ਸਾਬਕਾ ਵਿੱਤ ਮੰਤਰੀ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਪੱਤਰ ਪ੍ਰੇਰਕ
ਟੋਹਾਣਾ, 17 ਮਾਰਚ
ਸਾਬਕਾ ਮੰਤਰੀ ਸੰਪਤ ਸਿੰਘ ਨੇ ਸੂਬਾ ਸਰਕਾਰ ’ਤੇ ਚਾਲੂ ਮਾਲੀ ਸਾਲ ਦੀਆਂ ਸਕੀਮਾਂ ਲਈ ਜਾਰੀ ਰਾਸ਼ੀ 15 ਮਾਰਚ ਤੱਕ ਅਨੇਕਾਂ ਸਕੀਮਾਂ ’ਤੇ ਇਕ ਪੈਸਾ ਵੀ ਖਰਚ ਨਾ ਕਰਨ ਦਾ ਦੋਸ਼ ਲਾਇਆ ਹੈ। ਚੌਧਰੀ ਸੰਪਤ ਸਿੰਘ ਨੇ ਨੇ ਦੱਸਿਆ ਕਿ ਮਾਲੀ ਸਾਲ 2024-25 ਲਈ 6500 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਖੇਤੀ ਅੱਤੇ ਕਿਸਾਨ ਕਲਿਆਣ ਲਈ ਸਬਸਿਡੀ ਵਾਲੇ ਔਜ਼ਾਰ ਤੇ ਖੇਤੀ ਸਕੀਮਾਂ ਲਈ 347.15 ਕਰੋੜ ਜਾਰੀ ਕੀਤੇ ਗਏ ਪਰ ਖ਼ਰਚ ਜ਼ੀਰੋ ਰੁਪਏ ਹੋਏ। ਦਿਹਾਤੀ ਵਿਕਾਸ ਲਈ 847 ਕਰੋੜ ਦੀ ਜਾਰੀ ਰਾਸ਼ੀ ਵਿੱਚੋਂ ਖ਼ਰਚ ਜ਼ੀਰੋਂ ਹੋਇਆ। ਕੈਂਸਰ ਦੀ ਰੋਕਥਾਮ ਲਈ ਤੇ ਅਯੂਸ਼ਮਾਨ ਲਈ 75 ਕਰੋੜ ਜਾਰੀ ਕੀਤੇ ਗਏ ਸਨ ਪਰ ਖਰਚ ਜ਼ੀਰੋ ਦੱਸਿਆ ਜਾ ਰਿਹਾ ਹੈ। ਫਰੀਦਾਬਾਦ ਸਮਾਰਟ ਸਿਟੀ ਦੀ ਸਕੀਮ ਲਈ ਜਾਰੀ 100 ਕਰੋੜ ਰੁਪਏ ਪਰ ਖਰਚ ਜ਼ੀਰੋ ਹੋਇਆ। ਭਾਰਤ ਮਿਸ਼ਨ ਤੇ ਰਾਸ਼ਟਰੀ ਸ਼ਹਿਰੀ ਆਜੀਵਿਕਾ ਲਈ 635 ਕਰੋੜ ਜਾਰੀ ਹੋਏ ਪਰ ਖਰਚ ਜ਼ੀਰੋ ਹੋਇਆ। ਕੌਮੀ ਉੱਚ ਸਿੱਖਿਆ ਮਿਸ਼ਨ ਲਈ 60 ਕਰੋੜ, ਨਿਫ਼ਟ ਪੰਚਕੂਲਾ ਲਈ 70 ਕਰੋੜ, ਸਾਰਵਜਨਿਕ ਲਾਇਬ੍ਰੇਰੀਆਂ ਲਈ 30 ਕਰੋੜ ਜਾਰੀ ਪਰ ਖਰਚ ਜ਼ੀਰੋ ਰੁਪਏ ਦੱਸਿਆ ਗਿਆ ਹੈ। ਕੌਮੀ ਵਿਗਿਆਨ ਨਗਰ ਸੋਨੀਪਤ ਲਈ ਜਾਰੀ 70 ਕਰੋੜ ਪਰ ਖ਼ਰਚ ਜ਼ੀਰੋ ਹੋਇਆ, ਦੀਨ ਦਿਆਲ ਸੇਵਾ ਬਸਤੀ ਕਲਿਆਣ ਸਕੀਮ ਲਈ 30 ਕਰੋੜ ਆਏ ਪਰ ਖਰਚ ਜ਼ੀਰੋ ਹੋਇਆ। ਪ੍ਰਧਾਨ ਮੰਤਰੀ ਆਵਾਸ ਸਕੀਮ ਸਭ ਨੂੰ ਮਕਾਨ ਲਈ 361.83 ਕਰੋੜ ਆਏ ਪਰ ਇਸ ਫੰਡ ਵਿੱਚੋਂ ਦੋ ਕਰੋੜ ਖਰਚ ਹੋਏ।
ਸੂਬੇ ਵਿੱਚ ਫਾਸਟ ਟਰੈਕ ਅਦਾਲਤਾਂ ਲਈ 74 ਕਰੋੜ ਆਏ ਪਰ ਖ਼ਰਚ ਜ਼ੀਰੋ ਹੋਇਆ। ਜੰਗਲਾਤ ਦੇ ਪੌਦੇ ਲਾਉਣ ਲਈ 275 ਕਰੋੜ ਤੇ ਈਕੋ ਕਲੱਬ ਲਈ 105 ਕਰੋੜ ਜਾਰੀ ਕੀਤੇ ਪਰ ਖ਼ਰਚ ਜ਼ੀਰੋ ਕੀਤਾ ਗਿਆ। ਇਨੈਲੋ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਸੰਪਤ ਸਿੰਘ ਵੱਲੋ ਅੰਕੜੇ ਜਾਰੀ ਕਰਕੇ ਸੂਬਾ ਸਰਕਾਰ ਤੋਂ ਇਨ੍ਹਾਂ ਸਬੰਧੀ ਅਸਲ ਜਾਣਕਾਰੀ ਦੀ ਮੰਗ ਕੀਤੀ ਹੈ।