਝਾਂਸੇ ਵਿੱਚ ਆ ਗਏ ਸਨ ਕਿ ਕੇਂਦਰ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਕਰਮੀ ਅਤੇ ਵਾਹਨ ਮੁਹੱਈਆ ਕਰਵਾਏ ਗਏ ਸਨ। ਪਰ ਇਹ ਕੋਈ ਬਹੁਤ ਵੱਡੀ ਕੀਮਤ ਨਹੀਂ ਹੈ। ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਾਉਣ ਦੀ ਸ਼ੁਰੂਆਤ ਕਦੋਂ ਹੋਈ ਸੀ।
ਸੁਖਬੀਰ ਬਾਦਲ ਦੇ ਇਸ ਦੋਸ਼ ਦੇ ਅਰਥ ਬਹੁਤ ਸਪਸ਼ਟ ਹਨ। ਇਸ ਦਾ ਮਤਲਬ ਹੈ ਕਿ 2 ਦਸੰਬਰ ਦਾ ਹੁਕਮਨਾਮਾ ਭਾਜਪਾ ਦੀਆਂ ਹਦਾਇਤਾਂ ਹੇਠ ਜਾਰੀ ਕੀਤਾ ਗਿਆ ਸੀ! ਹੁਕਮਨਾਮੇ, ਜਿਸ ਨੂੰ ਹਰ ਸਿੱਖ ਵੱਲੋਂ ਹੂ-ਬ-ਹੂ ਮੰਨਣਾ ਲਾਜ਼ਮੀ ਹੁੰਦਾ ਹੈ, ਦੇ ਦੋ ਪਹਿਲੂ ਹਨ- ਇੱਕ ਸੀ ਪਾਰਟੀ ਦੇ ਪ੍ਰਮੁੱਖ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ‘ਪੰਥ ਰਤਨ ਫਖ਼ਰ-ਏ-ਕੌਮ’ ਦਾ ਖ਼ਿਤਾਬ ਵਾਪਸ ਲੈਣਾ ਜੋ ਕਿ 5 ਦਸੰਬਰ, 2011 ਨੂੰ ‘ਉਨ੍ਹਾਂ ਦੇ ਲੰਮੇ ਪੰਥਕ ਅਤੇ ਸਿਆਸੀ ਕਰੀਅਰ ਦੌਰਾਨ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਮਾਣਮੱਤੀਆਂ ਸੇਵਾਵਾਂ ਬਦਲੇ ਦਿੱਤਾ ਗਿਆ ਸੀ।’ ਇਹ ਪਹਿਲੀ ਵਾਰ ਸੀ ਜਦੋਂ ਪੰਥ ਰਤਨ ਵਜੋਂ ਜਾਣੇ ਜਾਂਦੇ ਇਸ ਖ਼ਿਤਾਬ ਦਾ ਦਰਜਾ ਹੋਰ ਉੱਚਾ ਕੀਤਾ ਗਿਆ ਸੀ। ਇਹ ਖ਼ਿਤਾਬ ਵਾਪਸ ਲੈਣ ਦੇ ਆਦੇਸ਼ ਨਾਲ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸਮੁੱਚੀ ਵਿਰਾਸਤ ਸਵਾਲਾਂ ਦੇ ਘੇਰੇ ਹੇਠ ਆ ਗਈ ਸੀ। ਨਵਾਂ ਖ਼ਿਤਾਬ ਪਹਿਲੀ ਵਾਰ ਸਥਾਪਿਤ ਕਰਨ ਵਾਂਗ ਹੀ ਇਹ ਵੀ ਪਹਿਲੀ ਵਾਰ ਹੋਇਆ ਸੀ ਜਦੋਂ ਇਹ ਖ਼ਿਤਾਬ ਵਾਪਸ ਲਿਆ ਗਿਆ।
ਦੂਜਾ ਪਹਿਲੂ ਇਹ ਸੀ ਕਿ ਅਕਾਲੀ ਲੀਡਰਸ਼ਿਪ ਸਿੱਖਾਂ ਦੀ ਅਗਵਾਈ ਕਰਨ ਦਾ ਨੈਤਿਕ ਹੱਕ ਗੁਆ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਉਸ ਨੂੰ ਛੇ ਮਹੀਨਿਆਂ ਦੇ ਅੰਦਰ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਅਤੇ ਜਥੇਬੰਦਕ ਚੋਣਾਂ ਕਰਾਉਣ ਦਾ ਜਿੰਮਾ ਸੌਂਪਿਆ ਗਿਆ। ਧਾਮੀ ਸਮੇਤ ਦੋ ਮੈਂਬਰ ਇਸ ਕਮੇਟੀ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋ ਗਏ ਜਦੋਂਕਿ ਕਮੇਟੀ ਦੇ ਬਾਕੀ ਪੰਜ ਮੈਂਬਰਾਂ ਵੱਲੋਂ ਹੁਕਮਨਾਮੇ ਤਹਿਤ ਭਰਤੀ ਕੀਤੀ ਜਾ ਰਹੀ ਹੈ।
