ਪੁਲੀਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼, ਤਿੰਨ ਨੌਜਵਾਨ ਕਾਬੂ
ਪੱਤਰ ਪ੍ਰੇਰਕ
ਰਤੀਆ, 17 ਮਾਰਚ
ਸ਼ਹਿਰ ਥਾਣਾ ਪੁਲੀਸ ਨੇ ਜ਼ਿਲ੍ਹਾ ਫਤਿਆਬਾਦ ਦੇ ਪੁਲੀਸ ਕਪਤਾਨ ਜਗਦੀਸ਼ ਚੰਦਰ ਦੀ ਅਗਵਾਈ ਹੇਠ ਸ਼ਹਿਰ ਦੀ ਐਂਪਲਾਈਜ ਕਲੋਨੀ ਦੇ ਘਰ ਛਾਪਾ ਮਾਰ ਕੇ ਦੇਹ ਵਪਾਰ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਛਾਪੇ ਦੌਰਾਨ ਕਈ ਔਰਤਾਂ ਅਤੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਮਕਾਨ ਮਾਲਕ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਗ੍ਰਿਫ਼ਤਾਰ ਕੀਤੇ 3 ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ ਕਿ ਸਤਪਾਲ ਨਾਮ ਦਾ ਵਿਅਕਤੀ ਆਪਣੇ ਕਿਰਾਏ ਦੇ ਮਕਾਨ ਵਿਚ ਬਾਹਰੋਂ ਲੜਕੀਆਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ। ਮਗਰੋਂ ਉਪ ਪੁਲੀਸ ਕਪਤਾਨ ਜਗਦੀਸ਼ ਚੰਦਰ ਨੇ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਸਰਚ ਵਰੰਟ ਲਈ ਅਪੀਲ ਕੀਤੀ ਅਤੇ ਸ਼ਹਿਰ ਥਾਣਾ ਪੁਲੀਸ ਅਤੇ ਮਹਿਲਾ ਪੁਲੀਸ ਟੀਮ ਦੇ ਨਾਲ ਦੇਰ ਰਾਤ ਮਕਾਨ ’ਤੇ ਛਾਪਾ ਮਾਰਿਆ। ਇਸ ਦੌਰਾਨ ਕਮਰੇ ਦੇ ਗੇਟ ਤੇ ਬਣੇ ਕਾਊਂਟਰ ’ਤੇ ਬੈਠਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਉਪਰਲੀ ਮੰਜ਼ਿਲ ’ਤੇ ਬਣੇ ਕਮਰਿਆਂ ਦੀ ਤਲਾਸ਼ੀ ਲਈ ਤਾਂ 3 ਕਮਰਿਆਂ ਵਿੱਚ 3 ਨੌਜਵਾਨ ਪੰਜਾਬ ਇਲਾਕੇ ਦੀਆਂ ਔਰਤਾਂ ਨਾਲ ਕਾਬੂ ਕੀਤੇ ਗਏ। ਪੁਲੀਸ ਨੇ ਦੇਹ ਵਪਾਰ ਕਰਵਾਉਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਛਾਪੇ ਦੌਰਾਨ 3 ਵਿਅਕਤੀਆਂ ਜਗਸੀਰ, ਰਣਜੀਤ ਅਤੇ ਬਲਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ।