ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੱਕੜਬੱਗਾ ਰੋਇਆ

04:07 AM Apr 20, 2025 IST
featuredImage featuredImage

ਸਈਅਦ ਮੁਹੰਮਦ ਅਸ਼ਰਫ਼ ਉਰਦੂ ਕਹਾਣੀ ਅਤੇ ਨਾਵਲਕਾਰੀ ਜਗਤ ਦਾ ਉੱਘਾ ਨਾਂ ਹੈ। ਉਸ ਦੀਆਂ ਲਿਖੀਆਂ ਕਹਾਣੀਆਂ ਅੰਗਰੇਜ਼ੀ ਸਮੇਤ ਹੋਰ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ‘ਲੱਕੜਬੱਗਾ ਰੋਇਆ’ ਸਿਰਲੇਖ ਵਾਲੀ ਹਥਲੀ ਕਹਾਣੀ ਨੂੰ ਭਜਨਬੀਰ ਸਿੰਘ (ਸੰਪਰਕ: 98556-75724) ਨੇ ਪੰਜਾਬੀ ਰੂਪ ਦਿੱਤਾ ਹੈ।

Advertisement

ਲੱਕੜਬੱਗਾ ਜ਼ਿੰਦਾ ਫੜ ਕੇ ਪੁਲੀਸ ਕਪਤਾਨ ਤੋਂ ਇਸ ਕਾਰਨਾਮੇ ਲਈ ਸ਼ਾਬਾਸ਼ ਅਤੇ ਇਨਾਮ ਲੈਣਾ ਹੈ। ਇਸ ਖ਼ਾਹਿਸ਼ ਦੇ ਨਸ਼ੇ ਵਿੱਚ ਉਹ ਹਜੂਮ ਅਜਿਹਾ ਬੇਹਵਾਸ ਹੋਇਆ ਕਿ ਇਹ ਵੀ ਨਹੀਂ ਸੋਚਿਆ ਕਿ ਕਪਤਾਨ ਦਾ ਬੰਗਲਾ ਆਬਾਦੀ ਤੋਂ ਦੂਰ ਜੰਗਲ ਦੇ ਰਾਹ ਵਿੱਚ ਹੈ ਅਤੇ ਜੰਗਲ ਦੇਖ ਕੇ ਉਸਦੀ ਵਹਿਸ਼ਤ ਭੜਕ ਵੀ ਸਕਦੀ ਹੈ, ਅਤੇ ਇਹੀ ਹੋਇਆ।
ਲੱਕੜਬੱਗੇ ਨੂੰ ਲਈ ਜਾਂਦਾ ਉਹ ਹਜੂਮ ਅਜੇ ਪੁਲੀਸ ਕਪਤਾਨ ਦੇ ਬੰਗਲੇ ਦੇ ਰਾਹ ਵਿੱਚ ਹੀ ਸੀ ਅਤੇ ਬੰਗਲੇ ਦੀ ਚਾਰਦੀਵਾਰੀ ਥੋੜ੍ਹੀ ਹੀ ਦੂਰ ਰਹਿ ਗਈ ਤਾਂ ਪਤਾ ਨਹੀਂ ਉਸਦੇ ਅੰਦਰ ਕਿੱਥੋਂ ਇੰਨੀ ਤਾਕਤ ਆ ਗਈ ਕਿ ਉਹ ਇੱਕ ਪਲ ਲਈ ਰੁਕਿਆ। ਗਰਦਨ ਵਿੱਚ ਪਈ ਸੰਗਲੀ ਖਿੱਚੀ ਗਈ ਅਤੇ ਤਣ ਕੇ ਰਹਿ ਗਈ। ਮੂੰਹ ’ਤੇ ਬੰਨ੍ਹੇ ਛਿੱਕੇ ਦੇ ਅੰਦਰ ਗੁਰਰਾਹਟਾਂ ਆਪਸ ਵਿੱਚ ਗੱਡ-ਮੱਡ ਹੋਣ ਲੱਗੀਆਂ ਤਦ ਸੰਗਲੀ ਵਾਲੇ ਬੰਦੇ ਨੇ ਆਪਣਾ ਸਾਰਾ ਜ਼ੋਰ ਲਾਇਆ। ਲੱਕੜਬੱਗੇ ਦੇ ਅਗਲੇ ਪੰਜੇ ਜ਼ਮੀਨ ਤੋਂ ਚੁੱਕੇ ਗਏ ਅਤੇ ਪਿਛਲੇ ਪੰਜਿਆਂ ’ਤੇ ਰੁਕਿਆ ਉਸਦਾ ਸਰੀਰ ਥੋੜ੍ਹਾ ਜਿਹਾ ਅੱਗੇ ਸਰਕ ਗਿਆ ਅਤੇ ਓਨੇ ਹਿੱਸੇ ਦੀ ਜ਼ਮੀਨ ’ਤੇ ਉਸਦੇ ਪੰਜਿਆਂ ਦੇ ਨਿਸ਼ਾਨ ਇੰਝ ਬਣ ਗਏ ਜਿਵੇਂ ਕਿਸੇ ਨੇ ਜ਼ਮੀਨ ’ਤੇ ਡਾਂਗਾਂ ਰੱਖ ਕੇ ਪੂਰੇ ਜ਼ੋਰ ਨਾਲ ਖਿੱਚ ਦਿੱਤੀਆਂ ਹੋਣ।
ਲੱਕੜਬੱਗੇ ਨੇ ਪਿਛਲੇ ਪੰਜਿਆਂ ਨੂੰ ਜ਼ੋਰ ਲਾ ਕੇ ਰੋਕਿਆ। ਅਗਲੇ ਪੰਜੇ ਫ਼ਿਜ਼ਾ ਵਿੱਚ ਬੁਲੰਦ ਕੀਤੇ ਅਤੇ ਪੂਰੇ ਸਰੀਰ ਦੀ ਤਾਕਤ ਨੂੰ ਰੀੜ੍ਹ ਦੀ ਹੱਡੀ ਅਤੇ ਲੱਤਾਂ ਦੇ ਜੋੜਾਂ ਵਿੱਚ ਭਰ ਕੇ ਛਾਲ ਮਾਰ ਦਿੱਤੀ। ਸੰਗਲੀ ਫੜੀ ਆਦਮੀ ਦੀ ਮਜ਼ਬੂਤ ਗ੍ਰਿਫ਼ਤ ਵਿੱਚ ਫਸੀ ਸੰਗਲੀ ਉਸ ਦੀਆਂ ਤਲੀਆਂ ਨੂੰ ਲਹੂ-ਲੁਹਾਣ ਕਰਦੀ ਹੋਈ ਹੱਥ ਵਿੱਚੋਂ ਨਿਕਲ ਗਈ। ਹਜੂੁਮ ਦੇ ਮੂੰਹ ਵਿੱਚੋਂ ਇੱਕ ਚੀਕ ਨਿਕਲੀ ਅਤੇ ਕੁਝ ਬੇਤਰਤੀਬ ਜੁਮਲੇ। ਉਹ ਅੱਗੇ ਹੀ ਅੱਗੇ ਭੱਜ ਰਿਹਾ ਸੀ ਅਤੇ ਸੰਗਲੀ ਝਨ-ਝਨਾਉਂਦੀ ਹੋਈ ਉਸਦੇ ਨਾਲ-ਨਾਲ ਖਿੱਚੀ ਜਾ ਰਹੀ ਸੀ। ਪਿੱਛੋਂ ਆਉਣ ਵਾਲੀ ਸੜਕ ’ਤੇ ਪੁਲੀਸ ਦੀ ਇੱਕ ਜੀਪ ਰੌਲਾ ਪਾਉਂਦੀ ਹੋਈ ਆ ਰਹੀ ਸੀ। ਅੱਗੇ ਜੀਪ ਅਤੇ ਪਿੱਛੇ ਉੱਧੜ-ਧੁੰਮੀ ਮਚਾਉਂਦਾ ਹਜੂਮ। ਉਹ ਇੱਕ ਪਲ ਲਈ ਠਿਠਕਿਆ ਅਤੇ ਕਪਤਾਨ ਦੇ ਬੰਗਲੇ ਦੇ ਗੇਟ ’ਤੇ ਖੜ੍ਹੇ ਬਾਵਰਦੀ ਸਿਪਾਹੀ ਦੀ ਖ਼ਾਕੀ ਪੈਂਟ ਨਾਲ ਖਹਿੰਦਾ ਹੋਇਆ ਤਖ਼ਤੇ ਨੂੰ ਪਾਰ ਕਰਕੇ ਭਰ ਜਵਾਨ ਹੋਈ ਕਣਕ ਦੇ ਖੇਤ ਵਿੱਚ ਵੜ ਕੇ ਗੁਆਚ ਗਿਆ।
