ਭਰਤੀ ਮੁਹਿੰਮ: ਪਟਿਆਲਾ ਜ਼ਿਲ੍ਹੇ ਦੇ ਅਕਾਲੀ ਵਰਕਰਾਂ ਦੀ ਮੀਟਿੰਗ
ਪੱਤਰ ਪ੍ਰੇਰਕ
ਸਮਾਣਾ, 31 ਮਾਰਚ
ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਮੁਹਿੰਮ ਲਈ ਥਾਪੇ ਪੰਜ ਕਮੇਟੀ ਮੈਂਬਰਾਂ ਨੇ ਸਮੂਹ ਰੱਖੜਾ ਪਰਿਵਾਰ ਵੱਲੋਂ ਰੱਖੀ ਜ਼ਿਲ੍ਹਾ ਪਟਿਆਲਾ ਦੇ ਹਜ਼ਾਰਾਂ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾਂ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਨਾ ਕਰਕੇ ਆਪਣੇ ਨਿੱਜੀ ਹਿੱਤ ਪਾਲਦੇ ਹਨ, ਉਹ ਜ਼ਿੰਦਗੀ ਵਿਚ ਕਦੇ ਸਫ਼ਲ ਨਹੀਂ ਹੋ ਸਕਦੇ। ਬੀਬੀ ਸਤਵੰਤ ਕੌਰ, ਸੰਤਾ ਸਿੰਘ ਉਮੇਦਪੁਰੀ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਮੈਂਬਰ ਅਕਾਲ ਤਖ਼ਤ ਸਾਹਿਬ ਦੇ ਸਨਮਾਨ ’ਚ ਡਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਅਕਾਲ ਤਖਤ ਸਾਹਿਬ ਤੇ ਦੂਜੇ ਪਾਸੇ ਬਾਦਲ ਦੇ ਝੋਲੀ ਚੁੱਕ ਹਨ, ਹੁਣ ਤੱਕ ਜਿੰਨੀਆਂ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਈ ਲੜਾਈਆਂ ਲੜੀਆਂ ਤਾਂ ਉਨ੍ਹਾਂ ਵਿਚ ਭਗੌੜਿਆਂ ਦੀ ਹਾਰ ਤੇ ਸੱਚਾਈ ਦੀ ਜਿੱਤ ਹੋਈ। ਉਨ੍ਹਾਂ ਪਿਛਲੇ ਸਮੇਂ ਦੌਰਾਨ ਅਕਾਲੀ ਵਰਕਰਾਂ ਦਾ ਮਾਣ-ਸਨਮਾਨ ਨਾ ਹੋਣ ਤੇ ਸੱਤਾ ਦੇ ਨਸ਼ੇ ’ਚ ਪੰਥ ਨੂੰ ਵਿਸਾਰਨ ਦੇ ਮਾਮਲੇ ’ਚ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ 1920 ਵਿੱਚ ਅਕਾਲੀ ਦਲ ਹੋਂਦ ’ਚ ਆਇਆ ਸੀ, ਉਸ ਸਮੇਂ ਜਿਨ੍ਹਾਂ ਜਥੇਦਾਰਾਂ ਦੇ ਹੱਥਾਂ ਵਿੱਚ ਸੇਵਾ ਆਉਂਦੀ ਸੀ ਉਹ ਜਥੇਦਾਰ ਸਰਬੱਤ ਦੇ ਭੱਲੇ ਲਈ ਕਿਸੇ ਵੀ ਕੁਰਬਾਨੀ ਤੋਂ ਪਿਛੇ ਨਹੀਂ ਹਟਦੇ ਸਨ। ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪੰਜਾਬ ਨਾਜ਼ੁਕ ਮੋੜ ’ਤੇ ਖੜ੍ਹਾ ਹੈ, ਜਿਸ ਕਾਰਨ ਪੰਜਾਬ ਦੀ ਕਿਸਾਨੀ ਖੇਤਾਂ ’ਚ ਅਤੇ ਜਵਾਨੀ ਜੇਲ੍ਹਾਂ ’ਚ ਰੁਲ ਰਹੀ ਹੈ। ਪੰਜਾਬ ਦੀ ਅਗਵਾਈ ਕਰ ਰਹੀ ਸੱਤਾਧਾਰੀ ਸਰਕਾਰ ਪੰਜਾਬ ਨੂੰ ਸੰਭਾਲਣ ’ਚ ਹਰ ਪੱਖੋਂ ਫੇਲ੍ਹ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਹਮੇਸ਼ਾ ਸਤਿਕਾਰ ਰਹਿੰਦਾ ਸੀ, ਜਦੋਂ ਬਾਦਲ ਪਰਿਵਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਕੇ ਆਪਣੇ ਹੱਥ ’ਚ ਲੈ ਲਈਆਂ, ਉਦੋਂ ਤੋਂ ਸੰਗਤ ਗੁਰੂ ਮਰਿਯਾਦਾ ਤੋਂ ਦੂਰ ਹੁੰਦੀ ਗਈ, ਜਿਸ ਕਾਰਨ ਅਕਾਲ ਤਖਤ ਸਾਹਿਬ ਨੂੰ ਅਕਾਲੀ ਦਲ ਦੀ ਸੁਰਜੀਤੀ ਲਈ ਹੁਕਮ ਜਾਰੀ ਕਰਨਾ ਪਿਆ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ 1920 ’ਚ ਗੁਰੂ ਧਾਮਾਂ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੇ ਬਾਅਦ ਵਿਚ ਪੰਜਾਬ ਦੇ ਹੱਕਾਂ ਲਈ ਮੋਰਚੇ ਲਾਏ ਤੇ ਜੇਲ੍ਹਾ ਕੱਟੀਆਂ, ਪਰ ਪਿਛਲੇ ਸਮੇਂ ਦੌਰਾਨ ਬਾਦਲ ਪਰਿਵਾਰ ਨੇ ਸਿਧਾਂਤਾ ਨੂੰ ਛਿੱਕੇ ਟੰਗ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਮੁਲਜ਼ਮਾਂ ਨੂੰ ਮੁਆਫੀਆਂ ਦੇਣ ਵਿਚ ਅਕਾਲ ਤਖਤ ਸਾਹਿਬ ਦੇ ਕੰਮਾਂ ’ਚ ਦਖ਼ਲਅੰਦਾਜ਼ੀ ਕੀਤੀ। ਬੁਲਾਰਿਆਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਥ ਦੇ ਦਰਦ ਲਈ ਵੱਧ ਤੋਂ ਵੱਧ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਦੀ ਮੈਂਬਰਸ਼ਿਪ ਕਰਵਾਊਣ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਬਹਾਲ ਕੀਤਾ ਜਾ ਸਕੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮੀਟਿੰਗ ’ਚ ਪਹੁੰਚੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਭਰਤੀ ਮੁਹਿੰਮ ਚਲਾ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਭਰਤੀ ਕੀਤੀ ਜਾ ਰਹੀ ਹੈ। ਸਟੇਜ ਸਕੱਤਰ ਦੀ ਭੂਮਿਕਾ ਚਰਨਜੀਤ ਸਿੰਘ ਬਰਾੜ ਨੇ ਨਿਭਾਈ।