ਸਰੀਰਕ ਸਿੱਖਿਆ ਵਿਭਾਗ ਵੱਲੋਂ ਦੋੋ ਰੋਜ਼ਾ ਸੈਮੀਨਾਰ ਸ਼ੁਰੂ
ਪਟਿਆਲਾ, 28 ਮਾਰਚ
ਪੰਜਾਬੀ ਯੂੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਦੋ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਅੱਜ ਸ਼ੁਰੂ ਹੋ ਗਿਆ ਹੈ। ਦਿਵਿਆਂਗ ਜੀਆਂ ਦੀ ਦੁਨੀਆਂ ਨੂੰ ਯੋਗਾ ਦੀ ਮਦਦ ਨਾਲ ਬਿਹਤਰ ਬਣਾਉਣ ਨਾਲ ਜੁੜੇ ਵਿਸ਼ੇ ‘ਸ਼ੇਪਿੰਗ ਦ ਵਲਡ ਆਫ਼ ਦਿਵਿਆਂਗ ਥਰੂ ਯੋਗਾ’ ਬਾਰੇ ਕਰਵਾਏ ਜਾ ਰਹੇ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮੈਰਾਥਨ ਦੌੜਾਕ ਫੌਜਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਅਕਾਸ਼ਦੀਪ ਸਿੰਘ ਨੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕਦੇ ਵੀ ਸਾਨੂੰ ਆਪਣੇ ਮਾੜੇ ਸਮੇਂ ਹਾਰ ਨਹੀਂ ਮੰਨਣੀ ਚਾਹੀਦੀ ਬਲਕਿ ਚੰਗੀ ਤਿਆਰੀ ਨਾਲ ਸਰਵੋਤਮ ਨੂੰ ਭਾਲਦਿਆਂ ਮੁੜ ਬੁਲੰਦੀਆਂ ਹਾਸਲ ਕਰਨ ਦਾ ਹੌਸਲਾ ਰੱਖਣਾ ਚਾਹੀਦਾ ਹੈ। ਸੈਮੀਨਾਰ ਦਾ ਮੁੱਖ-ਸੁਰ ਭਾਸ਼ਣ ਅਕਸ਼ਿਤਾ ਸੇਖੋਂ ਵੱਲੋਂ ਦਿੱਤਾ ਗਿਆ। ਭਾਰਤੀ ਨਿਸ਼ਾਨੇਬਾਜ਼ੀ ਟੀਮ ਨਾਲ ਲੰਬੇ ਸਮੇਂ ਤੋਂ ਮਨੋਵਿਗਿਆਨਕ ਮਾਹਿਰ ਵਜੋਂ ਸੇਵਾਵਾਂ ਨਿਭਾਅ ਰਹੀ ਅਕਸ਼ਿਤਾ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਭਾਰਤੀ ਟੀਮ ਵਿੱਚ ਸ਼ਾਮਿਲ ਨਿਸ਼ਾਨੇਬਾਜ਼ਾਂ ਦੀ ਤਿਆਰੀ ਵਿੱਚ ਯੋਗਦਾਨ ਪਾਇਆ।
ਦ੍ਰੋਣਾਚਾਰੀਆ ਐਵਾਰਡ ਜੇਤੂ ਕੋਚ ਜੀਵਨਜੋਤ ਸਿੰਘ ਤੇਜਾ ਨੇ ਜ਼ਿੰਦਗੀ ਵਿੱਚ ਅਨੁਸ਼ਾਸਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਵਿਸ਼ੇਸ਼ ਮਹਿਮਾਨ ਓਲੰਪੀਅਨ ਤ੍ਰਿਲੋਕ ਸਿੰਘ ਸੰਧੂ ਨੇ ਯੋਗਾ ਅਤੇ ਖੇਡਾਂ ਦੇ ਆਪਸੀ ਸਬੰਧਾਂ, ਇਨ੍ਹਾਂ ਵਿਚਲੀਆਂ ਸਮਨਾਤਾਵਾਂ ਅਤੇ ਵੱਖਰਤਾਵਾਂ ਬਾਰੇ ਦੱਸਿਆ। ਉਨ੍ਹਾਂ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਨੁਕਤਿਆਂ ਉੱਤੇ ਵਿਚਾਰ-ਵਟਾਂਦਰਾ ਜ਼ਰੂਰ ਕਰਨ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ ਵੱਲੋਂ ਸੈਮੀਨਾਰ ਦੇ ਮਨੋਰਥ ਬਾਰੇ ਦੱਸਿਆ। ਪ੍ਰੋ. ਨਿਸ਼ਾਨ ਸਿੰਘ ਦਿਓਲ ਨੇ ਧੰਨਵਾਦੀ ਭਾਸ਼ਣ ਗਿਆ। ਖੇਡ ਲੇਖਕ ਐੱਮਐੱਲ ਕਮਲੇਸ਼ ਵੱਲੋਂ ਪਹਿਲੇ ਅਕਾਦਮਿਕ ਸੈਸ਼ਨ ਦੌਰਾਨ ਯੋਗਾ ਅਤੇ ਖੇਡਾਂ ਦੇ ਹਵਾਲੇ ਨਾਲ ਵਿਚਾਰ ਸਾਂਝੇ ਕੀਤੇ। ਉਦਘਾਟਨੀ ਸੈਸ਼ਨ ਦੌਰਾਨ ਕਬੱਡੀ ਕੋਚ ਮਦਨ ਲਾਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ।