ਸੀਬੀਐੱਸਈ ਵੱਲੋਂ ਅਧਿਆਪਕ ਸਿਖਲਾਈ ਪ੍ਰੋਗਰਾਮ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਅਪਰੈਲ
ਸੈਂਟਰ ਆਫ ਐਕਸੀਲੈਂਸ ਪੰਚਕੂਲਾ ਵੱਲੋਂ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਸਮੱਰਥਾ ਨਿਰਮਾਣ ਪ੍ਰੋਗਰਾਮ ਤਹਿਤ ਜੀਵਨ ਕੌਸ਼ਲ, ਜੀਵਨ ਹੁਨਰ, ਵਿਸ਼ੇ ’ਤੇ ਅਧਿਆਪਕ ਸਿਖਲਾਈ ਵਰਕਸ਼ਾਪ ਲਾਈ ਗਈ। ਇਸ ਵਿੱਚ 60 ਅਧਿਆਪਕਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੀਬੀਐੱਸਈ ਸਰੋਤ ਵਿਅਕਤੀਆਂ ਮੈਡਮ ਗੁਰਵਿੰਦਰ ਸੋਹੀ ਤੇ ਮੈਡਮ ਰਾਕੇਸ਼ ਸਚਦੇਵਾ ਨੂੰ ਦਿੱਤੀ ਗਈ। ਸਿਖਲਾਈ ਸੈਸ਼ਨ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਕੀਤੀ। ਇਸ ਤੋਂ ਪਹਿਲਾਂ, ਡਾ. ਆਰਐੱਸ ਘੁੰਮਣ ਤੇ ਸਰੋਤ ਪਰਸਨ ਗੁਰਵਿੰਦਰ ਸੋਹੀ ,ਰਾਕੇਸ਼ ਸਚਦੇਵਾ ਤੇ ਡੀਪੀਐੱਸ ਸਕੂਲ ਦੀ ਪ੍ਰਿੰਸੀਪਲ ਨਿਕਿਤਾ ਗੁਪਤਾ ਨੇ ਦੇਵੀ ਸਰਸਵਤੀ ਦੇ ਸਾਹਮਣੇ ਦੀਪ ਜਗਾ ਕੇ ਕੀਤਾ। ਸਮਾਗਮ ਵਿੱਚ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਨ ਸਟਾਫ ਤੋਂ ਇਲਾਵਾ ਡੀਪੀਐੱਸ ਵਿਦਿਆਲਿਆ ਅੰਬਾਲਾ ਦੇ ਅਧਿਆਪਕ ਸਟਾਫ ਨੇ ਹਿੱਸਾ ਲਿਆ। ਰਿਸੋਰਸਪਰਸਨ ਗੁਰਵਿੰਦਰ ਸੋਹੀ ਤੇ ਰਾਕੇਸ਼ ਸਚਦੇਵਾ ਨੇ ਜੀਵਨ ਹੁਨਰਾਂ ਦੇ ਅਰਥ, ਤਰਕ ਤੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਇਹ ਵੀ ਦੱਸਿਅ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਏ। ਅਧਿਆਪਕਾਂ ਵੱਲੋਂ ਸੁੰਦਰ ਚਾਰਟ ਵੀ ਬਣਾਏ ਗਏ ਤੇ ਵੱਖ ਵੱਖ ਕਿਸਮਾਂ ਦੀਆਂ ਜੀਵਨ ਹੁਨਰ ਗਤੀਵਿਧੀਆਂ ਨੂੰ ਅਦਾਕਾਰੀ ਰਾਹੀਂ ਪੇਸ਼ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।
ਪ੍ਰਿੰਸੀਪਲ ਘੁੰਮਣ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਕੋਆਡੀਨੇਟਰ ਮਨਿੰਦਰ ਸਿੰਘ ਘੁੰਮਣ, ਮੋਨਿਕਾ ਘੁੰਮਣ, ਵਾਈਸ ਪ੍ਰਿੰਸੀਪਲ ਸਤਿਬੀਰ ਸਿੰਘ, ਸਕੂਲ ਪ੍ਰਸ਼ਾਸਕ ਮਨੋਜ ਭਸੀਨ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਮੌਜੂਦ ਸਨ।