ਉਂਝ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖਰੇ ਤੌਰ ’ਤੇ ਭਰਤੀ ਚਲਾਈ ਗਈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਜ਼ਿਕਰਯੋਗ ਹੈ ਕਿ ਜਿਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਦੋ ਦਸੰਬਰ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਨ੍ਹਾਂ ’ਚੋਂ ਇੱਕ ਸਤੰਬਰ 2015 ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਿਵਾਦਪੂਰਨ ਢੰਗ ਨਾਲ ਮੁਆਫ਼ੀ ਦੇਣ ਨਾਲ ਜੁੜਿਆ ਹੋਇਆ ਸੀ ਜਿਸ ਨੂੰ ਮਈ 2007 ਵਿੱਚ ਦਸਵੇਂ ਗੁਰੂ ਦੀ ਨਕਲ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਚੰਡੀਗੜ੍ਹ ਮੁੱਖ ਮੰਤਰੀ ਬਾਦਲ ਦੇ ਸਰਕਾਰੀ ਨਿਵਾਸ ’ਤੇ ਬੁਲਾ ਕੇ ਡੇਰੇ ਵੱਲੋਂ ਭੇਜੀ ਗਈ ਇੱਕ ਚਿੱਠੀ ਸੌਂਪੀ ਗਈ ਸੀ। ਇਹ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਸੀ ਅਤੇ ਪ੍ਰਭੂਸੱਤਾਪੂਰਨ ਸਿੱਖ ਸੰਸਥਾ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਤੁੱਲ ਸੀ। ਸਿੱਖ ਜਗਤ ਅੰਦਰ ਡੇਰਾ ਮੁਖੀ ਦੀ ਮੁਆਫ਼ੀ ਦੇ ਹੁਕਮਨਾਮੇ ਪ੍ਰਤੀ ਰੋਸ ਫੈਲਣ ਕਰ ਕੇ ਇਸ ਨੂੰ ਵਾਪਸ ਲੈਣਾ ਪਿਆ। ਪਰ ਨੁਕਸਾਨ ਹੋ ਚੁੱਕਿਆ ਸੀ।
ਪਿਛਲੇ ਸਾਲ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਮਣੇ ਪੇਸ਼ ਹੋਣ ਵਾਲੀ ਸਮੁੱਚੀ ਲੀਡਰਸ਼ਿਪ ਨੇ ਬਿਨਾਂ ਕਿਸੇ ਨਾਂਹ-ਨੁੱਕਰ ਤੋਂ ਆਪਣੀਆਂ ਗ਼ਲਤੀਆਂ ਤੇ ਭੁੱਲਾਂ ਸਵੀਕਾਰ ਕੀਤੀਆਂ ਸਨ। ਉਂਝ, ਸੁਖਬੀਰ ਕੁਝ ਦਿਨਾਂ ਬਾਅਦ ਹੀ ਇਸ ਤੋਂ ਪਲਟ ਗਏ ਸਨ। ਬਾਅਦ ਵਿੱਚ ਦੋ ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਤਿੰਨ ਜਥੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਮਾਨਜਨਕ ਢੰਗ ਨਾਲ ਅਹੁਦਿਆਂ ਤੋਂ ਹਟਾ ਦਿੱਤਾ ਗਿਆ।
