ਸੀਪੀਆਈ (ਐੱਮਐੱਲ) ਵੱਲੋਂ ਖਟਕੜ ਕਲਾਂ ’ਚ ਸਿਆਸੀ ਕਾਨਫਰੰਸ
ਬੰਗਾ, 23 ਮਾਰਚ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕ੍ਰੇਸੀ ਵੱਲੋਂ ਖਟਕੜ ਕਲਾਂ ਵਿੱਚ ਅੱਜ ਸਿਆਸੀ ਕਾਨਫਰੰਸ ਕਰ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪਾਰਟੀ ਦੇ ਆਗੂਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲ ਪੱਤੀਆਂ ਭੇਟ ਕੀਤੀਆਂ ਗਈਆਂ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਕੁਲਵਿੰਦਰ ਸਿੰਘ ਵੜੈਚ ਤੇ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਕੇਂਦਰ ਦੀ ਆਰਐੱਸਐੱਸ - ਭਾਜਪਾ ਸਰਕਾਰ ਫਾਸ਼ੀਵਾਦੀ ਅਤੇ ਹਿੰਦੂਤਵੀ ਏਜੰਡੇ ਲਾਗੂ ਕਰ ਰਹੀ ਹੈ ਜਿਸ ਨਾਲ ਜਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਭਾਰੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇਸੀ ਤੇ ਵਿਦੇਸ਼ੀ ਕਾਰਪੋਰੇਟਰਾਂ ਦੀਆਂ ਹਿੱਤੂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰ ਰਹੀ ਹੈ ਜੋ ਮੰਦਭਾਗਾ ਹੈ।
ਆਗੂਆਂ ਅਵਤਾਰ ਸਿੰਘ ਤਾਰੀ, ਕਮਲਜੀਤ ਸਨਾਵਾ ਨੇ ਕਿਹਾ ਕਿ ਦੇਸ਼ ਦੇ ਨੇਤਾਵਾਂ ਦੇ ਚਿਹਰੇ ਬਦਲਣ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਇਸ ਦੇ ਲਈ ਬਰਾਬਰਤਾ ਵਾਲਾ, ਸਮਾਜਵਾਦੀ ਨਵਾਂ ਸਿਆਸੀ-ਆਰਥਿਕ ਢਾਂਚਾ ਉਸਾਰਨ ਲਈ ਇਨਕਲਾਬ ਲਿਆਉਣਾ ਪਵੇਗਾ। ਇਸ ਮੌਕੇ ਆਜ਼ਾਦ ਕਲਾ ਮੰਚ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾ ਹੇਠ ਨਾਟਕ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਗਾਇਕ ਹਰਦੇਵ ਚਾਹਲ, ਯਮਲਾ ਅਤੇ ਅਲਿਸ਼ਾ ਕਾਠਗੜ੍ਹ ਨੇ ਇਨਕਲਾਬੀ ਗੀਤ ਪੇਸ਼ ਕੀਤੇ।