ਕਾਵਿ ਕਿਆਰੀ
ਦੋਸ਼ੀ ਕੌਣ ?
ਲਖਵਿੰਦਰ ਸਿੰਘ ਬਾਜਵਾ
ਬੀਜ ਬੀਜ ਕੇ ਕਿਸ ਨਫ਼ਰਤ ਦਾ, ਮਹੁਰਾ ਮਨੀਂ ਉਗਾਇਆ।
ਕਿਹੜਾ ਹੈ ਇਹ ਮਾਨਵਤਾ ਦੇ, ਲਹੂਆਂ ਦਾ ਤਿਰਹਾਇਆ।
ਸੂਰਜ ਕਿਰਨਾਂ ਲੱਜਿਤ ਹੋਈਆਂ, ਦੇ ਕੇ ਉਹਨੂੰ ਗਰਮੀ,
ਚੰਨ ਰਿਸ਼ਮਾਂ ਦੀ ਠੰਢਕ ਦੇ ਕੇ, ਹੋਵੇਗਾ ਪਛਤਾਇਆ।
ਨਿੱਤਰੇ ਨਿਰਮਲ ਜਲ ਦੇ ਅੰਦਰ, ਗਾਦ ਜ਼ਹਿਰ ਕਿਸ ਘੋਲੀ,
ਨਿਰਦੋਸ਼ਾਂ ਦੀ ਜਿੰਦ ਤੇ ਜਿਹੜਾ, ਪਿਆ ਮੌਤ ਦਾ ਸਾਇਆ।
ਇਹ ਤਖਤਾਂ ਦੇ ਗੰਦੇ ਆਂਡੇ, ਅਮਰ ਕਿਓਂ ਕਰ ਹੋਏ,
ਅਮਰ ਕਥਾ ਦਾ ਪਾਰਵਤੀ ਨੂੰ, ਕਿਸ ਫਿਰ ਪਾਠ ਸੁਣਾਇਆ।
ਮਾਰਨ ਲਈ ਸੰਵੇਦਨ ਮਨ ਚੋਂ, ਫ਼ਿਰਕੂ ਕਾੜ੍ਹ ਦੁਸ਼ਾਂਦਾ,
ਧਰਮ ਕਰਮ ਦਾ ਸ਼ਹਿਦ ਰਲਾ ਕੇ, ਕਿਸਨੇ ਬੈਠ ਪਿਆਇਆ।
ਫਿਰ ਕਿਸ ਅੰਨ੍ਹੇ ਧ੍ਰਿਤਰਾਸ਼ਟਰ, ਬਾਤ ਕਨਕ ਦੀ ਮੰਨੀ,
ਕਿਸ ਰਾਜੇ ਵਿਸ਼ਕੰਨਿਆ ਪਾਲੀ, ਡੱਸਦੀ ਫਿਰੇ ਰਿਆਇਆ।
ਕੀ ਕੇਵਲ ਜੰਨਤ ਹੂਰਾਂ ਦਾ, ਲਾਲਚ ਹੈ ਇਸ ਪਿੱਛੇ?
