ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਤਰ ਮੇਰੇ ਪਿੰਡ ਦੇ

04:06 AM Apr 20, 2025 IST
featuredImage featuredImage
ਚਿੱਤਰ: ਸਬਰੀਨਾ

ਸਿੱਧੂ ਦਮਦਮੀ

Advertisement

ਭੁੱਖੜਦਾਸ
ਕੋਈ ਵੇਲਾ ਸੀ ਜਦੋਂ ਬਠਿੰਡਾ ਇਸ ਦੇ ਫਲਾਈਓਵਰਾਂ ਤੇ ਝੀਲਾਂ ਕਰਕੇ ਨਹੀਂ ਸਗੋਂ ਕਿਲ਼ੇ ਅਤੇ ਭੁੱਖੜਦਾਸ ਕਰਕੇ ਜਾਣਿਆ ਜਾਂਦਾ ਸੀ। ਪੁਰਾਤਨ ਇਮਾਰਤਾਂ ਦੇ ਯਾਤਰੂਆਂ ਦੀ ਖਿੱਚ ਦਾ ਕਾਰਨ ਹੋਣ ਕਾਰਨ ਕਿਲ਼ਾ ਤਾਂ ਹਾਲੀ ਕਾਇਮ ਹੈ ਪਰ ਭੁੱਖੜਦਾਸ ਗੁਜ਼ਰ ਗਿਆ ਹੈ। ਪੁਰਾਣੇ ਬਠਿੰਡੇ ਦੀ ਧੁੰਨੀ ਨੇੜੇ ਸਥਿਤ ਗੋਲ-ਡਿੱਗੀ ਨੇੜਲਾ ਉਸਦਾ ਬਹੁ-ਮੰਜ਼ਿਲਾ ਡੇਰਾ ਵੀ ਹੁਣ ਬਾਜ਼ਾਰ ਦੇ ਜਮਘਟੇ ਵਿੱਚ ਗੁਆਚ ਗਿਆ ਹੈ।
ਥਲੀ ਦੇ ਦਰਵੇਸ਼ਾਂ ਵਾਂਗ ਵੱਟ ਦੇ ਦੇ ਕੇ ਬੰਨ੍ਹਿਆ ਨਿਹੰਗ ਸਿੰਘਾਂ ਦੇ ਸਾਈਜ਼ ਦਾ ਬਹੁ-ਰੰਗਾ ਪੱਗੜ ਤੇ ਵੱਡੀਆਂ ਜੇਬਾਂ ਵਾਲਾ ਲਾਲ ਰੰਗ ਦਾ ਓਵਰ-ਸਾਈਜ਼ਡ ਚੋਲਾ ਇਸ ਫ਼ਕੀਰ ਦੀ ਪਛਾਣ ਹੋਇਆ ਕਰਦੀ ਸੀ। ਵਿਸਾਖੀ ਮੇਲੇ ਵਿੱਚ ਚੁਟਕੀਆਂ ਤੇ ਤਾੜੀਆਂ ਦੀ ਤਾਲ ’ਤੇ ਬੱਚਿਆਂ ਵਾਂਗ ਨੱਚਦਾ, ਬਾਘੀਆਂ ਪਾਉਂਦਾ ਉਹ ਕਸਬੇ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਮਿਲ ਜਾਂਦਾ ਸੀ। ਉਹ ਆਪਣੇ ਚੇਲੇ ਸਮੇੇਤ ਮੇਲੇ ਤੋਂ ਇੱਕ ਦੋ ਦਿਨ ਪਹਿਲਾਂ ਆਉਂਦਾ ਤੇ ਮੇਲਾ ਖ਼ਤਮ ਹੋਣ ਤੋਂ ਇੱਕ-ਦੋ ਦਿਨ ਬਾਅਦ ਬਠਿੰਡੇ ਸ਼ਹਿਰ ਨੂੰ ਵਾਪਸੀ ਕਰ ਜਾਂਦਾ। ਮੇਲੇ ਦੌਰਾਨ ਉਸ ਦਾ ਡੇਰਾ ਸਾਡੇ ਅਗਵਾੜ ਦੇ ‘ਰੰਘੜਾਂ’ ਦੇ ਘਰ ਲੱਗਿਆ ਰਹਿੰਦਾ। ਘੋਨੇ ਬਨੇਰਿਆਂ ਵਾਲੇ ਰੰਘੜਾਂ ਦੇ ਇਸ ਘਰ ਦੀ ਸਾਡੇ ਘਰ ਦੀ ਪਿੱਠ ਨਾਲ ਪਿੱਠ ਲੱਗੀ ਹੋਈ ਸੀ।
ਮੂੂੰਹ ਝਾਖਰੇ ਹੀ ਭੁੱਖੜਦਾਸ ਦੇ ਆਸਣ ਵੱਲੋਂ ਕਪਾਲਭਾਤੀ ਦੀ ਹੂੰਗਰ ਸੁਣਾਈ ਦੇਣ ਲੱਗਦੀ। ਫਿਰ ਇਹ ਹੂੰਗਰ ਅਸ਼ਬਦੀਆਂ ਆਵਾਜ਼ਾਂ ਵਿੱਚ ਵਟ ਜਾਂਦੀ ਤੇ ਲੋਏ ਲੱਗਣ ਤਕ ਜਾਰੀ ਰਹਿੰਦੀ...
ਮੇਰੇ ਲਈ ਭੁੱਖੜਦਾਸ ਇੱਕ ਪਹੁੰਚਿਆ ਹੋਇਆ ਫ਼ਕੀਰ ਸੀ ਜਿਸ ਵਿੱਚ ਚੱਤੋ-ਪਹਿਰ ਇੱਕ ਬੱਚਾ ਵਿਦਮਾਨ ਰਹਿੰਦਾ- ਬਾਘੀਆਂ ਪਾਉਂਦਾ, ਮੇਲੇ ਆਇਆਂ ਦੇ ਕੁੱਤਕਤਾਰੀਆਂ ਕੱਢਦਾ, ਕਬੱਡੀ ਦਾ ਪਾਲਾ ਵਲ ਕੇ ਕੌਡੀ ਕੌਡੀ ਬੋਲਦਾ ਸਿਆਣੇ-ਬਿਆਣਿਆਂ ਨਾਲ ਮੜਿੱਕਦਾ।
ਬਾਬਾ ਦੀਪ ਵੱਲੋਂ ਉਸਾਰੀ ਤਖਤ ਦਮਦਮਾ ਸਾਹਿਬ ਦੀ ਡਿਊਢੀ (ਜੋ ਹੁਣ ਢਾਹ ਦਿੱਤੀ ਗਈ ਹੈ) ਦੇ ਸਾਹਵੇਂ ਸੂਫ਼ੀ ਨਾਚ ਨੱਚਦਾ। ਹੱਥ ’ਚ ਫੜੇ ਸੋਟੇ ਨਾਲ ਗੱਤਕੇ ਵਾਂਗ ਖੇਡਦਾ....
