ਅਣਗਹਿਲੀ: ਬੂਥਗੜ੍ਹ ਟੀ-ਪੁਆਇੰਟ ਦੀਆਂ ਟ੍ਰੈਫਿਕ ਲਾਈਟਾਂ ਤੇ ਕੈਮਰੇ ਬੰਦ
ਮਿਹਰ ਸਿੰਘ
ਕੁਰਾਲੀ, 3 ਅਪਰੈਲ
ਬੂਥਗੜ੍ਹ ਟੀ-ਪੁਆਇੰਟ ਦੀਆਂ ਖਰਾਬ ਪਈਆਂ ਟ੍ਰੈਫਿਕ ਲਾਈਟਾਂ, ਬੰਦ ਪਏ ਕੈਮਰੇ, ਰੌਸ਼ਨੀ ਦੇ ਪ੍ਰਬੰਧਾਂ ਅਤੇ ਸੜਕ ਵਿਚਕਾਰ ਬਣੇ ਸਪੀਡ-ਬ੍ਰੇਕਰ ’ਤੇ ਰਿਫਲੈਕਟਰਾਂ ਦੀ ਅਣਹੋਂਦ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਲੋਕਾਂ ਨੇ ਇਸ ਸਭ ਕੁਝ ਦੀ ਅਣਹੋਂਦ ਸਬੰਧੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ। ਕੁਰਾਲੀ-ਸਿਸਵਾਂ-ਬੱਦੀ ਸੜਕ ’ਤੇ ਹਾਦਸਿਆਂ ਦੀ ਰੋਕਥਾਮ ਲਈ ਹੀ ਬੂਥਗੜ੍ਹ ਟੀ-ਪੁਆਇੰਟ ’ਤੇ ਟ੍ਰੈਫਿਕ ਲਾਈਟਾਂ ਤੇ ਸਪੀਡ ਬ੍ਰੇਕਰ ਦਾ ਪ੍ਰਬੰਧ ਕੀਤਾ ਗਿਆ ਹੈ। ਸੜਕ ’ਤੇ 24 ਘੰਟੇ ਨਜ਼ਰ ਰੱਖਣ ਲਈ ਕੈਮਰੇ ਵੀ ਲਗਾਏ ਗਏ ਹਨ ਪਰ ਇਹ ਸਭ ਕੁਝ ਮਹਿਜ਼ ਖਾਨਾਪੂਰਤੀ ਸਾਬਤ ਹੋ ਰਹੇ ਹਨ ਕਿਉਂਕਿ ਟ੍ਰੈਫਿਕ ਲਾਈਟਾਂ ਤੇ ਕੈਮਰੇ ਲੰਮੇਂ ਸਮੇਂ ਤੋਂ ਬੰਦ ਪਏ ਹਨ ਜਿਸ ਕਾਰਨ ਹਾਦਸਿਆਂ ਦਾ ਖਦਸ਼ਾ ਬਣਿਆ ਹੋਇਆ ਹੈ। ਇਹੋ ਨਹੀਂ ਸਗੋਂ ਟੀ-ਪੁਆਇੰਟ ’ਤੇ ਬਣਾਏ ਸਪੀਡ-ਬ੍ਰੇਕਰ ਕਾਫੀ ਉੱਚੇ ਤੇ ਚੌੜੇ ਹਨ, ਇਨ੍ਹਾਂ ਉਤੇ ਕਿਸੇ ਵੀ ਤਰ੍ਹਾਂ ਦੇ ਰਿਫਲੈਕਟਰ ਨਹੀਂ ਲਾਏ ਗਏ ਹਨ ਤਾਂ ਜੋ ਇਹ ਸਪੀਡ ਬ੍ਰੇਰਕ ਰਾਤ ਸਮੇਂ ਨਜ਼ਰ ਆ ਸਕਣ। ਇਹੋ ਨਹੀਂ ਸਗੋਂ ਟੀ-ਪੁਆਇੰਟ ’ਤੇ ਰੋਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ ਜਿਸ ਕਾਰਨ ਰਾਤ ਸਮੇਂ ਇਹ ਚੌਕ ਨਜ਼ਰ ਨਹੀਂ ਆਉਂਦਾ। ਇਸ ਟੌਲ ਸੜਕ ਨੂੰ ਕੰਪਨੀ ਅਤੇ ਪ੍ਰਸ਼ਾਸਨ ਵਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਹਾਦਸੇ ਵਾਪਰਨੇ ਸੁਭਾਵਿਕ ਹੈ।