ਕਿਸ ਲਾਲਚ ਦੇ ਪਿੱਛੇ ਉਨ੍ਹਾਂ, ਘੋਰ ਉਪੱਦਰ ਚਾਇਆ।
ਕਿਸ ਨੇ ਧਰਤੀ ਮਾਂ ਦਾ ਪੱਲਾ, ਰੰਗਣ ਦੇ ਲਈ ਸੂਹਾ,
ਬੇਦੋਸ਼ਾਂ ਦਾ ਖ਼ੂਨ ਪਵਿੱਤਰ ਕਾਇਰਾਂ ਹੱਥ ਚੁਆਇਆ।
ਪੁੱਛ ਰਿਹਾ ਇੱਕ ਬੇਬਸ ਬੱਚਾ, ਲਾਸ਼ ਪਿਓ ਦੀ ਤੱਕ ਕੇ,
ਆਦਮਖੋਰ ਆਦਮੀ ਕਰ ਕੇ, ਕੀ ਤੇਰੇ ਹੱਥ ਆਇਆ।
ਜੰਨਤ ਨੂੰ ਕਬਜ਼ਾਉਣ ਵਾਸਤੇ, ਮਸਲ ਰਿਹਾ ਜੋ ਬੰਦੇ,
ਕਿਓਂ ਮਹਿਖਾਸੁਰ ਤੇ ਇੰਦਰ ਨੇ, ਖ਼ੂਨੀ ਯੁੱਧ ਮਚਾਇਆ।
ਕਿਓਂ ਅਮਨ ਦੀ ਘੁੱਗੀ ਤਾਈਂ, ਕਾਗ ਸਮੇਂ ਦੇ ਨੋਚਣ,
ਕਿਓਂ ਇਤਿਹਾਸ ਜ਼ੁਲਮ ਦਾ ਜਾਏ, ਮੁੜ ਮੁੜ ਕੇ ਦੁਹਰਾਇਆ।
ਦੋ ਪਲ ਹੰਝੂ ਮਗਰਮੱਛ ਦੇ, ਕੇਰ ਫੇਰ ਚੁੱਪ ਵੱਟਣੀ,
ਇਹ ਕਿਹੜਾ ਪ੍ਰਚਾਉਣੀ ਦਾ ਢੰਗ, ਜੋ ਇਨ੍ਹਾਂ ਅਪਣਾਇਆ।
ਜਦ ਦਾ ਬੰਦਾ ਹਲਕਾ ਹੋਇਆ, ਸੱਤਾ ਦੌਲਤਾਂ ਪਿੱਛੇ,
ਇਹ ਦਹਿਸ਼ਤ ਦਾ ਸ਼ਬਦਕੋਸ਼ ਵਿੱਚ, ਸ਼ਬਦ ਤਦੋਂ ਦਾ ਆਇਆ।
ਜਿੰਨਾ ਚਿਰ ਮਾਨਵ ਦੇ ਮਨ ਚੋਂ, ਫ਼ਿਰਕੂ ਦੈਂਤ ਨਾ ਮਰਦਾ,
ਓਨਾ ਚਿਰ ਨਾ ਹੋਏ ਸੁਰੱਖਿਅਤ, ਜਾਨਾਂ ਦਾ ਸਰਮਾਇਆ।
ਵਹਿਸ਼ਤ ਦਾ ਇਹ ਮਾਰੂ ਡੰਗਰ, ਲੈਂਦਾ ਰਹਿਸੀ ਜਾਨਾਂ,
ਜਿੰਨੀ ਦੇਰ ਬਾਜਵਾ ਇਹਨੂੰ, ਨੱਥ ਕੇ ਨਾ ਬਿਠਲਾਇਆ।
ਸੰਪਰਕ: 94167-35506, 97296-08492
* * *
ਕਤਲਾਂ ਦਾ ਦੁੱਖ
ਗਗਨਦੀਪ ਸਿੰਘ ਬੁਗਰਾ
ਕਤਲਾਂ ਦਾ ਸਾਨੂੰ ਦੁੱਖ ਤਾਂ ਹੁੰਦੈ,
ਪਰ ਮਕਤੂਲਾਂ ਦਾ ਧਰਮ ਨਿਰਧਾਰਤ ਕਰਦੈ
ਸਾਡੇ ਮਨ ਦੀ ਅਵਸਥਾ,
ਇੱਥੋਂ ਹੀ ਦੁੱਖ ਦੀ ਮਾਤਰਾ ਤੈਅ ਹੁੰਦੀ ਹੈ।
ਇਹੋ ਕਤਲਾਂ ਦਾ ਕਾਰਨ ਹੁੰਦੈ।
ਸੰਪਰਕ: 98149-19299
* * *
ਕਿਉਂ
ਮਨਿੰਦਰ ਕੌਰ ਬਸੀ
ਖੋ ਗਿਆ ਹੈ ਅਮਨ ਤੇ ਆਮਾਨ ਕਿਉਂ?
