ਸੋਨਾਕਸ਼ੀ ਵੱਲੋਂ ਆਪਣੀ ਪਹਿਲੀ ਤੇਲਗੂ ਫਿਲਮ ‘ਜਟਾਧਾਰਾ’ ਦੀ ਸ਼ੂਟਿੰਗ ਮੁਕੰਮਲ
ਨਵੀਂ ਦਿੱਲੀ: ਫਿਲਮ ‘ਹੀਰਾਮੰਡੀ’ ਦੀ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੀ ਆਉਣ ਵਾਲੀ ਫਿਲਮ ‘ਜਟਾਧਾਰਾ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਉਸ ਦੀ ਪਹਿਲੀ ਤੇਲਗੂ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਨ ਵੈਂਕਟ ਕਲਿਆਣ ਵੱਲੋਂ ਕੀਤਾ ਗਿਆ ਹੈ। ‘ਜਟਾਧਾਰਾ’ ਵਿੱਚ ਸੋਨਾਕਸ਼ੀ ਤੋਂ ਇਲਾਵਾ ਸ਼ਿਲਪਾ ਸ਼ਿਰੋਡਕਰ ਵੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਮਾਣ ਜ਼ੀ ਸਟੂਡੀਓਜ਼ ਵੱਲੋਂ ਕੀਤਾ ਗਿਆ ਹੈ। ਸੋਨਾਕਸ਼ੀ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਫਿਲਮ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਸ ਪੋਸਟ ਨਾਲ ਉਸ ਨੇ ਲਿਖਿਆ, ‘‘ਮੈਂ ਆਪਣੀ ਫਿਲਮ ਜਟਾਧਾਰਾ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਮੇਰੀ ਪਹਿਲੀ ਤੇਲਗੂ ਫਿਲਮ ਹੈ। ਮੈਂ ਤੇ ਮੇਰੀ ਟੀਮ ਨੇ ਇਸ ਲਈ ਬਹੁਤ ਮਿਹਨਤ ਕੀਤੀ ਹੈ। ਸ਼ੂਟਿੰਗ ਦੌਰਾਨ ਬਹੁਤ ਮਜ਼ਾ ਆਇਆ, ਬਹੁਤ ਮਸਤੀ ਕੀਤੀ। ਮੇਰੇ ਤੋਂ ਉਡੀਕ ਨਹੀਂ ਹੋ ਰਹੀ ਕਿ ਇਹ ਫਿਲਮ ਕਦੋਂ ਲੋਕਾਂ ਤੱਕ ਪੁੱਜੇਗੀ। ਇਸ ਫਿਲਮ ਦੀ ਸ਼ੂਟਿੰਗ ਦੇ ਬਿਹਤਰੀਨ ਮਾਹੌਲ ਲਈ ਪੂਰੀ ਟੀਮ ਦਾ ਧੰਨਵਾਦ।’’ ਇਸ ਫਿਲਮ ਦੇ ਪ੍ਰੋਡਕਸ਼ਨ ਬੈਨਰ ਜ਼ੀ ਸਟੂਡੀਓਜ਼ ਨੇ ਪਿਛਲੇ ਮਹੀਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਸ ਫਿਲਮ ਵਿੱਚ ਸੋਨਾਕਸ਼ੀ ਦੀ ਭੂਮਿਕਾ ਦਾ ਖ਼ੁਲਾਸਾ ਕੀਤਾ ਸੀ। -ਪੀਟੀਆਈ