ਇਸੇ ਦੌਰਾਨ ਇਲਾਕਾ ਨਿਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਟੌਲ ਸੜਕ ਦੇ ਬੂਥਗੜ੍ਹ ਟੀ-ਪੁਆਇੰਟ ਦੀਆਂ ਟ੍ਰੈਫਿਕ ਲਾਈਟਾਂ, ਕੈਮਰੇ ਚਾਲੂ ਕੀਤੇ ਜਾਣ ਅਤੇ ਸਪੀਡ-ਬ੍ਰੇਕਰਾਂ ਨੂੰ ਢੁਕਵੇਂ ਰਿਫਲੈਕਟਰ ਲਗਾਏ ਜਾਣ।
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼ਰਨਪ੍ਰੀਤ ਸਿੰਘ ਨੇ ਕਿਹਾ ਕਿ ਬੂਥਗੜ ਟੀ-ਪੁਆਇੰਟ ਉੱਤੇ ਬਣਾਏ ਸਪੀਡ ਬ੍ਰੇਕਰਾਂ ’ਤੇ ਰਿਫਲੈਕਟਰ ਲਗਾਏ ਗਏ ਸਨ ਜਿਸ ਸਬੰਧੀ ਮੌਜੂਦਾ ਸਥਿਤੀ ਦੇਖੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਲਾਈਟਾਂ ਠੀਕ ਕਰਵਾਈਆਂ ਜਾਣਗੀਆਂ ਜਦਕਿ ਕੈਮਰਿਆਂ ਸਬੰਧੀ ਉਹ ਅਣਜਾਣ ਹਨ।
ਕੁਝ ਦਿਨ ਪਹਿਲਾਂ ਹਾਦਸੇ ਕਾਰਨ ਗਈਆਂ ਸਨ ਤਿੰਨ ਜਾਨਾਂ
ਬੂਥਗੜ੍ਹ ਟੀ-ਪੁਆਇੰਟ ’ਤੇ ਐਤਵਾਰ ਅਤੇ ਸੋਮਵਾਰ ਦੀ ਵਿਚਕਾਰਲੀ ਰਾਤ ਨੂੰ ਹੋਏ ਸੜਕ ਹਾਦਸੇ ਨੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਰਿਸਰਚ ਸਕਾਲਰਾਂ ਦੀ ਜਾਨ ਲਈ ਸੀ ਅਤੇ ਇੱਕ ਗੰਭੀਰ ਜ਼ਖ਼ਮੀ ਹੋਇਆ ਸੀ। ਇਸ ਟੀ-ਪੁਆਇੰਟ ’ਤੇ ਹਾਦਸੇ ਰੋਕਣ ਲਈ ਕੀਤੇ ਪ੍ਰਬੰਧ ਕਾਫ਼ੀ ਸਮੇਂ ਤੋਂ ਅਣਦੇਖੇ ਕੀਤੇ ਹੋਏ ਹਨ।
ਮਾਜਰੀ ਚੌਂਕ ’ਤੇ ਵੀ ਹੋਵੇ ਗੌਰ
ਕੁਰਾਲੀ-ਸਿਸਵਾਂ ਸੜਕ ਉਤੇ ਬਲਾਕ ਮਾਜਰੀ ਵਿਖੇ ਬਣਦੇ ਚੌਰਾਹੇ ’ਤੇ ਵੀ ਬੂਥਗੜ੍ਹ ਟੀ-ਪੁਆਇੰਟ ਵਾਂਗ ਹੀ ਸੁਵਿਧਾਵਾਂ ਦੀ ਘਾਟ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ’ਤੇ ਆਵਾਜਾਈ ਨੂੰ ਦੇਖਦਿਆਂ ਇਸ ਚੌਕ ਵੱਲ ਵੀ ਧਿਆਨ ਦਿੱਤਾ ਜਾਵੇ।