ਬਲ ਰਿਹਾ ਹੈ ਮੇਰਾ ਹਿੰਦੁਸਤਾਨ ਕਿਉਂ?
ਪਹਿਨ ਕੇ ਵੱਖ ਵੱਖ ਰੰਗਾਂ ਦੇ ਵਸਤਰ,
ਆ ਗਿਐ ਅੱੱਡ ਰੂਪ ਵਿੱਚ ਸ਼ੈਤਾਨ ਕਿਉਂ?
ਧਰਮ ਉਸਦਾ, ਜਾਤ, ਨਾ ਮਜ਼ਹਬ ਕੋਈ,
ਮਾਰਦੈ ਇਨਸਾਨ ਨੂੰ ਇਨਸਾਨ ਕਿਉਂ?
ਫਿਰ ਸਿਆਸਤ ਭਖ ਰਹੀ ਹੈ ਧਰਮ ਦੀ,
ਫਿਰ ਨਿਸ਼ਾਨੇ ਧਰਮ ਤੇ ਈਮਾਨ ਕਿਉਂ?
ਜੇ ਲੋਕਾਈ ਵਾਸਤੇ ਮਨ ’ਚ ਪੀੜ ਹੈ,
ਲੈ ਰਿਹੈਂ ਸਰਕਾਰ ਤੋਂ ਸਨਮਾਨ ਕਿਉਂ?
ਬਣ ਨਾ ਪੱਥਰ, ਮੂਰਤੀ ਇਨਸਾਫ਼ ਕਰ,
ਸੱਚ ਤੋਂ ਤੂੰ ਹੋ ਰਿਹੈਂ ਅਣਜਾਣ ਕਿਉਂ?
ਚੁੱਕ ਲੈ ਇੱਕ ਵਾਰ ਫਿਰ ਤੋਂ ਕਲਮ ਨੂੰ,
ਕਲਮ ਤੇਰੀ ਬਣਦੀ ਨਹੀਂ ਕਮਾਨ ਕਿਉਂ?
ਬਿਖਰ ਗਏ ਟੁਕੜੇ ਜੋ ਕੱਚ ਦੀ ਵੰਗ ਦੇ,
ਵਾਦੀ ਤੱਕ ਕੇ ਲਾਲ ਹੁਣ ਹੈਰਾਨ ਕਿਉਂ?
* * *
ਅਤਿਵਾਦੀ!
ਰੰਜੀਵਨ ਸਿੰਘ
ਕੱਢੋ ਬੱਸ ਵਿੱਚੋਂ
ਛੱਲੀਰਾਮਾਂ ਨੂੰ
ਕੱਢ ਲਏ
ਤੇ ਭੁੰਨ ਦਿੱਤੇ।
ਕੱਟਲੀਓ!
ਬੋਲੋ, ਜੈ ਸ਼੍ਰੀ ਰਾਮ
ਨਹੀਂ ਬੋਲੇ
ਵੱਢ ਦਿੱਤੇ ਗਏ।
ਪੜ੍ਹੋ ਆਇਤਾਂ
ਨਹੀਂ ਪੜ੍ਹ ਸਕੇ
ਭੁੰਨ ਦਿੱਤੇ ਗਏ।
ਭੁੰਨ ਦਿੱਤੇ
ਵੱਢ ਦਿੱਤੇ
ਅੱਡ-ਅੱਡ
ਧਰਮਾਂ ਦੇ
ਵੱਖੋ-ਵੱਖਰੇ ਸਮਿਆਂ
ਵੱਖੋ-ਵੱਖਰੀਆਂ ਥਾਵਾਂ ਉੱਤੇ।
ਭੁੰਨਣ ਵਾਲੇ
ਵੱਢਣ ਵਾਲੇ
ਪਰ ਇੱਕ ਹੀ ਸਨ
ਇੱਕ ਹੀ ਜਾਤ ਦੇ
ਇੱਕ ਹੀ ਧਰਮ ਦੇ
ਅਤਿਵਾਦੀ!