ਆਪਣੀ ਰੋਚਕ ਬੋਲ-ਚਾਲ ਤੇ ਵੇਸਭੂਸ਼ਾ ਕਾਰਨ ਉਹ ਜੁਆਕਾਂ ਲਈ ਵੱਖਰੀ ਤਰ੍ਹਾਂ ਦੀ ਖਿੱਚ ਦਾ ਕਾਰਨ ਬਣਿਆ ਰਹਿੰਦਾ। ਉਸ ਦੇ ਲੰਬੀਆਂ ਲੰਬੀਆਂ ਜੇਬਾਂ ਵਾਲੇ ਚੋਲੇ ਵਿੱਚੋਂ ਉਨ੍ਹਾਂ ਲਈ ਮਖਾਣਿਆਂ, ਖੰਡ-ਪਤਾਸਿਆਂ, ਚੂਸਕੀਆਂ ਆਦਿ ਦਾ ਪ੍ਰਸਾਦ ਨਿਕਲਦਾ। ਪ੍ਰਸਾਦ ਸਿਆਣਿਆਂ-ਬਿਆਣਿਆਂ ਨੂੰ ਵੀ ਮਿਲਦਾ, ਪਰ ਵੱਖਰੀ ਕਿਸਮ ਦਾ। ਉਹ ਵੀ ਭੁੱਖੜਦਾਸ ਦੇ ਪ੍ਰਸਾਦ ਦੀ ਉਡੀਕ ਕਰਦੇ ਰਹਿੰਦੇ ਸਨ। ਪੁਰਾਣੇ ਵੇਲਿਆਂ ਦੇ ਵਿਸਾਖੀ ਜੋੜ ਮੇਲੇ ਵਾਂਗ ਕਿਤਾਬਾਂ ਵੇਚਣ ਤੇ ਛਾਪਣ ਵਾਲੇ ਵਾਹਵਾ ਗਿਣਤੀ ਵਿੱਚ ਪਹੁੰਚਦੇ ਸਨ ਤੇ ਬਾਬਾ ਦੀਪ ਸਿੰਘ ਦੀ ਡਿਊਢੀ ਸਾਹਵੇਂ ਕਿਤਾਬ ਬਾਜ਼ਾਰ ਸਜਾਉਂਦੇ। ਮੇਲੇ ਦੇ ਆਖ਼ਰੀ ਦਿਨ ਕਿਤਾਬ ਵਿਕ੍ਰੇਤਾ ਕੁਝ ਕੁਝ ਕਿਤਾਬਾਂ ਭੁੱਖੜਦਾਸ ਨੂੰ ਭੇਟ ਕਰ ਦਿੰਦੇ। ਅਗਾਂਹ ਭੁੱਖੜਦਾਸ ਇਨ੍ਹਾਂ ਨੂੰ ਲੋਕਾਂ ’ਚ ਪ੍ਰਸਾਦ ਵਜੋਂ ਵੰਡ ਦਿੰਦਾ ਸੀ।... ... ...
ਕਈ ਸਾਲ ਪਹਿਲਾਂ ਭੁੱਖੜਦਾਸ ਚੱਲ ਵਸਿਆ ਸੀ ਤੇ ਉਸ ਦੇ ਨਾਲ ਹੀ ਅਸਤ ਹੋ ਗਈ ਸੀ ਬਠਿੰਡੇ ਦੀ ਇਹ ਵਿਰਾਸਤੀ ਨਿਸ਼ਾਨੀ। ਭੁੱਖੜਦਾਸ ਕਿੱਥੋਂ ਆਇਆ ਸੀ... ਉਸ ਫ਼ਕੀਰ ਦੇ ਮਾਪੇ ਕੌਣ ਸਨ... ਤੇ ਕਿੱਥੋਂ... ਇਸ ਬਾਰੇ ਪਿੰਡ ਚੁੱਪ ਹੈ। ਪਾਣੀ ਦੀ ਟੈਂਕੀ ਵਜੋਂ ਬਠਿੰਡੇ ਵਿੱਚ ਮਾਲਰੋਡ ’ਤੇ ਗੋਲ-ਡਿੱਗੀ ਦੇ ਰੂਪ ’ਚ ਬਣਾਈ ਉਸ ਦੀ ਇੱਕ ਯਾਦਗਾਰ ਜ਼ਰੂਰ ਕਾਇਮ ਹੈ।
