ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਸਾਮਰਾਜ ਵਿਰੁੱਧ ਡਟਣ ਦਾ ਹੋਕਾ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 31 ਮਾਰਚ
ਇੱਥੋਂ ਨੇੜਲੇ ਪਿੰਡ ਮਿਆਣੀ ਵਿੱਚ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲੋਕ ਇਨਕਲਾਬ ਮੰਚ ਪੰਜਾਬ, ਸਰ ਮਾਰਸ਼ਲ ਗਰੁੱਪ ਆਫ ਸਕੂਲਜ਼, ਫਤਿਹ ਸੇਵਾ ਸੁਸਾਇਟੀ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਹਿਯੋਗ ਨਾਲ ਸੁਖਦੇਵ ਰਾਜ ਮਿਆਣੀ ਅਤੇ ਦਵਿੰਦਰ ਸਿੰਘ ਰੌਕੀ ਦੀ ਅਗਵਾਈ ਹੇਠ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ਇਸ ਦੌਰਾਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਲੁਧਿਆਣਾ) ਦੀ ਟੀਮ ਵੱਲੋਂ ਪੇਸ਼ ਕੀਤੀ ਗਈ ਕੋਰੀਓਗਰਾਫੀ ਤੇ ਖੇਡੇ ਗਏ ਨਾਟਕ ‘ਛਿਪਣ ਤੋਂ ਪਹਿਲਾਂ’ ਅਤੇ ‘ਪਰਿੰਦੇ ਭਟਕ ਗਏ’ ਰਾਹੀਂ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਅਤੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦਾ ਸੰਚਾਲਨ ਰਾਜਿੰਦਰ ਸਿੰਘ ਮਾਰਸ਼ਲ ਨੇ ਕੀਤਾ।
ਲੋਕ ਇਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ, ਸਰ ਮਾਰਸ਼ਲ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ, ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਅਧਿਆਪਕ ਆਗੂ ਰਮੇਸ਼ ਹੁਸ਼ਿਆਰਪੁਰੀ, ਮੁਲਾਜ਼ਮ ਆਗੂ ਸੁਖਦੇਵ ਜਾਜਾ, ਕਾਮਰੇਡ ਧਰਮਿੰਦਰ ਹਾਜੀਪੁਰ ਤੇ ਮਨਜੀਤ ਸਿੰਘ ਖੁਣਖੁਣ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਮਰਾਜ ਵਿਰੁੱਧ ਡਟਣ ਦਾ ਹੋਕਾ ਦਿੱਤਾ। ਸਮਾਗਮ ਦੌਰਾਨ ਨਾਟਕ ਟੀਮ, ਹੋਣਹਾਰ ਬੱਚਿਆਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਗੁਰਪਾਲ ਸਿੰਘ ਜੌੜਾ ਡੀਪੀਆਈ (ਸੇਵਾਮੁਕਤ), ਰਮਨ ਕੁਮਾਰ ਜੋਧ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਕੁਲਵੰਤ ਸਿੰਘ ਮਾਰਸ਼ਲ, ਕੁਲਵੰਤ ਸਿੰਘ ਅਤੇ ਗੁਲਸ਼ਨ ਭਗਤ ਸਮੇਤ ਵੱਡੀ ਗਿਣਤੀ ’ਚ ਔਰਤਾਂ ਦੇ ਬੱਚੇ ਮੌਜੂਦ ਸਨ।