ਇਸ ਸਮੇਂ ਕਸੂਤੀ ਸਥਿਤੀ ਬਣੀ ਹੋਈ ਹੈ। ਸੁਖਬੀਰ ਬਾਦਲ ਦੇ ਦੋਸ਼ਾਂ ਮੁਤਾਬਿਕ ਗਿਆਨੀ ਰਘਬੀਰ ਸਿੰਘ ਵੀ ਭਾਜਪਾ ਦੇ ਪ੍ਰਭਾਵ ਹੇਠ ਕੰਮ ਕਰਦੇ ਸਨ ਜਦੋਂਕਿ ਉਹ ਹਾਲੇ ਵੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਰਹੇ ਹਨ ਜੋ ਕਿ ਸਿੱਖ ਪੰਥ ਦਾ ਬਹੁਤ ਉੱਚਾ ਅਹੁਦਾ ਗਿਣਿਆ ਜਾਂਦਾ ਹੈ। ਸੁਖਬੀਰ ਨੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਿੰਨ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਬਦਲੇ ਧੰਨਵਾਦ ਕੀਤਾ। ਧਾਮੀ ਹੁਰੀਂ ਉਸ ਸਮੇਂ ‘ਅਸਤੀਫ਼ਾ’ ਦੇ ਕੇ ਘਰ ਬੈਠ ਗਏ ਸਨ।
ਜੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਤੇ ਤਖਤ ਕੇਸਗੜ੍ਹ ਸਾਹਿਬ ਅਤੇ ਤਖਤ ਦਮਦਮਾ ਸਾਹਿਬ ਤੋਂ ਉਨ੍ਹਾਂ ਦੇ ਦੋ ਸਹਿਯੋਗੀਆਂ ਨੇ ਭਾਜਪਾ ਮਤਲਬ ਕਿ ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਭਾਵ ਹੇਠ ਆ ਕੇ ਕੰਮ ਕੀਤਾ ਸੀ ਤਾਂ ਕੀ ਐੱਸਜੀਪੀਸੀ ਨੂੰ ਇਸ ਸਥਿਤੀ ਲਈ ਨੈਤਿਕ ਤੌਰ ’ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ? ਧਾਮੀ ਨੂੰ ਇਹ ਵਿਰੋਧਾਭਾਸ ਸਪੱਸ਼ਟ ਕਰਨ ਦੀ ਲੋੜ ਹੈ ਕਿਉਂਕਿ ਐੱਸਜੀਪੀਸੀ ਹੀ ਨਿਯੁਕਤੀਆਂ ਕਰਨ ਵਾਲੀ ਸੰਸਥਾ ਹੈ।
ਐੱਸਜੀਪੀਸੀ ਉੱਤੇ ਮੁੱਖ ਤੌਰ ’ਤੇ ਅਕਾਲੀ ਦਲ ਦੇ ਬਾਦਲ ਧੜੇ ਦਾ ਹੀ ਕਬਜ਼ਾ ਹੈ ਕਿਉਂਕਿ ਇਸ ਦੇ ਜਨਰਲ ਹਾਊਸ ਦੇ ਜ਼ਿਆਦਾਤਰ ਮੈਂਬਰ ਇਸੇ ਪਾਰਟੀ ਨਾਲ ਸਬੰਧ ਰੱਖਦੇ ਹਨ। ਜਨਰਲ ਹਾਊਸ ਦੀ ਆਖ਼ਰੀ ਚੋਣ 2011 ਵਿੱਚ ਹੋਈ ਸੀ ਤੇ ਇਸ ਦੀ ਮਿਆਦ ਖ਼ਤਮ ਹੋਇਆਂ ਨੂੰ ਕਈ ਸਾਲ ਲੰਘ ਚੁੱਕੇ ਹਨ। ਹਾਲਾਂਕਿ, ਇਹ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਇਸ ਕਰ ਕੇ ਚੋਣ ਟਾਲ ਰਿਹਾ ਹੈ ਕਿ ਇਸ ਨੂੰ ਖਦਸ਼ਾ ਹੈ ਕਿ ਸਿੱਖਾਂ ਦੀ ਇਸ ਲੋਕਤੰਤਰਿਕ ਸੰਸਥਾ ’ਤੇ ਕੱਟੜਵਾਦੀ ਕਾਬਜ਼ ਹੋ ਸਕਦੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਡਰ ’ਚੋਂ ਨਿਕਲਣ ਦੀ ਲੋੜ ਹੈ। ਇਹੀ ਚੋਣ ਹੈ ਜੋ ਸ਼ਾਇਦ ਸਿੱਖ ਜਗਤ ’ਚ ਕਿਸੇ ਤਰ੍ਹਾਂ ਦੀ ਸਥਿਰਤਾ ਲਿਆ ਸਕਦੀ ਹੈ। ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਇਹੀ ਚੋਣ ਹੈ ਜੋ ਕਿ ਸਿੱਖ ਜਗਤ ਦੀ ਲੀਡਰਸ਼ਿਪ ਦਾ ਫ਼ੈਸਲਾ ਕਰਦੀ ਹੈ।