ਸੰਪਰਕ: 94170-13869

ਰੱਜੀ ਰੂਹ ਵਾਲਾ ਫ਼ਕੀਰ

ਰਵਨੀਤ ਕੌਰ

Advertisement

ਮੈਂ ਆਪਣੇ ਬਚਪਨ ਵਿੱਚ ਖਾਣ ਵਾਲੀ ਕੋਈ ਚੀਜ਼ ਸੁਆਦ ਲੱਗਣ ’ਤੇ ਜਦੋਂ ਵਾਰ ਵਾਰ ਮੰਗਣੀ ਤਾਂ ਮਾਂ ਨੇ ਸਬਰ ਦਾ ਸਬਕ ਪੜ੍ਹਾਉਣ ਲਈ ਭੁੱਖੜਦਾਸ ਕਹਿਣਾ। ਉਨ੍ਹਾਂ ਦੀ ਗੱਲ ਸੁਣ ਕੇ ਪਹਿਲਾਂ ਤਾਂ ਬਾਲ ਮਨ ਨੇ ‘ਭੁੱਖੜਦਾਸ’ ਸ਼ਬਦ ਬਾਰੇ ਕੁਝ ਸੋਚਣ ਸਮਝਣ ਦੀ ਰਤਾ ਵੀ ਕੋਸ਼ਿਸ਼ ਨਾ ਕਰਨੀ। ਫਿਰ ਹੌਲੀ ਹੌਲੀ ਸ਼ਬਦਾਂ ਬਾਰੇ ਕੁਝ ਕੁਝ ਸਮਝ ਆਉਣ ਲੱਗੀ ਤਾਂ ਸੋਚਦੀ ਕਿ ਕਿਸੇ ਭੁੱਖੇ ਬੰਦੇ ਨੂੰ ਭੁੱਖੜਦਾਸ ਕਹਿੰਦੇ ਹੋਣਗੇ। ਬਚਪਨ ਬੀਤਿਆ ਤਾਂ ਭੁੱਖੜਦਾਸ ਸ਼ਬਦ ਵੀ ਦੁਬਾਰਾ ਕਦੇ ਸੁਣਨ ਨੂੰ ਨਾ ਮਿਲਿਆ।
ਫਿਰ ਕਈ ਸਾਲ ਲੰਘ ਗਏ। ਹੁਣ ਕੁਝ ਦਿਨ ਪਹਿਲਾਂ ਸਾਡੇ ਅਖ਼ਬਾਰ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਹੋਰਾਂ ਦਾ ਲੇਖ ਛਪਣ ਲਈ ਆਇਆ ਤਾਂ ‘ਭੁੱਖੜਦਾਸ’ ਸ਼ਬਦ ਫਿਰ ਨਜ਼ਰੀਂ ਪਿਆ। ਇਹ ਪੜ੍ਹ ਕੇ ਬਚਪਨ ਦੀ ਇਹ ਗੱਲ ਯਾਦ ਆ ਗਈ ਅਤੇ ਸਮਝ ਲੱਗੀ ਕਿ ਇਹ ਐਵੇਂ ਹੀ ਕਿਸੇ ਮਾੜੀ ਨੀਅਤ ਵਾਲੇ ਵਿਅਕਤੀ ਲਈ ਵਰਤਿਆ ਜਾਂਦਾ ਸ਼ਬਦ ਨਹੀਂ ਸੀ। ਇਹ ਤਾਂ ਰੱਜੀ ਰੂਹ ਵਾਲੇ ਇੱਕ ਫ਼ਕੀਰ ਦਾ ਨਾਂ ਸੀ। ਬਠਿੰਡੇ ਨੇੜੇ ਬੱਲੂਆਣਾ ਉਸ ਦਾ ਪਿੰਡ ਦੱਸਦੇ ਹਨ। ਬਠਿੰਡੇ ਸ਼ਹਿਰ ਵਿੱਚ ਇੱਕ ਸ਼ਰਧਾਲੂ ਸੇਠ ਨੇ ਉਸ ਲਈ ਇੱਕ ਚੁਬਾਰੇ ਵਾਲੀ ਇਮਾਰਤ ਬਣਵਾਈ ਸੀ ਜਿੱਥੇ ਭੁੱਖੜਦਾਸ ਨਾਲ ਉਸ ਦਾ ਇੱਕ ਚੇਲਾ ਵੀ ਰਹਿੰਦਾ ਸੀ। ਕਈ ਦਹਾਕੇ ਪਹਿਲਾਂ ਉਹ ਰੱਬ ਨੂੰ ਪਿਆਰਾ ਹੋ ਗਿਆ। ਇਸ ਮਗਰੋਂ ਉਸ ਦੇ ਚੇਲੇ ਦਾ ਕੀ ਬਣਿਆ, ਇਹ ਵੀ ਕੋਈ ਨਹੀਂ ਜਾਣਦਾ। ਭੁੱਖੜਦਾਸ ਦੀ ਯਾਦ ’ਚ ਬਣਾਈ ਗੋਲ-ਡਿੱਗੀ ਦਾ ਆਲਾ-ਦੁਆਲਾ ਹੁਣ ਭੀੜ ਭਰਿਆ ਬਾਜ਼ਾਰ ਹੈ।
ਉਸ ਬਾਰੇ ਹੋਰ ਜਾਣਨ ਦੀ ਉਤਸੁਕਤਾ ਵੱਸ ਮਾਪਿਆਂ ਨੂੰ ਪੁੱਛਿਆ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਭੁੱਖੜਦਾਸ ਨੂੰ ਪਹੁੰਚਿਆ ਹੋਇਆ ਫ਼ਕੀਰ ਮੰਨਦੇ ਸਨ। ਉਸ ਦੇ ਸ਼ਹਿਰ ਵਾਲੇ ਟਿਕਾਣੇ ਕੋਲੋਂ ਲੰਘਣ ਵੇਲੇ ਇਲਾਕੇ ਦੇ ਲੋਕ ਉਸ ਨੂੰ ਦੇਖ ਲੈਂਦੇ ਤਾਂ ਸ਼ਰਧਾ ਨਾਲ ਸਿਰ ਜ਼ਰੂਰ ਝੁਕਾਉਂਦੇ। ਹੋਸ਼ਾਂ ਨਾਲੋਂ ਚੰਗੀ ਮਸਤੀ ’ਚ ਸ਼ਹਿਰ ਵਾਲੇ ਆਪਣੇ ਟਿਕਾਣੇ ਤੋਂ ਕਦੇ ਕਿਸੇ ਪਿੰਡ ਤੁਰ ਜਾਂਦਾ ਤੇ ਕਦੇ ਕਿਸੇ ਪਿੰਡ। ਕਹਿੰਦੇ ਹਨ ਕਿ ਨਾ ਤਾਂ ਉਹ ਹਰ ਕਿਸੇ ਕੋਲ ਬਹੁਤਾ ਰੁਕਦਾ ਤੇ ਨਾ ਹਰ ਕਿਸੇ ਤੋਂ ਕੁਝ ਲੈ ਕੇ ਖਾਂਦਾ। ਮੇਰੇ ਨਾਨਕੇ ਘਰ ਜਾ ਕੇ ਮੇਰੇ ਨਾਨਾ ਜੀ ਕੋਲ ਕਈ ਕਈ ਦਿਨ ਰਹਿੰਦਾ। ਉਨ੍ਹਾਂ ਕੋਲੋਂ ਮੰਗਦਾ ਧਾਰਮਿਕ ਪੁਸਤਕਾਂ ਹੀ। ਨਾਨਾ ਨਾਨੀ ਉਨ੍ਹਾਂ ਸਾਰੇ ਲੋਕਾਂ ਵਾਂਗ ਇਸ ਨੂੰ ਆਪਣਾ ਧੰਨਭਾਗ ਸਮਝਦੇ ਜਿਨ੍ਹਾਂ ਦੀ ਦੁਕਾਨ ਆਦਿ ਤੋਂ ਕੋਈ ਵਸਤ ਚੁੱਕ ਕੇ ਉਹ ਆਪਣੇ ਰੱਤੇ ਚੋਲੇ ਦੀਆਂ ਝੋਲਿਆਂ ਵਰਗੀਆਂ ਜੇਬਾਂ ’ਚ ਪਾ ਲੈਂਦਾ। ਉਹ ਸਾਰੇ ਸਮਝਦੇ ਕਿ ਅਜਿਹਾ ਕਰ ਕੇ ਬਾਬੇ ਨੇ ਉਨ੍ਹਾਂ ’ਤੇ ਕਿਰਪਾ ਕੀਤੀ ਹੈ।
