ਸੀਪੀਆਈ ਅਤੇ ਸੀਪੀਐੱਮ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 21 ਅਪਰੈਲ
ਘਰੇਲੂ ਗੈਸ, ਪੈਟਰੋਲ-ਡੀਜ਼ਲ, ਬਿਜਲੀ ਅਤੇ ਟੌਲ ਪਲਾਜ਼ਾ ਦੀਆਂ ਵਧੀਆਂ ਦਰਾਂ ਕਾਰਨ ਵਧ ਰਹੀ ਮਹਿੰਗਾਈ ਅਤੇ ਹੋਰ ਮੰਗਾਂ ਸਬੰਧੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਵਰਕਰਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ । ਸੀਪੀਆਈ ਦੇ ਜ਼ਿਲ੍ਹਾ ਸਕੱਤਰ ਧਰਮਪਾਲ ਚੌਹਾਨ, ਸੀਪੀਆਈ(ਐੱਮ) ਦੇ ਜ਼ਿਲ੍ਹਾ ਸਕੱਤਰ ਪਿਆਰੇਲਾਲ ਤੰਵਰ ਅਤੇ ਸੀਨੀਅਰ ਆਗੂ ਜਰਨੈਲ ਸਿੰਘ ਸਾਂਗਵਾਨ ਨੇ ਸਾਂਝੇ ਤੌਰ ‘ਤੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਐਲਪੀਜੀ, ਪੈਟਰੋਲ-ਡੀਜ਼ਲ, ਬਿਜਲੀ, ਟੋਲ ਪਲਾਜ਼ਿਆਂ ਦੇ ਵਧੇ ਹੋਏ ਰੇਟ ਵਾਪਸ ਲਏ ਜਾਣ, ਵਧਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਨਵੀਂ ਭਰਤੀ ਕੀਤੀ ਜਾਵੇ ਅਤੇ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਰਾਸ਼ਨ ਕਾਰਡ ਧਾਰਕਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ ਅਤੇ ਇੱਕ ਵਿਸ਼ੇਸ਼ ਸਰਵੇਖਣ ਕਰਵਾ ਕੇ ਅਯੋਗ ਲੋਕਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਔਰਤਾਂ, ਦਲਿਤਾਂ ਅਤੇ ਘੱਟ ਗਿਣਤੀਆਂ ’ਤੇ ਅੱਤਿਆਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਕਾਨੂੰਨ ਵਿਵਸਥਾ ਵਿੱਚ ਸੁਧਾਰ ਕੀਤਾ ਜਾਵੇ, ਚੋਰਾਂ, ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਨਿਯਮਤ ਕਲੋਨੀਆਂ ਵਿੱਚ ਪਿਛਲੇ ਦਰਵਾਜ਼ੇ ਰਾਹੀਂ ਲਗਾਏ ਗਏ ਵਿਕਾਸ ਚਾਰਜ ਵਾਪਸ ਲਏ ਜਾਣ, ਲਾਵਾਰਸ ਪਸ਼ੂਆਂ ਅਤੇ ਹਿੰਸਕ ਕੁੱਤਿਆਂ ਦਾ ਪ੍ਰਬੰਧਨ ਕੀਤਾ ਜਾਵੇ, ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ ਨਾਲਿਆਂ ਦੀ ਸਫਾਈ ਕੀਤੀ ਜਾਵੇ, ਸਰਕਾਰੀ ਸਿੱਖਿਆ ਅਤੇ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ। ਅਮਰੀਕਾ ਦੇ ਉਪ-ਰਾਸ਼ਟਰਪਤੀ ਜੀਡੀ ਵੇਂਸ, ਜੋ ਭਾਰਤੀ ਬਾਜ਼ਾਰ ਵਿੱਚ ਅਮਰੀਕੀ ਖੇਤੀ, ਪਸ਼ੂ, ਪੋਲਟਰੀ, ਮੱਛੀ ਉਤਪਾਦਾਂ ਦੇ ਆਯਾਤ ‘ਤੇ ਦਬਾਅ ਬਣਾਉਣ ਲਈ ਆ ਰਹੇ ਹਨ, ਉਨ੍ਹਾਂ ਦਾ ਵੀ ਸਖ਼ਤ ਵਿਰੋਧ ਕੀਤਾ ਗਿਆ । ਅੱਜ ਦੇ ਪ੍ਰਦਰਸ਼ਨ ਨੂੰ ਮਹੀਪਾਲ ਚਮਰੋੜੀ, ਅਜਮੇਰ ਸਿੰਘ ਸੰਧੂ, ਹਰਭਜਨ ਸੰਧੂ, ਰਾਮਕਰਨ, ਸੋਮਨਾਥ, ਸੰਜੇ ਸਿੰਘ, ਵਿਜੇਪਾਲ, ਜੋਤ ਸਿੰਘ, ਫਕੀਰਾ ਚੰਦ ਅਤੇ ਵਿਨੋਦ ਤਿਆਗੀ ਨੇ ਵੀ ਸੰਬੋਧਨ ਕੀਤਾ।