ਸੰਧਵਾਂ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਪੱਤਰ ਪ੍ਰੇਰਕ
ਕੋਟਕਪੂਰਾ, 30 ਮਾਰਚ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਪਿੰਡ ਸੰਧਵਾਂ ਵਿੱਚ ਚੱਲ ਰਹੇ ਸਿਲਾਈ ਸੈਂਟਰ ਵਿਚ ਸਿਖਲਾਈ ਲੈ ਰਹੀਆਂ 23 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ। ਉਨ੍ਹਾਂ ਕਿਹਾ ਕਿ ਸਿਲਾਈ ਸੈਂਟਰ ਲਈ ਜ਼ਰੂਰੀ ਵਸਤੂਆਂ ਜਿਵੇਂ ਇੰਟਰਲਾਕ ਮਸ਼ੀਨ, ਪੀਕੋ ਮਸ਼ੀਨ, ਪਾਣੀ ਲਈ ਵਾਟਰ ਕੂਲਰ, ਪ੍ਰੈੱਸ, ਕੂਲਰ ਅਤੇ ਪੱਖੇ ਵਗੈਰਾ ਦੀ ਮੰਗ ਵੀ ਜਲਦੀ ਪੂਰੀ ਕਰ ਦਿੱਤੀ ਜਾਵੇਗੀ। ਸਪੀਕਰ ਸੰਧਵਾਂ ਨੇ ਕਿਹਾ ਕਿ ਹੁਣ ਸਿਲਾਈ ਮਸ਼ੀਨਾਂ ਨਾਲ ਬੱਚੀਆਂ ਆਪਣਾ ਕੰਮ ਖੁਦ ਕਰ ਸਕਣਗੀਆਂ ਅਤੇ ਖੁਦ ਆਪਣੀ ਰੋਜ਼ੀ-ਰੋਟੀ ਕਮਾ ਕੇ ਆਪਣੇ ਘਰ ਵਾਲਿਆਂ ਦਾ ਸਹਾਰਾ ਬਣਨਗੀਆਂ ਅਤੇ ਸਮਾਜ ਵਿੱਚ ਆਪਣਾ ਸਿਰ ਉੱਚਾ ਕਰਕੇ ਜਿਉਂ ਸਕਣਗੀਆਂ। ਇਸ ਮੌਕੇ ਉਨ੍ਹਾਂ ਸਿਲਾਈ ਸੈਂਟਰ ਵਿੱਚ ਲੜਕੀਆਂ ਵੱਲੋਂ ਬਣਾਈਆਂ ਵੱਖ-ਵੱਖ ਵਨਗੀ ਦੀਆਂ ਵਸਤੂਆਂ ਵੀ ਦੇਖੀਆਂ ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਗੁਰਮੀਤ ਸਿੰਘ ਬਰਾੜ, ਤਹਿਸੀਲ ਭਲਾਈ ਅਫ਼ਸਰ ਗੁਰਮੀਤ ਕੜਿਆਲਵੀ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਅਮਨਦੀਪ ਸਿੰਘ ਸੰਧੂ, ਗੁਰਮੀਤ ਕੌਰ, ਸਰਪੰਚ ਪ੍ਰੀਤਮ ਸਿੰਘ ਅਤੇ ਸਰਪੰਚ ਮੁਖਤਿਆਰ ਸਿੰਘ ਮੌਜੂਦ ਸਨ।