ਮੰਤਰੀ ਦੇ ਬਿਆਨ ਤੋਂ ਨਾਰਾਜ਼ ਆਂਗਨਵਾੜੀ ਵਰਕਰਾਂ
ਜਗਮੋੋਹਨ ਸਿੰਘ
ਰੂਪਨਗਰ, 3 ਅਪਰੈਲ
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸੂਬੇ ਦੇ ਵੱਖ ਵੱਖ ਬਲਾਕਾਂ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਕੜੀ ਅਧੀਨ ਹੀ ਰੂਪਨਗਰ ਵਿਖੇ ਜਥੇਬੰਦੀ ਦੀ ਸੂਬਾ ਜੁਆਇੰਟ ਸਕੱਤਰ ਗੁਰਦੀਪ ਕੌਰ ਲਖਨੌਰ ਦੀ ਅਗਵਾਈ ਅਧੀਨ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਿਦਆਂ ਸੀਟੂ ਦੇ ਸੂਬਾ ਸਕੱਤਰ ਗੁਰਦੇਵ ਸਿੰਘ ਬਾਗੀ, ਕਾਮਰੇਡ ਪਵਨ ਕੁਮਾਰ ਚੱਕ ਕਰਮਾ, ਬਲਾਕ ਸ੍ਰੀ ਆਨੰਦਪੁਰ ਸਾਹਿਬ ਦੀ ਪਰਮਿੰਦਰ ਕੌਰ, ਸਵਿਤਾ ਗੌਤਮ, ਰੇਖਾ ਰਾਣੀ, ਕ੍ਰਿਸ਼ਨਾ ਰਾਣੀ, ਬਲਾਕ ਚਮਕੌਰ ਸਾਹਿਬ ਦੀ ਆਗੂ ਸਰਬਜੀਤ ਕੌਰ, ਹਰਿੰਦਰ ਕੌਰ ਤੇ ਪਰਮਜੀਤ ਕੌਰ ਆਦਿ ਨੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੰਤਰੀ ਨੇ ਸਦਨ ਵਿੱਚ ਆਂਗਨਵਾੜੀ ਵਰਕਰਾਂ ਵੱਲੋਂ ਕੀਤੇ ਕੰਮ ਸਬੰਧੀ ਇਹ ਕਹਿੰਦਿਆਂ ਹੋਇਆਂ ਗਲਤ ਅੰਕੜੇ ਪੇਸ਼ ਕੀਤੇ ਹਨ ਕਿ ਆਂਗਨਵਾੜੀ ਵਰਕਰਾਂ ਤਾਂ ਦਿਨ ਭਰ ਵਿੱਚ ਸਿਰਫ ਚਾਰ ਕੁ ਘੰਟੇ ਹੀ ਕੰਮ ਕਰਦੀਆਂ ਹਨ। ਆਂਗਨਵਾੜੀ ਵਰਕਰਾਂ ਦਾ ਕੰਮ ਸਾਰੀ ਦਿਹਾੜੀ ਤਾਂ ਕੀ ਕਈ ਵਾਰੀ ਰਾਤ ਨੂੰ ਵੀ ਖਤਮ ਨਹੀਂ ਹੁੰਦਾ। ਹੁਣ ਸੂਬੇ ਭਰ ਦੀਆਂ ਆਂਗਨਵਾੜੀ ਵਰਕਰਾਂ ਮੰਤਰੀ ਦੇ ਬਿਆਨ ਅਨੁਸਾਰ ਸਿਰਫ ਚਾਰ ਘੰਟੇ ਹੀ ਕੰਮ ਕਰਨਗੀਆਂ।