ਸੰਪਰਕ: 98150-68816
* * *
ਸੋਸ਼ਲ ਮੀਡੀਆ
ਸੋਹਣ ਸਿੰਘ ਬਰਨਾਲਾ
ਆਪਣਾ ਆਪਣਾ ਦੇਖੀ ਜਾਨੈ
ਦੂਜੇ ਨੂੰ ਸਤਿਕਾਰ ਤਾਂ ਦੇ
ਸੋਸ਼ਲ ਮੀਡੀਆ ਸਭ ਕੁਝ ਚਲਦਾ
ਤੂੰ ਆਪਣਾ ਵਿਚਾਰ ਤਾਂ ਦੇ
ਐਵੇਂ ਇਮੋਜੀ ਦੇ ਕੇ ਤੁਰਦੈਂ
ਆਪਣੇ ਸ਼ਬਦ ਦੋ ਚਾਰ ਤਾਂ ਦੇ
ਤੂੰ ਤਾਂ ਕਰਕੇ ਲਾਈਕ ਹੀ ਛੱਡਦਾ
ਵਿਚਾਰ ਦੇ ਬਦਲੇ ਪਿਆਰ ਤਾਂ ਦੇ
ਉੱਠਦੇ ਬੈਠਦੇ ਮੈਂ ਚੈੱਕ ਕਰਦਾ
ਕਵਿਤਾ ਨੂੰ ਕਤਾਰ ਤਾਂ ਦੇ
ਵਧਾਈ ਵਧਾਈ ਹਰ ਕੋਈ ਲਿਖਦਾ
ਪਾਠ ਪੜ੍ਹ ਕੇ, ਕੁਝ ਸਾਰ ਤਾਂ ਦੇ
ਕਿਉਂ ਤੂੰ ਦੇਖ ਕੇ ਅੱਗੇ ਚੱਲਦੈਂ?
ਗੁੱਸੇ ਗਿੱਲੇ ਨੂੰ ਕੋਈ ਠਾਰ ਤਾਂ ਦੇ
ਐਵੇਂ ਨਜ਼ਰ ਅੰਦਾਜ਼ ਤੂੰ ਕਰਦਾ
ਪਾਇਆ ਮਖੌਟਾ, ਉਤਾਰ ਤਾਂ ਦੇ
ਫੇਰ ਮੈਂ ਸੋਚਾਂ ਉਹ ਦਿਨ ਭਲੇ
ਚਿੱਠੀ ਵਿੱਚ ਜਦ ਜਗ੍ਹਾ ਸੀ ਮੁੱਕਦੀ
ਵਧਾਈਆਂ ਦੇਣ ਦੇ ਮਗਰੋਂ ਵੀ
ਬਜ਼ੁਰਗਾਂ ਦੀ ਗੱਲਬਾਤ ਨਾ ਰੁਕਦੀ
ਹੁਣ ਤੂੰ ਸਮਝ, ਸ਼ੇਅਰ ਕਰੀ ਚੱਲ
ਪੋਸਟ ਨੂੰ ਆਪਣੇ ਪਰਿਵਾਰ ਤਾਂ ਦੇ
ਜੇ ਕੁਝ ਕੰਮ ਦਾ ਇੱਥੇ ਮਿਲਦਾ
ਸੋਹਣ ਦੇ ਨਾਂ ਨੂੰ ਬਜ਼ਾਰ ਤਾਂ ਦੇ...
ਸੰਪਰਕ: 98554-50557