ਪੁਲੀਸ ਕਪਤਾਨ ਨੇ ਡਰਾਇੰਗ ਰੂਮ ਵਿੱਚ ਲੱਗੇ ਆਪਣੇ ਆਫਿਸ ਵਿੱਚ ਬੈਠਿਆਂ-ਬੈਠਿਆਂ ਦਰਵਾਜ਼ੇ ਤੋਂ ਬਾਹਰ ਵਰਾਂਡੇ ਵਿੱਚ ਖੜ੍ਹੇ ਉਸ ਆਦਮੀ ਨੂੰ ਦੇਖਿਆ, ਜਿਸ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ, ਜਿਸ ਦੀ ਦਾੜ੍ਹੀ ਵਧੀ ਹੋਈ ਸੀ, ਜਿਸ ਦੀ ਧੌਣ ਅਤੇ ਚਿਹਰੇ ’ਤੇ ਡੰਡਿਆਂ ਦੀ ਕੁੱਟ ਦੇ ਤਾਜ਼ੇ ਨਿਸ਼ਾਨ ਸਨ ਅਤੇ ਜਿਸ ਦੇ ਬੁੱਲ੍ਹਾਂ ’ਤੇ ਪੇਪੜੀ ਜੰਮੀ ਹੋਈ ਸੀ। ਮੋਢਿਆਂ ’ਤੇ ਰਾਈਫਲ ਲਟਕਾਈ ਦੋ ਸਿਪਾਹੀ ਉਸ ਦੀਆਂ ਬਾਹਾਂ ਫੜ ਕੇ ਉਸ ਨੂੰ ਘੇਰ ਕੇ ਖੜ੍ਹੇ ਸਨ।
ਸੂਰਜ ਡੁੱਬ ਚੁੱਕਾ ਸੀ ਪਰ ਚਾਨਣ ਇੰਨਾ ਘੱਟ ਵੀ ਨਹੀਂ ਸੀ ਕਿ ਪੁਲੀਸ ਕਪਤਾਨ ਉਸ ਆਦਮੀ ਦੇ ਮੱਥੇ ’ਤੇ ਲਿਖੇ ਹਨੇਰੇ ਨੂੰ ਨਾ ਪੜ੍ਹ ਸਕੇ। ਉਸ ਨੇ ਕੁਰਸੀ ’ਤੇ ਪਹਿਲੂ ਬਦਲਿਆ। ਸੰਘ ਵਿੱਚ ਕੋਈ ਚੀਜ਼ ਫਸੀ ਹੋਈ ਮਹਿਸੂਸ ਹੋਈ। ਖੰਘਾਰ ਕੇ ਗਲਾ ਸਾਫ਼ ਕੀਤਾ ਅਤੇ ਆਪਣੇ ਤੇ ਉਸ ਆਦਮੀ ਦੇ ਵਿਚਕਾਰ ਖੜ੍ਹੇ ਥਾਣਾ ਕੰਚਨਗੜੀ ਦੇ ਥਾਣੇਦਾਰ ਦੀ ਵਰਦੀ ਨੂੰ ਅੱਖਾਂ ਹੀ ਅੱਖਾਂ ਵਿੱਚ ਉੱਪਰੋਂ ਹੇਠਾਂ ਤੱਕ ਦੇਖਿਆ ਅਤੇ ਆਵਾਜ਼ ਵਿੱਚ ਅਫਸਰੀ ਰੋਹਬ ਪੈਦਾ ਕਰਦੇ ਹੋਏ ਪੁੱਛਿਆ।
‘‘ਹੈੱਡ ਕਾਂਸਟੇਬਲ ਰਾਮ ਅਵਤਾਰ ਕਿੰਨੇ ਚਿਰ ਵਿੱਚ ਆ ਜਾਵੇਗਾ?’’
ਥਾਣੇਦਾਰ ਦੀਆਂ ਅੱਡੀਆਂ ਆਪਸ ਵਿੱਚ ਮਿਲੀਆਂ, ਮੁੱਠੀਆਂ ਲੱਤਾਂ ਨਾਲ ਚਿਪਕ ਕੇ ਹੇਠਾਂ ਵੱਲ ਖਿੱਚੀਆਂ ਗਈਆਂ। ਬੁੱਲ੍ਹਾਂ ’ਤੇ ਇੱਕ ਤਜਰਬੇਕਾਰ ਮੁਸਕਰਾਹਟ ਆਈ।
‘‘ਡਰਾਈਵਰ ਨੂੰ ਕਹਿ ਦਿੱਤਾ ਸੀ ਸਰਕਾਰ ਕਿ ਹਨੇਰੀ ਵਾਂਗ ਜੀਪ ਲੈ ਜਾਵੇ ਅਤੇ ਤੂਫ਼ਾਨ ਵਾਂਗ ਵਾਪਸ ਲੈ ਆਵੇ। ਦੀਵਾਨ ਜੀ ਥਾਣੇ ਨਾ ਹੋਣ ਤਾਂ ਘਰੋਂ ਚੁੱਕ ਲਿਆਉਣ। ਸਿਵਲ ਵਿੱਚ ਹੋਣ ਤਾਂ ਵਰਦੀ ਪਾਉਣ ਵਿੱਚ ਟਾਈਮ ਖ਼ਰਾਬ ਨਾ ਕਰਨ। ਵਰਦੀ ਚੁੱਕ ਲਿਆਉਣ। ਰਾਹ ਵਿੱਚ ਜੀਪ ਦੇ ਅੰਦਰ ਹੀ ਬਦਲ ਲੈਣ। ਜੀਪ ਆਉਂਦੀ ਹੀ ਹੋਵੇਗੀ ਹਜ਼ੂਰ।’’
‘‘ਹੂੰ।’’ ਅਤੇ ਇਹ ਕਹਿ ਕੇ ਕਪਤਾਨ ਨੇ ਉਸ ਆਦਮੀ ਦੇ ਪਿੱਛੇ ਖੇਤਾਂ ਵਿੱਚ ਫੈਲੀ ਮੁਰਦੇਹਾਣੀ ’ਤੇ ਅੱਖਾਂ ਗੱਡ ਦਿੱਤੀਆਂ। ਅਤੇ ਜਦ ਨਜ਼ਰਾਂ ਵਾਪਸ ਖਿੱਚੀਆਂ ਤਾਂ ਦੇਖਿਆ ਕਿ ਵਰਾਂਡੇ ਵਿੱਚ ਖੜ੍ਹੇ ਉਸ ਆਦਮੀ ਦੀ ਛਾਤੀ ਹੌਲੀ-ਹੌਲੀ ਹਿੱਲ ਰਹੀ ਸੀ ਅਤੇ ਅੱਖਾਂ ਵਿੱਚੋਂ ਬੇ-ਆਵਾਜ਼ ਅੱਥਰੂ ਵਹਿ ਰਹੇ ਸਨ। ਉਸ ਨੂੰ ਫਿਰ ਗਲੇ ਵਿੱਚ ਕੋਈ ਚੀਜ਼ ਅਟਕਦੀ ਹੋਈ ਮਹਿਸੂਸ ਹੋਈ।
ਕਪਤਾਨ ਨੇ ਦੁਬਿਧਾ ਭਰੀ ਆਵਾਜ਼ ਵਿੱਚ ਥਾਣੇਦਾਰ ਨੂੰ ਪੁੱਛਿਆ, ‘‘ਕੀ ਤੈਨੂੰ ਬਿਲਕੁਲ ਯਕੀਨ ਹੈ ਕਿ ਇਹ ਨਾਇਕ ਦੇ ਗਰੋਹ ਦਾ ਆਦਮੀ ਹੈ?’’
ਆਦਤ ਅਨੁਸਾਰ ਥਾਣੇਦਾਰ ਨੇ ਸਰੀਰ ਨੂੰ ਥੋੜ੍ਹਾ ਜਿਹਾ ਝਟਕਾ ਦੇ ਕੇ ਖ਼ੁਦ ਨੂੰ ਅਟੈਨਸ਼ਨ ਜ਼ਾਹਿਰ ਕੀਤਾ ਅਤੇ ਪਹਿਲਾਂ ਤੋਂ ਵੀ ਜ਼ਿਆਦਾ ਵਿਸ਼ਵਾਸ ਨਾਲ ਬੋਲਿਆ, ‘‘ਤੁਸੀਂ ਚਿੰਤਾ ਨਾ ਕਰੋ ਹਜ਼ੂਰ, ਬਿਲਕੁਲ ਸਹੀ ਆਦਮੀ ਮਾਰਿਆ ਜਾ ਰਿਹਾ ਹੈ।’’ ਫਿਰ ਕੁਝ ਸੋਚ ਕੇ ਬੋਲਿਆ। ਇਸ ਵਾਰ ਆਵਾਜ਼ ਵਿੱਚ ਫਤੂਰ ਸੀ।
‘‘ਜੇ ਛੱਡ ਦਿੱਤਾ ਗਿਆ ਤਾਂ ਕੱਲ੍ਹ ਹੀ ਇਹ ਜ਼ਮਾਨਤ ਕਰਾ ਲਵੇਗਾ ਅਤੇ ਪਰਸੋਂ ਤੁਹਾਡੇ ਕੋਲ ਇਲਾਕੇ ਵਿੱਚੋਂ ਵਾਇਰਲੈੱਸ ਮੈਸੇਜ ਆ ਜਾਵੇਗਾ ਕਿ ਫਲਾਣੇ ਪਿੰਡ ਵਿੱਚ ਡਾਕਾ ਪੈ ਗਿਆ ਅਤੇ ਤਿੰਨ ਬੰਦੇ ਮਾਰੇ ਗਏ। ਫਿਰ ਉੱਪਰੋਂ ਆਈ.ਜੀ. ਸਾਹਿਬ ਦੀ ਡਾਂਟ ਪਵੇਗੀ। ਸਰਕਾਰ, ਤੁਸੀਂ ਚੰਗੀ ਤਰ੍ਹਾਂ ਸੋਚ ਲਉ।’’
ਤਦ ਪੁਲੀਸ ਕਪਤਾਨ ਨੇ ਸੋਚਿਆ ਕਿ ਕੰਚਨਗੜੀ ਦਾ ਥਾਣੇਦਾਰ ਬਿਲਕੁਲ ਸੱਚ ਕਹਿ ਰਿਹਾ ਹੈ ਕਿਉਂਕਿ ਜੇ ਇਹ ਝੂਠ ਵੀ ਬੋਲ ਰਿਹਾ ਹੈ ਤਾਂ ਵੀ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਦੀ ਤਾਕਤ ਅਤੇ ਸਿਫ਼ਤ ਇਸ ਵਿੱਚ ਹੈ। ਜੇ ਮੁਖ਼ਬਰ ਦੀ ਇਹ ਇਤਲਾਹ ਸਹੀ ਵੀ ਹੈ ਕਿ ਥਾਣੇਦਾਰ ਕੰਚਨਗੜੀ ਇਸ ਮੁਲਜ਼ਮ ਸ਼ਾਮ ਸੁੰਦਰ ਨੂੰ ਸਿਰਫ਼ ਇਸ ਲਈ ਮਰਵਾਉਣਾ ਚਾਹੁੰਦਾ ਹੈ ਕਿ ਕੰਚਨਗੜੀ ਦਾ ਪ੍ਰਧਾਨ ਇਸ ਕੰਮ ਲਈ ਥਾਣੇਦਾਰ ਨੂੰ ਪੰਜ ਹਜ਼ਾਰ ਰੁਪਏ ਦੇ ਚੁੱਕਾ ਹੈ ਤਾਂ ਵੀ ਮੈਂ ਕੀ ਕਰ ਸਕਦਾ ਹਾਂ। ਜੇ ਮੈਂ ਮੁਲਜ਼ਮ ਸ਼ਾਮ ਸੁੰਦਰ ਨੂੰ ਛੱਡ ਵੀ ਦਿਆਂ ਤਾਂ ਇਹ ਬਿਲਕੁਲ ਸਹੀ ਹੈ ਕਿ ਕੱਲ੍ਹ ਹੀ ਇਸ ਦੀ ਜ਼ਮਾਨਤ ਹੋ ਜਾਵੇਗੀ ਅਤੇ ਪਰਸੋਂ ਥਾਣਾ ਕੰਚਨਗੜੀ ਤੋਂ ਦੋ ਕੋਹ ਦੂਰ ਪਿੰਡ ਲਾਲਪੁਰ ਦੇ ਉਨ੍ਹਾਂ ਤਿੰਨਾਂ ਬੰਦਿਆਂ ਨੂੰ ਥਾਣੇਦਾਰ ਮਰਵਾ ਦੇਵੇਗਾ ਜਿਨ੍ਹਾਂ ਦੇ ਕਤਲ ਲਈ ਐਮ.ਐਲ.ਏ. ਸ੍ਰੀ ਰਾਮਧਰ ਦਸ ਹਜ਼ਾਰ ਨਕਦ ਅਤੇ ਥਾਣੇ ਦੀ ਥਾਣੇਦਾਰੀ ਦਿਵਾਉਣ ਦਾ ਵਾਅਦਾ ਕਰ ਚੁੱਕੇ ਹਨ ਅਤੇ ਫਿਰ ਰਾਤ ਦੇ ਤਿੰਨ ਵਜੇ ਵਾਇਰਲੈੱਸ ’ਤੇ ਤਾਇਨਾਤ ਸਿਪਾਹੀ ਮੇਰੇ ਕਮਰੇ ਵਿੱਚ ਜੁੱਤੀ ਲਾਹ ਕੇ ਆਵੇਗਾ ਅਤੇ ਹੱਥ ਵਿੱਚ ਫੜੀ ਸਲਿੱਪ ਪੜ੍ਹੇਗਾ: ‘‘ਪਿੰਡ ਲਾਲਪੁਰ ਵਿੱਚ ਰਾਤੀਂ ਦੋ ਵੱਜ ਕੇ ਪੰਤਾਲੀ ਮਿੰਟ ’ਤੇ ਡਾਕਾ ਪਿਆ। ਪੁਲੀਸ ਮੌਕੇ ’ਤੇ ਪਹੁੰਚ ਗਈ। ਡਾਕੂ ਸਾਮਾਨ ਨਹੀਂ ਲਿਜਾ ਸਕੇ। ਮੁਕਾਬਲੇ ਵਿੱਚ ਡਾਕੂਆਂ ਹੱਥੋਂ ਪਿੰਡ ਦੇ ਤਿੰਨ ਬੰਦੇ ਮਾਰੇ ਗਏ। ਡਾਕੂ ਇੱਕ ਖ਼ਾਲੀ ਦੇਸੀ ਪਿਸਤੌਲ ਅਤੇ ਕੁਝ ਖ਼ਾਲੀ ਕਾਰਤੂਸ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ।’’
ਜਦੋਂ ਇਹ ਮੈਸੇਜ ਹੈੱਡਕੁਆਰਟਰ ਪਹੁੰਚੇਗਾ ਤਾਂ ਆਈ.ਜੀ. ਸਾਹਿਬ ਦੀ ਡਾਇਰੀ ਵਿੱਚ ਫਿਰ ਮੇਰਾ ਨਾਂ ਲਿਖਿਆ ਜਾਵੇਗਾ ਅਤੇ ਜੂਨ ਵਾਲੀਆਂ ਬਦਲੀਆਂ ਵਿੱਚ ਹੋ ਸਕਦਾ ਹੈ ਕਿਸੇ ਬੇਕਾਰ ਜਿਹੀ ਥਾਂ ’ਤੇ ਮੈਨੂੰ ਸੁੱਟ ਦੇਣ ਅਤੇ ਜਦ ਬੇਕਾਰ ਜਿਹੀ ਪੋਸਟ ਮਿਲਦੀ ਹੈ ਤਾਂ ਨਾ ਇੰਨਾ ਵੱਡਾ ਘਰ ਹੁੰਦਾ ਹੈ ਜਿੱਥੇ ਸਾਲ ਭਰ ਲਈ ਅਨਾਜ ਉਗਾਇਆ ਜਾ ਸਕੇ ਅਤੇ ਨਾ ਸਿਪਾਹੀਆਂ ਦੀ ਇੰਨੀ ਵੱਡੀ ਫ਼ੌਜ ਅਤੇ ਨਾ ਇਹ ਦਬਦਬਾ। ਨਾਲ ਦੇ ਅਫਸਰ ਚੁੱਪ-ਚਾਪ ਅੱਖਾਂ ਹੀ ਅੱਖਾਂ ਵਿੱਚ ਕਿਵੇਂ ਮਜ਼ਾਕ ਉਡਾਉਂਦੇ ਹਨ।
‘‘ਮੇਰੇ ਕਹਿਣ ਦਾ ਮਤਲਬ ਇਹ ਸੀ,’’ ਉਸ ਨੇ ਕੁਰਸੀ ਦੀ ਢੋਅ ਨਾਲ ਪਿੱਠ ਲਾ ਕੇ ਕਹਿਣਾ ਸ਼ੁਰੂ ਕੀਤਾ, ‘‘ਕਿ ਹੈੱਡ-ਕਾਂਸਟੇਬਲ ਰਾਮ ਅਵਤਾਰ ਨੂੰ ਇਸਦਾ ਤਜਰਬਾ ਵੀ ਹੈ?’’
‘‘ਹਜ਼ੂਰ!’’ ਥਾਣੇਦਾਰ ਦੀ ਆਵਾਜ਼ ਵਿੱਚ ਬੇਹੱਦ ਵਿਸ਼ਵਾਸ ਸੀ ਕਿਉਂਕਿ ਉਹ ਆਪਣੇ ਅਫਸਰ ਦੀ ਹਾਰ ਪੜ੍ਹ ਚੁੱਕਾ ਸੀ।
‘‘ਹਜ਼ੂਰ, ਦੀਵਾਨ ਜੀ ਰਾਮ ਅਵਤਾਰ ਪਿਛਲੇ ਪੁਲੀਸ ਕਪਤਾਨ ਸ੍ਰੀ ਵਰਮਾ ਵੇਲੇ ਇਕੱਲਾ ਹੀ ਪੰਜ ਵਾਰ ਇਹ ਕੰਮ ਕਰ ਚੁੱਕਾ ਹੈ। ਬਹੁਤ ਬਹਾਦਰ ਜਵਾਨ ਹੈ।’’
‘‘... ਪਰ ਕੀ ਇਹ ਮੁਨਾਸਬ ਹੋਵੇਗਾ ਕਿ ਮੁਲਜ਼ਮ ਯਾਨੀ ਇਸ ਡਾਕੂ ਨੂੰ ਸਾਡੀ ਹੀ ਕੋਠੀ ਵਿੱਚ ਮਾਰਿਆ ਜਾਵੇ?’’
‘‘ਸਰਕਾਰ, ਇਸ ਵਿੱਚ ਇੱਕ ਰਾਜਨੀਤੀ ਹੈ। ਮੁਕੱਦਮਾ ਇੰਜ ਬਣੇਗਾ ਕਿ ਮੁਲਜ਼ਮ ਆਪਣੇ ਗਰੋਹ ਨਾਲ ਕਪਤਾਨ ਸਾਹਿਬ ਦੀ ਕੋਠੀ ਰਾਤ ਨੂੰ ਪਹੁੰਚਿਆ ਜਿੱਥੇ ਥਾਣੇਦਾਰ ਕੰਚਨਗੜੀ ਡਕੈਤੀ ਅਤੇ ਕਤਲ ਕੇਸ ਦੀ ਚਰਚਾ ਕਰਨ ਗਏ ਹੋਏ ਸਨ। ਗਰੋਹ ਇਸ ਗੱਲ ਦੀ ਟੋਹ ਲੈਣਾ ਚਾਹੁੰਦਾ ਸੀ ਕਿ ਪੁਲੀਸ ਕਪਤਾਨ ਨੇ ਕੀ ਹੁਕਮ ਦਿੱਤੇ ਹਨ। ਕਿਉਂਕਿ ਕਪਤਾਨ ਸਾਹਿਬ ਨੇ ਪੂਰੇ ਇਲਾਕੇ ਨੂੰ ਕਲੀਅਰ ਕਰਨ ਦੇ ਹੁਕਮ ਦਿੱਤੇ ਸਨ, ਇਸ ਲਈ ਅਚਾਨਕ ਕਪਤਾਨ ਸਾਹਿਬ ’ਤੇ ਜਾਨੀ ਹਮਲਾ ਹੋਇਆ। ਨੌਕਰ ਭੱਜੇ। ਉਨ੍ਹਾਂ ਦੇ ਪਿੱਛੇ-ਪਿੱਛੇ ਥਾਣੇਦਾਰ ਕੰਚਨਗੜੀ ਅਤੇ ਦੀਵਾਨ ਰਾਮ ਅਵਤਾਰ ਭੱਜੇ। ਬਾਕੀ ਬੰਦੇ ਅਸਲਾ, ਕੁਝ ਖ਼ਾਲੀ ਕਾਰਤੂਸ ਅਤੇ ਜੁੱਤੀਆਂ ਛੱਡ ਕੇ ਭੱਜਣ ਵਿੱਚ ਸਫ਼ਲ ਹੋ ਗਏ। ਪਰ ਹਮਲਾ ਕਰਨ ਵਾਲੇ ਸ਼ਾਮ ਸੁੰਦਰ ਉਰਫ਼ ਸ਼ਾਮੂ ਨੂੰ ਦੀਵਾਨ ਰਾਮ ਅਵਤਾਰ ਨੇ ਮੁਕਾਬਲੇ ਵਿੱਚ ਮਾਰ ਕੇ ਡੇਗ ਲਿਆ।’’
ਇੰਨਾ ਕਹਿ ਕੇ ਥਾਣੇਦਾਰ ਨੇ ਪੁਲੀਸ ਕਪਤਾਨ ਨੂੰ ਦੇਖਿਆ। ਕਪਤਾਨ ਨੇ ਦੇਖਿਆ ਕਿ ਹਨੇਰੇ ਵਿੱਚ ਉਸ ਦੇ ਦੰਦ ਚਮਕ ਰਹੇ ਹਨ। ‘‘ਹੋ ਸਕਦਾ ਹੈ ਡੀ.ਆਈ.ਜੀ. ਸਾਹਿਬ ਹੈੱਡ ਕਾਂਸਟੇਬਲ ਰਾਮ ਅਵਤਾਰ ਨੂੰ ਇਸ ਬਹਾਦਰੀ ਲਈ ਪੰਜ ਸੌ ਰੁਪਏ ਇਨਾਮ ਵੀ ਦੇ ਦੇਣ।’’ ਉਸ ਦੇ ਦੰਦ ਫਿਰ ਚਮਕੇ।
‘‘ਜੁੱਤੀਆਂ ਅਤੇ ਦੇਸੀ ਪਿਸਤੌਲ ਦਾ ਪ੍ਰਬੰਧ ਹੋ ਗਿਆ ਹੈ?’’
‘‘ਜੀ ਹਜ਼ੂਰ! ਸਿਪਾਹੀ ਬਲਦੇਵ ਕੋਲ ਝੋਲੇ ਵਿੱਚ ਸਾਰਾ ਸਾਮਾਨ ਮੌਜੂਦ ਹੈ।’’
ਜੀਪ ਨੇ ਮੋੜ ਕੱਟਿਆ। ਵਰਾਂਡੇ ਕੋਲ ਆ ਕੇ ਬਰੇਕ ਲੱਗੇ ਅਤੇ ਹੈੱਡਲਾਈਟਾਂ ਬੁਝ ਗਈਆਂ।
ਦੀਵਾਨ ਰਾਮ ਅਵਤਾਰ ਪੁਲੀਸ ਦੀ ਵਰਦੀ ਪਾਈ ਉਤਰਿਆ। ਖ਼ਟ-ਖ਼ਟ ਕਰਦਾ ਤੁਰਿਆ, ਮੁਲਜ਼ਮ ਸ਼ਾਮ ਸੁੰਦਰ ਨੂੰ ਇੱਕ ਨਜ਼ਰ ਦੇਖਿਆ ਅਤੇ ਕਪਤਾਨ ਦੇ ਸਾਹਮਣੇ ਆ ਕੇ ਠੋਕ ਕੇ ਸਲੂਟ ਮਾਰਿਆ ਅਤੇ ਅਟੈਂਸ਼ਨ ਖੜ੍ਹਾ ਹੋ ਗਿਆ।
‘‘ਆਰਾਮ ਨਾਲ।’’ ਪੁਲੀਸ ਕਪਤਾਨ ਨੇ ਆਪਣੀ ਆਦਤ ਅਨੁਸਾਰ ਕਿਹਾ।
‘‘ਬਾਹਰ ਬੜੀ ਭੀੜ ਹੈ। ਪਿੰਡ ਵਾਲੇ ਲੱਕੜਬੱਗਾ ਫੜ ਕੇ ਲਿਆਏ ਹਨ, ਉਹ ਛੁੱਟ ਗਿਆ ਹੈ ਅਤੇ ਸਾਹਿਬ ਦੀ ਕੋਠੀ ਦੇ ਅੰਦਰ ਹੀ ਹੈ।’’ ਰਾਮ ਅਵਤਾਰ ਨੇ ਸਰੀਰ ਢਿੱਲਾ ਛੱਡਦੇ ਹੋਏ ਕਿਹਾ।
‘‘ਕੀ? ਕੰਧ ਟੱਪ ਕੇ ਅੰਦਰ ਆਇਆ ਹੈ?’’ ਪੁਲੀਸ ਕਪਤਾਨ ਨੇ ਹੈਰਾਨੀ ਨਾਲ ਪੁੱਛਿਆ।
‘‘ਨਹੀਂ ਹਜ਼ੂਰ। ਪਹਿਰੇ ਦੇ ਸਿਪਾਹੀ ਨੇ ਦੱਸਿਆ ਹੈ ਕਿ ਮੇਨ ਗੇਟ ਰਾਹੀਂ ਅੰਦਰ ਵੜਿਆ ਹੈ।’’ ਥਾਣੇਦਾਰ ਕੰਚਨਗੜੀ ਦੇ ਦੰਦ ਫਿਰ ਚਮਕੇ।
ਪੁਲੀਸ ਕਪਤਾਨ ਕੁਰਸੀ ਤੋਂ ਅੱਧਾ ਉੱਠ ਚੁੱਕਾ ਸੀ। ਇਸ ਵਾਕ ’ਤੇ ਪਲ ਭਰ ਠਿਠਕਿਆ, ਫਿਰ ਸਿੱਧਾ ਖੜ੍ਹਾ ਹੋ ਕੇ ਬੋਲਿਆ, ‘‘ਮੈਂ ਦੇਖਦਾ ਹਾਂ। ਭੀੜ ਕੋਠੀ ਦੇ ਅੰਦਰ ਨਾ ਆ ਜਾਵੇ।’’
‘‘ਤੁਸੀਂ ਬੈਠੋ ਸਰਕਾਰ। ਭੀੜ ਮੈਂ ਸਾਂਭਦਾ ਹਾਂ।’’ ਥਾਣੇਦਾਰ ਬੋਲਿਆ।
‘‘ਨਹੀਂ।’’ ਪੁਲੀਸ ਕਪਤਾਨ ਨੇ ਤਕਰੀਬਨ ਝਿੜਕਣ ਵਾਲੇ ਅੰਦਾਜ਼ ਵਿੱਚ ਇਸ ਤਰ੍ਹਾਂ ਕਿਹਾ ਜਿਵੇਂ ਅਫਸਰ ਕਹਿੰਦੇ ਹਨ ਕਿਉਂਕਿ ਅਹੁਦੇ ਅਤੇ ਤਜਰਬੇ ਨੇ ਇੰਨਾ ਸਿਖਾ ਦਿੱਤਾ ਸੀ ਕਿ ਜਿਸ ਕੰਮ ਨਾਲ ਕਿਸੇ ਨੂੰ ਕੋਈ ਆਰਥਿਕ ਨੁਕਸਾਨ ਨਾ ਪਹੁੰਚ ਰਿਹਾ ਹੋਵੇ, ਉਸ ਬਾਰੇ ਲਹਿਜਾ ਕਿੰਨਾ ਵੀ ਬੁਰਾ ਅਤੇ ਨਾਪਸੰਦੀ ਵਾਲਾ ਕਿਉਂ ਨਾ ਹੋਵੇ, ਮਾਤਹਿਤ ਬੁਰਾ ਨਹੀਂ ਮੰਨਦੇ ਅਤੇ ਬੁਰਾ ਮੰਨ ਵੀ ਜਾਣ ਤਾਂ ਉਸ ਦੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ। ਫਿਰ ਅਜਿਹੇ ਮੌਕੇ ’ਤੇ ਲਹਿਜੇ ਨੂੰ ਕੁਰੱਖ਼ਤ ਕਰਨ ਨਾਲ ਅਫਸਰੀ ਨੂੰ ਤਸਕੀਨ ਮਿਲਦੀ ਹੈ।
‘‘ਤੁਸੀਂ ਇਹ ਕੰਮ ਨਿਬੇੜੋ।’’ ਉਸ ਨੇ ਮੁਲਜ਼ਮ ਵੱਲ ਦੇਖਦੇ ਹੋਏ ਕਿਹਾ।
ਇਹ ਸੁਣ ਕੇ ਮੁਲਜ਼ਮ ਦਾ ਸਰੀਰ ਕੰਬਣ ਲੱਗਾ। ਉਸ ਨੇ ਮੁਲਜ਼ਮ ਦੀਆਂ ਅੱਖਾਂ ਵੱਲ ਧਿਆਨ ਨਾਲ ਦੇਖਿਆ। ਉਸ ਦਾ ਚਿਹਰਾ ਧੁੰਦਲੀ ਰੋਸ਼ਨੀ ਵਿੱਚ ਸੀ। ਇਸ ਲਈ ਉਹ ਉਸ ਦੀਆਂ ਅੱਖਾਂ ਨਹੀਂ ਦੇਖ ਸਕਿਆ।
ਉਹ ਇੱਕ ਝਟਕੇ ਨਾਲ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਗੇਟ ’ਤੇ ਸਿਪਾਹੀ ਭੀੜ ਨੂੰ ਰੋਕੀ ਖੜ੍ਹਾ ਸੀ ਅਤੇ ਚੀਕ-ਚੀਕ ਕੇ ਕਹਿ ਰਿਹਾ ਸੀ, ‘‘ਫ਼ਿਕਰ ਨਾ ਕਰੋ ਕੰਧ ਬਹੁਤ ਉੱਚੀ ਹੈ। ਨਿਕਲ ਨਹੀਂ ਸਕੇਗਾ।’’
‘‘ਮੈਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਦਲੇਰੀ ਤੋਂ ਕੰਮ ਲੈ ਕੇ ਇਸ ਖ਼ੂਨੀ ਲੱਕੜਬੱਗੇ ਨੂੰ ਜ਼ਿੰਦਾ ਫੜ ਲਿਆ ਹੈ।’’ ਪੁਲੀਸ ਕਪਤਾਨ ਇਹ ਕਹਿ ਕੇ ਰੁਕਿਆ ਅਤੇ ਫਾਟਕ ਨਾਲ ਲੱਗੀ ਭੀੜ ’ਤੇ ਇੱਕ ਨਜ਼ਰ ਮਾਰ ਕੇ ਦਿਲ ਹੀ ਦਿਲ ਵਿੱਚ ਬਹੁਤ ਖ਼ੁਸ਼ ਹੋਇਆ ਕਿ ਉਸ ਦੇ ਬੋਲਦਿਆਂ ਹੀ ਭੀੜ ਇੰਝ ਖ਼ਾਮੋਸ਼ ਹੋ ਗਈ ਜਿਵੇਂ ਸੱਪ ਸੁੰਘ ਗਿਆ ਹੋਵੇ।
‘‘ਹੁਣ ਤੁਸੀਂ ਰੌਲਾ ਨਾ ਪਾਓ। ਬਾਹਰ ਕੰਧ ਦੇ ਕੋਲ ਡਾਂਗਾਂ ਲੈ ਕੇ ਖੜ੍ਹੇ ਹੋ ਜਾਓ। ਜੇ ਲੱਕੜਬੱਗਾ ਭੱਜਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਬਾਹਰ ਨਾ ਨਿਕਲਣ ਦਿਉ। ਉਹ ਖ਼ੂਨੀ ਹੁਣ ਬਚ ਕੇ ਨਹੀਂ ਜਾ ਸਕਦਾ। ਕੰਧ ਦੇ ਕੋਲ ਇੱਕ-ਇੱਕ ਗਜ਼ ਦੀ ਦੂਰੀ ’ਤੇ ਜੰਮ ਜਾਉ।
ਭੀੜ ਸੱਜੇ ਪਾਸੇ ਦੀ ਕੰਧ ਦੇ ਨਾਲ-ਨਾਲ ਖੜ੍ਹੀ ਹੋਣ ਲਈ ਅੱਗੇ ਵਧੀ।
‘‘ਅਤੇ ਦੇਖੋ ਰਾਮ ਅਵਤਾਰ ਦੀਵਾਨ ਜੀ।’’ ਥਾਣੇਦਾਰ ਕੰਚਨਗੜੀ ਨੇ ਦੇਸੀ ਸ਼ਰਾਬ ਦੀ ਬੋਤਲ ਦਾ ਡੱਟ ਖੋਲ੍ਹ ਕੇ ਬੋਤਲ ਉਸ ਨੂੰ ਦਿੰਦੇ ਹੋਏ ਕਿਹਾ, ‘‘ਜਦ ਇਹ ਦਸ ਗਜ਼ ਭੱਜ ਲਵੇ ਤਾਂ ਫਾਇਰ ਕਰ ਦਿਉ। ਬਲਦੇਵ, ਤੂੰ ਝੋਲੇ ਵਿੱਚੋਂ ਜੁੱਤੀਆਂ ਕੱਢ ਲੈ! ਜਿੱਥੋਂ ਇਹ ਭੱਜੇ ਉੱਥੇ ਸੁੱਟ ਦੇਵੀਂ। ਖ਼ਾਲੀ ਕਾਰਤੂਸ ਅਤੇ ਕੱਟਾ ਵੀ ਉੱਥੇ ਹੀ ਸੁੱਟ ਦੇਵੀਂ।’’
ਢਿੱਲੇ-ਢਿੱਲੇ ਕਦਮ ਰੱਖਦਾ, ਸਿਪਾਹੀਆਂ ਦੇ ਪੰਜਿਆਂ ਦੇ ਮਜ਼ਬੂਤ ਸ਼ਿਕੰਜਿਆਂ ਵਿੱਚ ਕੱਸਿਆ ਮੁਲਜ਼ਮ ਉੱਥੋਂ ਤੱਕ ਤੁਰਿਆ ਜਿੱਥੋਂ ਤੱਕ ਸਿਪਾਹੀ ਉਸ ਨੂੰ ਲੈ ਗਏ। ਕਣਕ ਦੇ ਖੇਤ ਦੀ ਵੱਟ ਆ ਗਈ ਸੀ।
‘‘ਰਾਮ ਅਵਤਾਰ, ਇਹ ਭੱਜ ਕੇ ਕੋਠੀ ਦੇ ਉਧਰਲੇ ਹਿੱਸੇ ਦੇ ਖੇਤਾਂ ਵੱਲ ਨਾ ਜਾ ਸਕੇ। ਧਿਆਨ ਰਹੇ।’’ ਥਾਣੇਦਾਰ ਬੋਲਿਆ।
‘‘ਤੁਸੀਂ ਚਿੰਤਾ ਨਾ ਕਰੋ ਸਰਕਾਰ। ਰਾਮ ਅਵਤਾਰ ਅਨਾੜੀ ਨਹੀਂ ਹੈ। ਹੁਣ ਇਹ ਬਚ ਕੇ ਕਿੱਥੇ ਜਾਵੇਗਾ?’’
