ਪ੍ਰਾਚੀਨ ਸਿੱਕੇ ਤੇ ਨੋਟਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ
ਦਵਿੰਦਰ ਸਿੰਘ
ਯਮੁਨਾ ਨਗਰ, 17 ਮਾਰਚ
ਨੋਟਸ ਐਂਡ ਕੋਇਨਜ਼ ਗਰੁੱਪ ਉਤਰਾਖੰਡ ਦੇਹਰਾਦੂਨ ਨੇ ਸਥਾਨਕ ਮਾਇਆ ਪੈਲੇਸ ਵਿੱਚ ਪੁਰਾਣੇ ਅਤੇ ਦੁਰਲੱਭ ਸਿੱਕਿਆਂ ਅਤੇ ਨੋਟਾਂ ਦੀ ਪ੍ਰਦਰਸ਼ਨੀ ਲਗਾਈ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਇਸ ਪ੍ਰਦਰਸ਼ਨੀ ਵਿੱਚ ਮੁਗਲਕਾਲੀਨ, ਬ੍ਰਿਟਿਸ਼ ਅਤੇ ਭਾਰਤ ਗਣਰਾਜ ਦੇ ਸਿੱਕੇ ਅਤੇ ਨੋਟ ਪ੍ਰਦਰਸ਼ਿਤ ਕੀਤੇ ਗਏ ਸਨ। ਪ੍ਰਦਰਸ਼ਨੀ ਦੇ ਪ੍ਰਬੰਧਕ ਦੇਹਰਾਦੂਨ ਵਾਸੀ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਦਰਬਾਰ, ਲਾਹੌਰ 1875, ਮੈਸੂਰ 1838, ਪਾਕਿਸਤਾਨ, ਬਹਾਵਲਪੁਰ, ਨੇਪਾਲ, ਪਾਕਿਸਤਾਨ, ਗਵਾਲੀਅਰ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਛਪੇ ਨੋਟ ਅਤੇ ਸਿੱਕੇ, ਹੋਰ ਮੁਦਰਾਵਾਂ, ਜਾਰਜ ਛਟਮ ਦੇ ਕਾਰਜਕਾਲ ਦੌਰਾਨ ਭਾਰਤ ਦਾ 100 ਰੁਪਏ ਦਾ ਨੋਟ, ਭਗਵਾਨ ਬੁੱਧ, ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਸਿੱਕਿਆਂ ਤੋਂ ਇਲਾਵਾ, ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵਾਲੇ ਸਿੱਕੇ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਚੀਨ ਸਿੱਕਿਆਂ ਦੀ ਮਦਦ ਨਾਲ ਇਸ ਮਹਾਨ ਦੇਸ਼ ਭਾਰਤ ਦੀ ਵਿਰਾਸਤ ਅਤੇ ਉਸ ਸਮੇਂ ਦੇ ਸ਼ਾਸਕਾਂ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਸਮੇਂ ਦੌਰਾਨ ਦੇਸ਼ ਦੀ ਆਰਥਿਕ ਸਥਿਤੀ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਲਗਾਊਣ ਦਾ ਉਦੇਸ਼ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਡੇ ਦੇਸ਼ ਦੀ ਮਹਾਨ ਵਿਰਾਸਤ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਆਯੋਜਿਤ ਕੀਤੇ ਜਾਣਗੇ ।