Dallewal ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਚਰਨਜੀਤ ਭੁੱਲਰ/ਡਾ. ਹਿਮਾਂਸੂ ਸੂਦ
ਚੰਡੀਗੜ੍ਹ/ਫ਼ਤਹਿਗੜ੍ਹ ਸਾਹਿਬ, 6 ਅਪਰੈਲ
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਹ ਐਲਾਨ ਕੀਤਾ। ਉਨ੍ਹਾਂ ਨੇ 131 ਦਿਨਾਂ ਪਿੱਛੋਂ ਮਰਨ ਵਰਤ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਲਈ ਲੜਾਈ ਜਾਰੀ ਰਹੇਗੀ। ਡੱਲੇਵਾਲ ਨੇ 26 ਨਵੰਬਰ 2024 ਨੂੰ ਮਰਨ ਵਰਤ ਸ਼ੁਰੂ ਕੀਤਾ ਸੀ ਅਤੇ 18 ਜਨਵਰੀ ਤੋਂ ਮੈਡੀਕਲ ਸਹੂਲਤ ਲੈਣੀ ਸ਼ੁਰੂ ਕੀਤੀ ਸੀ। ਡੱਲੇਵਾਲ ਕੁਝ ਦਿਨ ਪਹਿਲਾਂ ਹੀ ਹਸਪਤਾਲ ’ਚੋਂ ਡਿਸਚਾਰਜ ਹੋਏ ਸਨ।
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ)-ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ 131 ਦਿਨਾਂ ਬਾਅਦ ਅੱਜ ਫਤਿਹਗੜ੍ਹ ਸਾਹਿਬ ’ਚ ਮਹਾਪੰਚਾਇਤ ਵਿਚ ਆਪਣਾ ਮਰਨ ਵਰਤ ਖਤਮ ਕਰ ਦਿਤਾ। ਅਨਾਜ ਮੰਡੀ ਸਰਹਿੰਦ ਵਿਚ ਕਿਸਾਨ ਮਹਾਪੰਚਾਇਤ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਕਿਸਾਨ ਨੇਤਾਵਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਡੱਲੇਵਾਲ ਨੇ ਕਿਹਾ ਕਿ ਉਸ ਨੂੰ ਕਿਸਾਨ ਨੇਤਾਵਾਂ ਵਲੋਂ ਵਾਰ-ਵਾਰ ਭੁੱਖ-ਹੜਤਾਲ ਖਤਮ ਕਰਨ ਲਈ ਕਿਹਾ ਜਾ ਰਿਹਾ ਸੀ ਜਿਸ ਨੂੰ ਮੁੱਖ ਰੱਖ ਕੇ ਉਸ ਨੇ ਇਹ ਫ਼ੈਸਲਾ ਕੀਤਾ ਹੈ। ਇਸ ਮਗਰੋਂ ਸ੍ਰੀ ਡੱਲੇਵਾਲ ਹੋਰ ਕਿਸਾਨ ਨੇਤਾਵਾਂ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਏ ਜਿਥੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਉਨ੍ਹਾਂ ਤੋਂ ਜਲ ਪਿਲਾ ਕੇ ਮਰਨ ਵਰਤ ਤੁੜਵਾਇਆ
ਸ੍ਰੀ ਡੱਲੇਵਾਲ ਨੇ ਪੰਜਾਬ ਅਤੇ ਕੇਦਰ ਸਰਕਾਰ ਦੀ ਅਲੋਚਨਾ ਕਰਦਿਆ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਆਪਣੇ ਦਿਲੀ ਦੇ ਨੇਤਾਵਾਂ ਨੂੰ ਬਚਾਉਣ ਲਈ ਕੇਦਰ ਸਰਕਾਰ ਨਾਲ ਮਿਲ ਕੇ ਸਾਜਿਸ ਅਧੀਨ ਉਨ੍ਹਾਂ ਨੂੰ ਮੀਟਿੰਗ ਲਈ ਬੁਲਾ ਕੇ ਗ੍ਰਿਫ਼ਤਾਰ ਕੀਤਾ ਜਿਸ ਦਾ ਆਉਂਣ ਵਾਲੇ ਸਮੇਂ ਵਿਚ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਸਾਨਾਂ ਤੋਂ ਹੱਥ ਖੜ੍ਹੇ ਕਰਵਾ ਕੇ ਪ੍ਰਵਾਨਗੀ ਲਈ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਜ਼ਬੂਤੀ ਨਾਲ ਸੰਘਰਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 26 ਨਵੰਬਰ 2024 ਨੂੰ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਹੋਰ ਕਿਸਾਨ ਮੰਗਾਂ ਨੂੰ ਲੈ ਕੇ ਸ੍ਰੀ ਡੱਲੇਵਾਲ ਨੇ ਆਪਣੀ ਭੁੱਖ-ਹੜਤਾਲ ਸ਼ੁਰੂ ਕੀਤੀ ਸੀ ਅਤੇ 19 ਮਾਰਚ ਨੂੰ ਸ੍ਰੀ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਹੋਰ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਖਨੌਰੀ ਅਤੇ ਸ਼ੰਭੂ ਸਰਹੱਦਾਂ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਪੁਲੀਸ ਨੇ ਸ੍ਰੀ ਡੱਲੇਵਾਲ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੋਂ ਉਸ ਨੂੰ 3 ਅਪਰੈਲ ਨੂੰ ਛੁੱਟੀ ਮਿਲੀ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨ ਹਿਤਾਂ ਲਈ ਕੀਤੇ ਸੰਘਰਸ਼ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਕੇਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਸ੍ਰੀ ਡੱਲੇਵਾਲ ਨੂੰ ਭੁੁੱਖ-ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ ਅਤੇ 4 ਮਈ ਨੂੰ ਚੰਡੀਗੜ੍ਹ ਵਿਚ ਕਿਸਾਨਾਂ ਨਾਲ ਮੀਟਿੰਗ ਦੀ ਗੱਲ ਕਰਨ ਦੀ ਗੱਲ ਆਖੀ ਸੀ। ਇਸ ਸਬੰਧੀ ਸ੍ਰੀ ਡੱਲੇਵਾਲ ਨੇ ਕਿਹਾ ਕਿ ਉਹ ਇਸ ਮੀਟਿੰਗ ਵਿਚ ਜਾਣਗੇ ਅਤੇ ਕਿਸਾਨ ਹਿਤਾਂ ਨੂੰ ਠੋਕ ਕੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਭੁੱਖ-ਹੜਤਾਲ ਖਤਮ ਕੀਤੀ ਹੈ ਪਰ ਅੰਦੋਲਨ ਕਿਸਾਨ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਇਸ ਮੌਕੇ ਵੱਖ-ਵੱਖ ਕਿਸਾਨ ਨੇਤਾਵਾਂ ਨੇ ਤਿੱਖੀ ਸੁਰ ਵਿਚ ਕੇਦਰ ਅਤੇ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਉਨ੍ਹਾਂ ਦੇ ਟਰੈਕਟਰ, ਟਰਾਲੀਆ ਅਤੇ ਹੋਰ ਸਮਾਨ ਦੇ ਹੋਏ ਨੁਕਸਾਨ ਦੀ ਇਨ੍ਹਾਂ ਤੋਂ ਭਰਪਾਈ ਕਰਵਾਈ ਜਾਵੇਗੀ।