ਰਾਮ ਅਵਤਾਰ ਨੇ ਬੋਤਲ ਖ਼ਾਲੀ ਕਰਦਿਆਂ ਕਿਹਾ ਅਤੇ ਬੋਤਲ ਕੋਲ ਖੜ੍ਹੇ ਸਿਪਾਹੀ ਦੇ ਝੋਲੇ ਵਿੱਚ ਪਾ ਦਿੱਤੀ, ਜਿਸ ਵਿੱਚੋਂ ਹੁਣੇ-ਹੁਣੇ ਜੁੱਤੀਆਂ, ਖਾਲੀ ਕਾਰਤੂਸ ਅਤੇ ਦੇਸੀ ਪਿਸਤੌਲ ਕੱਢ ਕੇ ਜ਼ਮੀਨ ’ਤੇ ਖ਼ਿਲਾਰ ਦਿੱਤੇ ਗਏ ਸਨ। ਦੀਵਾਨ ਜੀ ਰਾਮ ਅਵਤਾਰ ਨੇ ਰਾਈਫਲ ਲੋਡ ਕੀਤੀ।
‘‘ਹੁਣ ਤੁਸੀਂ ਬਾਊਂਡਰੀ ਦੀ ਕੰਧ ਦੇ ਕੋਲ ਹੁਸ਼ਿਆਰੀ ਨਾਲ ਖੜ੍ਹੇ ਹੋ ਜਾਉ।’’ ਪੁਲੀਸ ਕਪਤਾਨ ਨੇ ਚੀਕ ਕੇ ਕਿਹਾ ਅਤੇ ਹੌਲੀ ਜਿਹੀ ਕੋਲ ਖੜ੍ਹੇ ਪਹਿਰੇ ਦੇ ਸਿਪਾਹੀ ਨੂੰ ਬੋਲਿਆ, ‘‘ਲੱਕੜਬੱਗਾ ਕੋਠੀ ਦੇ ਉੱਧਰਲੇ ਹਿੱਸੇ ਵੱਲ ਨਾ ਭੱਜ ਸਕੇ। ਧਿਆਨ ਰੱਖੀਂ। ਰਾਈਫਲ ਲੋਡ ਕਰ ਲੈ।’’
ਅਚਾਨਕ ਠੰਢੀ ਹਵਾ ਦਾ ਇੱਕ ਤੇਜ਼ ਬੁੱਲ੍ਹਾ ਆਇਆ ਅਤੇ ਪੁਲੀਸ ਕਪਤਾਨ ਦੀ ਰੀੜ੍ਹ ਦੀ ਹੱਡੀ ਨੂੰ ਠੰਢਾ ਕਰਦਾ ਹੋਇਆ ਕਣਕ ਦੇ ਉਨ੍ਹਾਂ ਖੇਤਾਂ ਵਿੱਚ ਵੜ ਗਿਆ ਜਿੱਥੇ ਲੱਕੜਬੱਗਾ ਲੁਕਿਆ ਹੋਇਆ ਸੀ।
ਤੇਜ਼ ਹਵਾ ਵਿੱਚੋਂ ਹਿਲਦੇ ਪੌਦਿਆਂ ਵਿੱਚੋਂ ਰਾਹ ਬਣਾਉਂਦਾ, ਚਟਚਟ ਕਰਦਾ ਲੱਕੜਬੱਗਾ ਖੇਤ ਦੇ ਉਸ ਹਿੱਸੇ ਵਿੱਚ ਆ ਗਿਆ ਜਿੱਥੇ ਫ਼ਸਲ ਘੱਟ ਸੰਘਣੀ ਸੀ। ਗੁਲਾਬ ਦੇ ਕਿਸੇ ਪੌਦੇ ਦੇ ਕੰਡਿਆਂ ਵਿੱਚ ਉਲਝ ਕੇ ਮੂੰਹ ’ਤੇ ਬੰਨ੍ਹਿਆ ਛਿੱਕਾ ਪਹਿਲਾਂ ਹੀ ਕਿਤੇ ਡਿੱਗ ਚੁੱਕਾ ਸੀ। ਉਸਨੇ ਰੁਕ ਕੇ ਕੰਨ ਖੜ੍ਹੇ ਕਰਕੇ ਉਨ੍ਹਾਂ ਦੀਆਂ ਨੋਕਾਂ ਦੇ ਸਿਰੇ ਚਾਰਦੀਵਾਰੀ ਵੱਲ ਕਰ ਦਿੱਤੇ ਜਿਸ ਦੇ ਦੂਜੇ ਪਾਸਿਓਂ ਅਜੇ ਹੁਣੇ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਅਚਾਨਕ ਉਸਨੂੰ ਆਪਣੇ ਪਿੱਛੇ ਕੁਝ ਸਰਸਰਾਹਟ ਸੁਣਾਈ ਦਿੱਤੀ। ਸਰੀਰ ਨੂੰ ਬਗੈਰ ਮੋੜਿਆਂ ਧੌਣ ਘੁਮਾ ਕੇ ਦੇਖਿਆ। ਦੋ ਪਰਛਾਵੇਂ ਥੋੜ੍ਹੀ ਹੀ ਵਿੱਥ ’ਤੇ ਖੜ੍ਹੇ ਸਨ ਅਤੇ ਖੇਤ ਵਿੱਚ ਕੁਝ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਨਸਾਨੀ ਆਵਾਜ਼ ਵਿੱਚ ਕਿਹਾ ਗਿਆ ਸੀ, ‘‘ਲੱਕ ’ਤੇ ਲੱਤ ਮਾਰ ਕੇ ਇਸ ਨੂੰ ਭਜਾ ਰਾਮ ਅਵਤਾਰ।’’
ਰਾਮ ਅਵਤਾਰ ਰਾਈਫਲ ਸਾਂਭੀ, ਗਾਲ੍ਹਾਂ ਕੱਢਦਾ ਉਸ ਵੱਲ ਵਧਿਆ। ਮੁਲਜ਼ਮ ਦਾ ਚਿਹਰਾ ਉਨ੍ਹਾਂ ਵੱਲ ਨਹੀਂ ਸੀ। ਇਸ ਲਈ ਕੰਨ ਜਾਨ ਬਣ ਗਏ ਸਨ। ਉਸ ਨੇ ਬਹੁਤ ਅਸ਼ਪੱਸ਼ਟ ਸੁਣਿਆ ਕਿ ਥਾਣੇਦਾਰ ਅਤੇ ਦੀਵਾਨ ਜੀ ਰਾਮ ਅਵਤਾਰ ਦੇ ਮੂੰਹ ਵਿੱਚੋਂ ਜਾਨਵਰਾਂ ਵਰਗੀਆਂ ਆਵਾਜ਼ਾਂ ਨਿਕਲ ਰਹੀਆਂ ਸਨ।
ਲੱਕ ’ਤੇ ਲੱਤ ਵੱਜਣ ਕਾਰਨ ਮੁਲਜ਼ਮ ਅੱਗੇ ਵੱਲ ਝਟਕੇ ਨਾਲ ਡਿੱਗਦਾ ਡਿੱਗਦਾ ਬਚਿਆ ਅਤੇ ਪੂਰੇ ਜ਼ੋਰ ਨਾਲ ਭੱਜ ਪਿਆ। ਇਸ ਆਸ ਨਾਲ ਕਿ ਸ਼ਾਇਦ ਚਾਰਦੀਵਾਰੀ ਟੱਪ ਸਕੇ।
ਲੱਕੜਬੱਗੇ ਨੇ ਉਨ੍ਹਾਂ ਪਰਛਾਵਿਆਂ ਵੱਲ ਮੁੜ ਕੇ ਦੇਖਿਆ।
ਕਪਤਾਨ ਪੁਲੀਸ ਨੇ ਰਿਵਾਲਵਰ ਵਾਲੇ ਹੱਥ ਨਾਲ ਸਿਪਾਹੀ ਨੂੰ ਇਸ਼ਾਰਾ ਕੀਤਾ। ਸਿਪਾਹੀ ਨੇ ਰਾਈਫਲ ਸਿੱਧੀ ਕੀਤੀ। ਲੱਕੜਬੱਗਾ ਧੌਣ ਘੁਮਾ ਕੇ ਚਟ-ਚਟ ਕਰਦਾ ਪੂਰੀ ਤਾਕਤ ਕਣਕ ਨਾਲ ਦੇ ਬੂਟਿਆਂ ਵਿੱਚ ਉਲਝਦਾ ਭੱਜਦਾ ਕੰਧ ਤੱਕ ਪਹੁੰਚਿਆ।
‘‘ਫਾਇਰ।’’ ਪੁਲੀਸ ਕਪਤਾਨ ਪੂਰੇ ਜ਼ੋਰ ਨਾਲ ਚੀਕਿਆ।
