ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਗੇਟ ਰੈਲੀ
ਕੁਲਦੀਪ ਸਿੰਘ
ਚੰਡੀਗੜ੍ਹ, 29 ਮਾਰਚ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੇ ਡਿੱਪੂ ਨੰਬਰ-2 ਵਿੱਚ ਸੀਟੀਯੂ ਵਰਕਰਜ਼ ਯੂਨੀਅਨ ਵੱਲੋਂ ਵਿਸ਼ਾਲ ਗੇਟ ਰੈਲੀ ਕੀਤੀ ਗਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਰਣਜੀਤ ਸਿੰਘ ਹੰਸ ਭੁਪਿੰਦਰ ਸਿੰਘ, ਧਰਮਿੰਦਰ ਸਿੰਘ ਰਾਹੀ, ਜੋਗਿੰਦਰ ਸਿੰਘ, ਦਰਬਾਰਾ ਸਿੰਘ ਅਤੇ ਜਤਿੰਦਰ ਪਾਲ ਸਿੰਘ, ਸੁਰਿੰਦਰ ਸਿੰਘ, ਬਲਰਾਜ ਸਿੰਘ, ਮਲਕੀਤ ਸਿੰਘ, ਅਸ਼ੋਕ ਕੁਮਾਰ, ਹਾਕਮ ਸਿੰਘ ਅਤੇ ਰਵੀਸ਼ ਕੁਮਾਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਵਿਭਾਗ ਦੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਇਨ੍ਹਾਂ ਮੰਗਾਂ ਬਾਰੇ ਸੀਟੀਯੂ ਵਰਕਰਜ਼ ਯੂਨੀਅਨ ਦੀ ਲੀਡਰਸ਼ਿਪ ਡਾਇਰੈਕਟਰ ਟਰਾਂਸਪੋਰਟ ਅਤੇ ਜਨਰਲ ਮੈਨੇਜਰਾਂ ਨਾਲ ਪਿਛਲੇ ਸਮੇਂ ਤੋਂ ਗੱਲਬਾਤ ਕਰਦੀ ਆ ਰਹੀ ਸੀ। ਇਨ੍ਹਾਂ ਮੰਗਾਂ ਦੇ ਹੱਲ ਲਈ ਵਿਭਾਗ ਦੇ ਕਰਮਚਾਰੀਆਂ ਨੇ ਅਕਤੂਬਰ ਵਿੱਚ ਅਦਾਰੇ ਦੀਆਂ ਚੋਣਾਂ ਵਿੱਚ ਮੌਜੂਦਾ ਯੂਨੀਅਨ ਨੂੰ ਵੱਡੀ ਲੀਡ ਨਾਲ ਜਿਤਾਇਆ ਸੀ। ਅੱਜ ਦੀ ਰੈਲੀ ਵਿੱਚ ਵਰਕਰਾਂ ਦੀ ਭਰ੍ਹਵੀਂ ਸ਼ਮੂਲੀਅਤ ਨੇ ਲੀਡਰਸ਼ਿਪ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਹੁਣ ਇਨ੍ਹਾਂ ਮਸਲਿਆਂ ਨੂੰ ਹੋਰ ਲਟਕਾਇਆ ਨਹੀਂ ਜਾ ਸਕੇਗਾ।
ਮੀਟਿੰਗ ਵਿੱਚ ਡਾਇਰੈਕਟਰ ਟਰਾਂਸਪੋਰਟ ਪ੍ਰਦੁੱਮਣ ਸਿੰਘ ਸਹਿਰਾਵਤ (ਐੱਚ.ਸੀ.