ਇੱਕ ਹੋਰ ਗੱਲ ਪਤਾ ਲੱਗੀ। ਗੱਲ ਇਹ ਸੀ ਕਿ ਮੇਰੇ ਪਿਤਾ ਦਾ ਇੱਕ ਚਚੇਰਾ ਭਰਾ ਸੀ। ਉਸ ਨੇ ਇਹ ਗੱਲ ਸਭ ਨੂੰ ਦੱਸੀ। ਉਸ ਨੇ ਕਿਹਾ, ‘‘ਇੱਕ ਦਿਨ ਮੇਰੇ ਨਾਨੇ ਨੇ ਭੁੱਖੜਦਾਸ ਨੂੰ ਜਲੇਬੀਆਂ ਖੁਆਈਆਂ। ਬੜਾ ਪ੍ਰਸੰਨ ਹੋਇਆ। ਉਸੇ ਰਾਤ ਨਾਨੇ ਨੂੰ ਸੁਪਨੇ ’ਚ ਉਹ ਦਿਸਿਆ ਤੇ ਆਖਿਆ, ਫਲਾਣੇ ਨੰਬਰ ’ਤੇ ਸੱਟਾ ਲਾ ਦੇ। ਨਾਨੇ ਨੇ ਸੋਚਿਆ, ‘ਸੁਪਨਾ ਈ ਐ’ ਤੇ ਕੋਈ ਧਿਆਨ ਨਾ ਦਿੱਤਾ। ਅਗਲੇ ਦਿਨ ਦੁਪਹਿਰੇ ਸ਼ਹਿਰ ’ਚ ਤੁਰੇ ਜਾਂਦੇ ਨਾਨੇ ਦੀ ਨਜ਼ਰ ਭੁੱਖੜਦਾਸ ’ਤੇ ਪਈ। ਨਾਨਾ ਉਸ ਵੱਲ ਅਹੁਲਿਆ ਤਾਂ ਉਹ ਇਹ ਕਹਿ ਕੇ ਪਰ੍ਹਾਂ ਨੂੰ ਭੱਜ ਗਿਆ, ‘ਜਾਹ ਦੁਸ਼ਟਾ! ਮੇਰੇ ਮੱਥੇ ਨਾ ਲੱਗ। ਕੱਲ੍ਹ ਰਾਤ ਮੈਂ ਚੱਲ ਕੇ ਤੇਰੇ ਕੋਲ ਗਿਆ ਤੇ ਤੂੰ ਮੇਰੀ ਗੱਲ ਮੰਨੀ ਨ੍ਹੀਂ’।’’
ਸੁਪਨੇ ਵਾਲੀ ਗੱਲ ਵਿੱਚ ਕਿੰਨੀ ਕੁ ਸਚਾਈ ਹੈ, ਇਹ ਤਾਂ ਰੱਬ ਦੇ ਘਰ ਪੁੱਜ ਚੁੱਕਿਆ ਉਸ ਦਾ ਨਾਨਾ ਹੀ ਜਾਣਦਾ ਸੀ। ਏਨਾ ਜ਼ਰੂਰ ਹੈ ਕਿ ਫੱਕਰ ਬੰਦਿਆਂ ਨਾਲ ਲੋਕ ਮਨ ਅਜਿਹੀਆਂ ਗੱਲਾਂ ਜੋੜ ਦਿੰਦਾ
ਹੈ। ਇਹੋ ਲੋਕਧਾਰਾ ਦਾ ਸੁਹੱਪਣ ਹੈ। ਕੁਝ ਵੀ ਆਖੀਏ, ਹੁਣ ਨਾ ਉਹੋ ਜਿਹੇ ਫ਼ਕੀਰ ਰਹੇ ਹਨ ਤੇ ਨਾ ਉਹੋ ਜਿਹੇ ਲੋਕ।

 

Advertisement