ਠੰਢ ਦੀ ਖ਼ਾਮੋਸ਼ ਰਾਤ ਕਈ ਫਾਇਰਾਂ ਦੀ ਆਵਾਜ਼ ਨਾਲ ਗੂੰਜ ਗਈ। ਰੁੱਖਾਂ ’ਤੇ ਬਸੇਰਾ ਕਰਨ ਵਾਲੇ ਪਰਿੰਦੇ ਘਬਰਾ ਕੇ ਉੱਡੇ ਅਤੇ ਦੇਰ ਤੱਕ ਬੋਲਦੇ ਅਤੇ ਰੁੱਖਾਂ ਦੇ ਪੱਤਿਆਂ ਤੇ ਟਹਿਣੀਆਂ ਨਾਲ ਉਲਝਦੇ ਰਹੇ। ਰਾਮ ਅਵਤਾਰ ਨੇ ਫੂਕ ਮਾਰ ਕੇ ਰਾਈਫਲ ਦਾ ਧੂੰਆਂ ਸਾਫ਼ ਕੀਤਾ ਅਤੇ ਖੇਤਾਂ ਵਿੱਚ ਫੜਕਦੇ ਮੁਲਜ਼ਮ ’ਤੇ ਇੱਕ ਨਜ਼ਰ ਮਾਰੀ।
ਪਹਿਰੇ ਦੇ ਸਿਪਾਹੀ ਨੇ ਦੁਬਾਰਾ ਬੋਲਟ ਕੀਤਾ ਅਤੇ ਭੱਜੇ ਜਾਂਦੇ ਲੱਕੜਬੱਗੇ ’ਤੇ ਫਾਇਰ ਕੀਤਾ। ਇਸ ਵਾਰ ਵੀ ਨਿਸ਼ਾਨਾ ਖੁੰਝਿਆ। ਲੱਕੜਬੱਗਾ ਕੰਧ ਦੇ ਕੋਲ ਪਹੁੰਚ ਕੇ ਇੱਕ ਪਲ ਠਿਠਕਿਆ ਅਤੇ ਪੂਰੇ ਜ਼ੋਰ ਨਾਲ ਕੰਧ ਟੱਪਣ ਲਈ ਛਾਲ ਮਾਰ ਦਿੱਤੀ।
ਪੁਲੀਸ ਕਪਤਾਨ ਤੇਜ਼ੀ ਨਾਲ ਮੁੜਿਆ ਅਤੇ ਫਾਟਕ ਪਾਰ ਕਰਕੇ ਕੰਧ ਦੇ ਪਿੱਛੇ ਜਾ ਕੇ ਦੇਖਿਆ। ਡਾਂਗਾਂ ਲਈ ਲੋਕ ਉਸ ’ਤੇ ਟੁੱਟ ਪਏ ਸਨ ਅਤੇ ਉਹ ਪਿੱਠ ਭਾਰ ਪਿਆ ਤੜਫ਼ ਰਿਹਾ ਸੀ। ਉਸ ਨੇ ਲੱਕੜਬੱਗੇ ’ਤੇ ਨਜ਼ਰ ਮਾਰੀ। ਚਿਹਰੇ ਦਾ ਪਸੀਨਾ ਪੂੰਝਦਿਆਂ ਤੇਜ਼ੀ ਨਾਲ ਪਿੱਛੇ ਮੁੜਿਆ ਅਤੇ ਭੱਜ ਕੇ ਅੰਦਰ ਆ ਕੇ ਪਹਿਰੇ ’ਤੇ ਖੜ੍ਹੇ ਸਿਪਾਹੀ ਨੂੰ ਹੁਕਮ ਦਿੱਤਾ, ‘‘ਜਾ ਕੇ ਦੇਖ, ਲੱਕੜਬੱਗਾ ਮਰਿਆ ਕਿ ਨਹੀਂ। ਗੇਟ ਦੇ ਅੰਦਰ ਕਿਸੇ ਨੂੰ ਨਾ ਆਉਣ ਦੇਈਂ।’’
ਰਿਵਾਲਵਰ ਜੇਬ ਵਿੱਚ ਤੁੰਨਦਿਆਂ ਕਾਹਲੇ ਪੈਰੀਂ ਉਹ ਆਪਣੇ ਦਫ਼ਤਰ ਵਿੱਚ ਵੜਿਆ। ਕੁਰਸੀ ’ਤੇ ਖ਼ੁਦ ਨੂੰ ਸੁੱਟ ਕੇ ਅੱਖਾਂ ਬੰਦ ਕਰਕੇ ਉਸ ਨੇ ਸੋਚਿਆ ਕਿ ਜਦ ਲੱਕੜਬੱਗੇ ’ਤੇ ਫਾਇਰ ਹੋਇਆ ਸੀ ਤਾਂ ਕੋਠੀ ਦੇ ਉਸ ਪਾਸਿਓਂ ਵੀ ਫਾਇਰ ਦੀ ਆਵਾਜ਼ ਸੁਣੀ ਸੀ। ਉਸ ਨੂੰ ਸੰਘ ਵਿੱਚ ਸਾਹ ਘੁੱਟਦਾ ਹੋਇਆ ਮਹਿਸੂਸ ਹੋਇਆ। ਅੱਖਾਂ ਖੋਲ੍ਹੀਆਂ। ਸਾਹਮਣੇ ਥਾਣੇਦਾਰ ਕੰਚਨਗੜੀ, ਦੀਵਾਨ ਜੀ ਰਾਮ ਅਵਤਾਰ ਅਤੇ ਦੋਵੇਂ ਸਿਪਾਹੀ ਅਟੈਨਸ਼ਨ ਖੜ੍ਹੇ ਸਨ।
‘‘ਕੀ ਮਰਨ ਵੇਲੇ ਉਹ ਰੋ ਰਿਹਾ ਸੀ?’’
‘‘ਹਾਂ ਸਰਕਾਰ।’’ ਦਫ਼ਤਰ ਵਿੱਚ ਵੜਦਿਆਂ ਪਹਿਰੇ ਦੇ ਸਿਪਾਹੀ ਨੇ ਕਿਹਾ ਜਿਸ ਦੇ ਚਿਹਰੇ ’ਤੇ ਖੌਫ਼ ਦੇ ਆਸਾਰ ਸਨ ਅਤੇ ਤੇਜ਼-ਤੇਜ਼ ਸਾਹ ਲੈ ਰਿਹਾ ਸੀ।
‘‘ਹਾਂ ਸਰਕਾਰ। ਉਹ ਰੋ ਰਿਹਾ ਸੀ। ਮਰਦਿਆਂ ਮਰਦਿਆਂ ਉਹ ਰੋ ਰਿਹਾ ਸੀ। ਪਿੰਡ ਵਾਲੇ ਕਹਿ ਰਹੇ ਸਨ ਕਿ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਨੇ ਕਦੇ ਰੋਂਦਿਆਂ ਨਹੀਂ ਦੇਖਿਆ। ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਦੇਖਿਆ ਸਰਕਾਰ, ਉਹ ਮਰ ਰਿਹਾ ਸੀ ਅਤੇ ਉਸ ਦਾ ਸੀਨਾ ਜ਼ੋਰ-ਜ਼ੋਰ ਨਾਲ ਹਿੱਲ ਰਿਹਾ ਸੀ ਅਤੇ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਬੇਆਵਾਜ਼ ਵਹਿ ਰਹੀ ਸੀ।’’
ਪੁਲੀਸ ਕਪਤਾਨ ਕੁਰਸੀ ਤੋਂ ਉੱਠਿਆ, ਮੇਜ਼ ’ਤੇ ਚੜ੍ਹਿਆ ਅਤੇ ਚਾਰਾਂ ਹੱਥਾਂ ਪੈਰਾਂ ਨਾਲ ਮੇਜ਼ ’ਤੇ ਖੜ੍ਹਾ ਹੋ ਕੇ ਛੱਤ ਵੱਲ ਧੌਣ ਚੁੱਕ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਾ।

Advertisement
Advertisement