ਹੁਣ ਇਹ ਸਪੱਸ਼ਟ ਹੈ ਕਿ ਪੰਜ-ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ ਮੁਕੰਮਲ ਹੋਣ ’ਤੇ ਅਕਾਲੀ ਦਲ ਦੇ ਦੋ ਧੜੇ ਉੱਭਰਨਗੇ। ਸਿੱਖ ਕਾਰਜ ਖੇਤਰ ਦੇ ਹੋਰਨਾਂ ਧੜਿਆਂ ’ਚ ਦੋ ਸੰਸਦ ਮੈਂਬਰਾਂ ਵਾਲਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ (ਅੰਮ੍ਰਿਤਸਰ) ਸ਼ਾਮਿਲ ਹਨ। ਇਸ ਤਰ੍ਹਾਂ ਘੱਟੋ-ਘੱਟ ਚਾਰ ਅਕਾਲੀ ਧੜੇ ਜੋ ਸਾਰੇ ਲੋਕਤੰਤਰੀ ਧਾਰਾ ’ਚ ਸ਼ਾਮਿਲ ਹਨ, ਜਦੋਂ ਵੀ ਚੋਣਾਂ ਹੁੰਦੀਆਂ ਹਨ, ਕਈ ਹੋਰਨਾਂ ਦਲਾਂ ਦੇ ਨਾਲ ਐੱਸਜੀਪੀਸੀ ਦੀ ਲੀਡਰਸ਼ਿਪ ਲਈ ਮੁਕਾਬਲਾ ਕਰਨਗੇ।
ਹੁਣ ਗੱਲ ਕਰਦੇ ਹਾਂ ਦਮਦਮਾ ਸਾਹਿਬ ਵਿਖੇ ਬਾਦਲ ਧੜੇ ਵੱਲੋਂ ਸਾਹਮਣੇ ਲਿਆਂਦੇ ਏਜੰਡੇ ਦੀ। ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਜੋ ਹਾਲਾਂਕਿ ਦਾਗ਼ੀ ਹੈ ਅਤੇ ਆਟਾ-ਦਾਲ ਤੇ ਸ਼ਗਨ ਸਕੀਮਾਂ ਆਦਿ ਬਾਰੇ ਗੱਲ ਕੀਤੀ। ਪਾਰਟੀ ਦੀ ਇੱਕੋ-ਇੱਕ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੱਖਰੀ ਸਿੱਖ ਪਛਾਣ ਦਾ ਜ਼ਿਕਰ ਕੀਤਾ ਜਿਸ ਮੁੱਦੇ ਨੂੰ ਪਾਰਟੀ ਨੇ ਸੱਤਾ ਵਿੱਚ ਹੁੰਦਿਆਂ ਹਮੇਸ਼ਾ ਨਜ਼ਰਅੰਦਾਜ਼ ਕਰੀ ਰੱਖਿਆ ਸੀ। ਸੁਖਬੀਰ ਨੇ ਕਿਹਾ ਕਿ ਕੀਤੇ ਜਾਣ ਵਾਲੇ ਸਾਰੇ ਵਾਅਦੇ ਪੁਗਾਏ ਜਾਣਗੇ। ਇਸ ਭਰੋਸੇ ਨੂੰ 1996 ਦੀ ਲੋਕ ਸਭਾ ਚੋਣ ਤੋਂ ਬਾਅਦ ਦੇ ਪਾਰਟੀ ਦੇ ਚੋਣ ਮਨੋਰਥ ਪੱਤਰਾਂ ਦੇ ਪਿਛੋਕੜ ’ਚ ਜਾ ਕੇ ਵਾਚਿਆ ਜਾਣਾ ਚਾਹੀਦਾ ਹੈ ਤੇ ਇਸ ਲਈ ਵੱਖਰਾ ਲੇਖ ਲਿਖਣ ਦੀ ਲੋੜ ਪਵੇਗੀ। ਸਪੱਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਲੀ ਤਰਜੀਹ ਇਹ ਰਹੇਗੀ ਕਿ ਆਪਣੇ ਪਿਤਾ ਦਾ ‘ਪੰਥ ਰਤਨ’ ਖ਼ਿਤਾਬ ਬਹਾਲ ਕਰਾਇਆ ਜਾ ਸਕੇ।
ਸੰਪਰਕ: 97797-11201