ਐੱਸ.) ਵੀ ਖੁਦ ਗੇਟ ਰੈਲੀ ਵਿੱਚ ਪਹੁੰਚ ਗਏ। ਸਟੇਜ ਸੈਕਟਰੀ ਨੇ ਡਾਇਰੈਕਟਰ ਟਰਾਂਸਪੋਰਟ ਨੂੰ ਹੱਕੀ ਮੰਗਾਂ ਬਾਰੇ ਜਾਣੂ ਕਰਵਾਇਆ ਤਾਂ ਡਾਇਰੈਕਟਰ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਉਹ ਸਾਰੀਆਂ ਜ਼ਰੂਰੀ ਮੰਗਾਂ ’ਤੇ ਆਪਣੀ ਟੀਮ ਨਾਲ ਗੰਭੀਰਤਾਪੂਰਵਕ ਵਿਚਾਰ ਕਰ ਰਹੇ ਹਨ ਅਤੇ ਜਲਦ ਹੀ ਹਾਂ-ਪੱਖੀ ਊਸਾਰੁ ਨਤੀਜੇ ਸਾਹਮਣੇ ਆਉਣਗੇ। ਡਾਇਰੈਕਟਰ ਟਰਾਂਸਪੋਰਟ ਨੇ ਰੈਲੀ ਵਿੱਚ ਹਾਜ਼ਰ ਵਰਕਰਾਂ ਸੰਬੋਧਨ ਕਰਦਿਆਂ ਦੱਸਿਆ ਕਿ ਜਲਦੀ ਹੀ ਵਿਭਾਗ ਦੇ ਵਿੱਚ 40 ਸਧਾਰਨ ਬੱਸਾਂ ਦਾ ਟੈਂਡਰ ਹੋਣ ਜਾ ਰਿਹਾ ਹੈ ਜੋ ਕਿ ਜੁਲਾਈ ਦੇ ਅੰਤ ਤੱਕ ਸੀਟੀਯੂ ਵਿੱਚ ਪਹੁੰਚ ਜਾਣਗੀਆਂ। ਇਸ ਤੋਂ ਇਲਾਵਾ ਵਰਕਸ਼ਾਪ ਦੀ ਭਰਤੀ ਦੀ ਜੁਆਇਨਿੰਗ ਵੀ ਜਲਦੀ ਹੀ ਹੋਣ ਜਾ ਰਹੀ ਹੈ ਅਤੇ ਨਾਲ ਹੀ ਜੋ ਰਾਤਰੀ ਭੱਤਾ ਪਿਛਲੇ ਲੰਮੇ ਸਮੇਂ ਤੋਂ ਜੋ ਕਿ ਲਟਕ ਰਿਹਾ ਸੀ ਉਹ ਭੱਤਾ ਵੀ ਕਰਮਚਾਰੀਆਂ ਨੂੰ ਬਕਾਇਆਂ ਸਮੇਤ ਅਪਰੈਲ ਦੇ ਵਿੱਚ ਮਿਲਣ ਦੀ ਸੰਭਾਵਨਾ ਹੈ। ਨਵੇਂ ਰੇਟ ਦੇ ਨਾਲ ਵਰਦੀ ਭੱਤਾ ਵਰਕਰਾਂ ਨੂੰ ਮਿਲ ਚੁੱਕਿਆ ਹੈ। ਯੂਨੀਅਨ ਨੇ ਡਾਇਰੈਕਟਰ ਟਰਾਂਸਪੋਰਟ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਅੰਤ ਵਿੱਚ ਭੁਪਿੰਦਰ ਸਿੰਘ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਵਰਕਰਾਂ ਨੂੰ ਯੂਨੀਅਨ ਦਾ ਸਾਥ ਦੇਣ ਦੀ ਅਪੀਲ ਕੀਤੀ। ਹਾਜ਼ਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਸੀਟੀਯੂ ਵਰਕਰਜ਼ ਯੂਨੀਅਨ ਸਾਂਝਾ ਮੋਰਚਾ ਦੀ ਸਾਰੀ ਟੀਮ ਦਾ ਸਾਥ ਦੇਣ ਦਾ ਐਲਾਨ ਕੀਤਾ।
ਮੀਟਿੰਗ ਵਿੱਚ ਓਮ ਪ੍ਰਕਾਸ਼, ਸੁਰਿੰਦਰ ਸਿੰਘ, ਬਲਰਾਜ ਸਿੰਘ, ਅਮਰਦੀਪ ਸਿੰਘ, ਸੰਜੀਵ ਕੁਮਾਰ, ਬਲਦੇਵ ਸਿੰਘ, ਪ੍ਰੀਤਮ ਸਿੰਘ, ਸੋਹਣ ਸਿੰਘ, ਹਾਕਮ ਸਿੰਘ, ਦਿਨੇਸ਼ ਕੁਮਾਰ, ਅਤਰ ਸਿੰਘ, ਮਨਜੀਤ ਸਿੰਘ, ਹਰਭਜਨ ਸਿੰਘ, ਅਮਿਤ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।