ਮੇਜ਼ਬਾਨ ਕੁਰਾਲੀ ਨੇ ਜਿੱਤਿਆ ਆਲ ਓਪਨ ਫੁਟਬਾਲ ਕੱਪ
ਮਿਹਰ ਸਿੰਘ
ਕੁਰਾਲੀ, 1 ਅਪਰੈਲ
ਕੁਰਾਲੀ ਫੁਟਬਾਲ ਕਲੱਬ ਵੱਲੋਂ ਸਥਾਨਕ ਸਿੰਘਪੁਰਾ ਰੋਡ ’ਤੇ ਸਥਿਤ ਖੇਡ ਸਟੇਡੀਅਮ ਵਿੱਚ ਕਰਵਾਇਆ ਤਿੰਨ ਰੋਜ਼ਾ ਆਲ ਓਪਨ ਫੁਟਬਾਲ ਟੂਰਨਾਮੈਂਟ ਸਮਾਪਤ ਹੋ ਗਿਆ। ਮੇਜ਼ਬਾਨ ਟੀਮ ਨੇ ਕੱਪ ਆਪਣੇ ਨਾਂ ਕੀਤਾ। ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਅਤੇ ਸਮੂਹ ਫੁਟਬਾਲ ਕਲੱਬ ਮੈਂਬਰਾਂ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਆਲ ਓਪਨ ਫੁਟਬਾਲ ਟੂਰਨਾਮੈਂਟ ਦੇ ਆਖਰੀ ਦਿਨ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਦਮਦਮਾ ਸਾਹਿਬ ਦੀ ਟੀਮ ਨੇ ਤ੍ਰਿਪੜੀ ਦੀ ਟੀਮ ਨੂੰ ਹਰਾਇਆ ਜਦਕਿ ਦੂਜੇ ਸੈਮੀਫਾਈਨਲ ਮੈਚ ਵਿੱਚ ਮੇਜ਼ਬਾਨ ਕੁਰਾਲੀ ਫੁਟਬਾਲ ਕਲੱਬ ਦੀ ਟੀਮ ਨੇ ਚੰਡੀਗੜ੍ਹ ਦੀ ਟੀਮ ਨੂੰ ਹਰਾਇਆ। ਕੁਰਾਲੀ ਫੁਟਬਾਲ ਕਲੱਬ ਅਤੇ ਦਮਦਮਾ ਸਾਹਿਬ ਫੁਟਬਾਲ ਕਲੱਬ ਦੀਆਂ ਟੀਮਾਂ ਵਿਚਕਾਰ ਹੋਏ ਫਾਈਨਲ ਮੈਚ ਦਾ ਉਦਘਾਟਨ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੀਤਾ।
ਇਨਾਮ ਵੰਡ ਸਮਾਰੋਹ ਵਿੱਚ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਕ੍ਰਮਵਾਰ 71 ਹਜ਼ਾਰ ਤੇ 51 ਹਜ਼ਾਰ ਦੇ ਨਗਦ ਇਨਾਮ ਤੋਂ ਇਲਾਵਾ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।
ਅੰਬਾਲਾ ਨੇ ਫੁਟਬਾਲ ਚੈਂਪੀਅਨਸ਼ਿਪ ਜਿੱਤੀ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਦੀ ਟੀਮ ਨੇ ਸਿਰਸਾ ਵਿੱਚ ਹੋਈ ਦੂਜੀ ਸ਼ਾਹ ਸਤਨਾਮ ਜੀ ਦੂਜੀ ਓਪਨ ਫੁਟਬਾਲ ਚੈਂਪੀਅਨਸ਼ਿਪ ਟਰਾਫੀ ’ਤੇ ਕਬਜ਼ਾ ਕਰ ਲਿਆ। ਇਹ ਚੈਂਪੀਅਨਸ਼ਿਪ ਸਿਰਸਾ ਦੀ ਸ਼ਾਹ ਸਤਨਾਮ ਜੀ ਫੁਟਬਾਲ ਅਕੈਡਮੀ ਵਿਖੇ ਕਰਵਾਈ ਗਈ। ਫੁਟਬਾਲ ਟੀਮ ਦੇ ਕੋਚ ਵਿਸ਼ਵਜੀਤ ਨੇ ਦੱਸਿਆ ਕਿ ਸਿਰਸਾ ਵਿਚ ਸੁਪਰ ਸਟੂਡੈਂਟ ਫੁਟਬਾਲ ਖਿਡਾਰੀਆਂ ਵਿਚਕਾਰ ਮੈਚ ਖੇਡੇ ਗਏ ਜਿਨ੍ਹਾਂ ਵਿਚ ਉਨ੍ਹਾਂ ਦੀ ਟੀਮ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਸਿਰਸਾ ਅਤੇ ਅੰਬਾਲਾ ਦਰਮਿਆਨ ਫਾਈਨਲ ਮੈਚ ਵਿੱਚ ਕੋਈ ਟੀਮ ਗੋਲ ਨਹੀਂ ਕਰ ਸਕੀ। ਅੰਬਾਲਾ ਨੇ ਪੈਨਲਟੀ ਸ਼ੂਟ-ਆਊਟ ਵਿੱਚ 5-4 ਦੇ ਸਕੋਰ ਨਾਲ ਟਰਾਫੀ ਜਿੱਤ ਲਈ।